ਬਾਘਾ ਪੁਰਾਣਾ: ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੇ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਭਾਜਪਾ ਨੇ ਨਾ ਖੇਤਾਂ ਦੇ ਪੁੱਤ ਬਖ਼ਸ਼ੇ ਹਨ ਅਤੇ ਨਾ ਹੀ ਸਰਹੱਦਾਂ ਦੀ ਰਾਖੀ ਕਰ ਰਹੇ ਜਵਾਨਾਂ ਨੂੰ ਬਖ਼ਸ਼ਿਆ ਹੈ।
ਕਰਮਜੀਤ ਅਨਮੋਲ ਸੋਮਵਾਰ ਨੂੰ ਬਾਘਾ ਪੁਰਾਣਾ ਹਲਕਾ ਦੇ ਪਿੰਡਾਂ ‘ਚ ਵਿਧਾਇਕ ਅੰਮ੍ਰਿਤ ਪਾਲ ਸਿੰਘ ਸੁਖਾਨੰਦ ਨਾਲ ਚੋਣ ਪ੍ਰਚਾਰ ਕਰ ਰਹੇ ਸਨ। ਇਸ ਮੌਕੇ ਫ਼ਿਲਮ ਜਗਤ ਦੇ ਸਿਤਾਰੇ ਮਲਕੀਤ ਰੌਣੀ ਅਤੇ ਦੀਦਾਰ ਗਿੱਲ ਵੀ ਕਰਮਜੀਤ ਅਨਮੋਲ ਲਈ ਲੋਕਾਂ ਤੋਂ ਸਮਰਥਨ ਮੰਗ ਰਹੇ ਸਨ।
ਅਨਮੋਲ ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਲੋਕ ਵਿਰੋਧੀ ਸਰਕਾਰ ਕਰਾਰ ਦਿੰਦਿਆਂ ਕਿਹਾ ਕਿ ਇਸ ਸਰਕਾਰ ਨੇ ਤਾਂ ਜੈ ਜਵਾਨ ਜੈ ਕਿਸਾਨ ਵਾਲਾ ਨਾਅਰਾ ਵੀ ਰੋਲ ਕੇ ਰੱਖ ਦਿੱਤਾ ਹੈ। ਇਹ ਸਰਕਾਰ ਨਾ ਕਿਸਾਨਾਂ ਦੀ ਹੋਈ ਅਤੇ ਨਾ ਹੀ ਦੇਸ਼ ਦੇ ਜਵਾਨਾਂ ਦੀ ਹੋਈ। ਅੱਜ ਖੇਤਾਂ ਦੇ ਪੁੱਤ ਕਿਸਾਨ ਅਤੇ ਮਜ਼ਦੂਰ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ। ਉੱਥੇ ਭਾਰਤੀ ਫ਼ੌਜ ਵਿੱਚ ਅਗਨੀ ਵੀਰ ਯੋਜਨਾ ਲਾਗੂ ਕਰਕੇ ਸਰਹੱਦਾਂ ਦੇ ਰਾਖਿਆਂ ਨੂੰ ਚਾਰ ਸਾਲਾਂ ਬਾਅਦ ਲਾਵਾਰਸ ਛੱਡ ਦਿੱਤਾ ਹੈ। ਅਨਮੋਲ ਨੇ ਕਿਹਾ ਕਿ ਕਿਸਾਨਾਂ, ਮਜ਼ਦੂਰਾਂ ਅਤੇ ਵਪਾਰੀਆਂ ਸਮੇਤ ਸਾਰੇ ਵਰਗਾਂ ਦੀ ਖ਼ੁਸ਼ਹਾਲੀ ਲਈ ਉਹ ਇਲਾਕੇ ਵਿੱਚ ਖੇਤੀ ਅਧਾਰਿਤ ਫੂਡ ਪ੍ਰੋਸੈਸਿੰਗ ਇੰਡਸਟਰੀ ਪਿੰਡ-ਪਿੰਡ ਲੈ ਕੇ ਆਉਣਗੇ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਹਵਾਲਾ ਦਿੰਦੇ ਹੋਏ ਅਨਮੋਲ ਨੇ ਕਿਹਾ ਕਿ ਦੇਸ਼ ਵਿੱਚ ਇੰਡੀਆ ਗੱਠਜੋੜ ਦੀ ਸਰਕਾਰ ਬਣਨ ਤੇ ਅਗਨੀ ਵੀਰ ਯੋਜਨਾ ਬੰਦ ਕਰਕੇ ਫ਼ੌਜ ਵਿੱਚ ਪੱਕੀ ਭਰਤੀ ਸ਼ੁਰੂ ਕੀਤੀ ਜਾਵੇਗੀ। ਅਨਮੋਲ ਨੇ ਨੌਜਵਾਨਾਂ ਲਈ ਇਲਾਕੇ ਵਿੱਚ ਹੁਨਰ ਵਿਕਾਸ ਕੇਂਦਰ ਸਕਿੱਲ ਡਿਵੈਲਪਮੈਂਟ ਸੈਂਟਰ ਖੋਲ੍ਹਣ ਦਾ ਵਾਅਦਾ ਵੀ ਕੀਤਾ ਅਤੇ ਕਿਹਾ ਹੱਥ ਦੇ ਹੁਨਰ ਵਾਲਾ ਨੌਜਵਾਨ ਕਦੇ ਵੀ ਵਿਹਲਾ ਜਾਂ ਬੇਰੁਜ਼ਗਾਰ ਨਹੀਂ ਰਹਿੰਦਾ, ਬਲਕਿ ਦੂਸਰਿਆਂ ਨੂੰ ਰੁਜ਼ਗਾਰ ਦੇਣ ਦੇ ਸਮਰੱਥ ਬਣਦਾ ਹੈ।
ਇਸ ਤੋਂ ਇਲਾਵਾ ਕਰਮਜੀਤ ਅਨਮੋਲ ਨੇ ਪਿੰਡਾਂ ‘ਚ ਖੇਡਾਂ ਅਤੇ ਹਰਿਆਲੀ ਵਧਾਉਣ ਲਈ ਪਿੰਡਾਂ ਦੇ ਯੂਥ ਕਲੱਬਾਂ ਨੂੰ ਤਕੜਾ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਇਲਾਕੇ ‘ਚ ਮਿਆਰੀ ਸਟੇਡੀਅਮਾਂ ਦੀ ਭਰਮਾਰ ਕੀਤੀ ਜਾਵੇਗੀ।
ਵਿਧਾਇਕ ਅੰਮ੍ਰਿਤਪਾਲ ਸੁਖਾਨੰਦ ਨੇ ਕਿਹਾ ਕਿ ਉਹ ਅੱਜ ਕਿਸੇ ਨੂੰ ਨਿੰਦਕੇ ਜਾਂ ਭੰਡ ਕੇ ਵੋਟਾਂ ਮੰਗਣ ਨਹੀਂ ਆਏ ਬਲਕਿ ਭਗਵੰਤ ਮਾਨ ਸਰਕਾਰ ਵੱਲੋਂ ਪਿਛਲੇ ਦੋ ਸਾਲਾਂ ਦੌਰਾਨ ਕੀਤੇ ਕੰਮਾਂ ਲਈ ਸਾਥ ਮੰਗਣ ਆਏ ਹਨ। ਸੁਖਾਨੰਦ ਨੇ 43 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ, ਖੇਤਾਂ ਤੱਕ ਨੱਕੋਂ-ਨੱਕ ਨਹਿਰੀ ਪਾਣੀ, ਘਰਾਂ ਲਈ ਜ਼ੀਰੋ ਬਿਜਲੀ ਬਿੱਲ, ਖੇਤੀ ਟਿਊਬਵੈੱਲਾਂ ਲਈ ਆਮੋ ਆਮ ਬਿਜਲੀ, ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਅਤੇ ਮੁਫ਼ਤ ਦਵਾਈਆਂ, ਧੜਾ ਧੜ ਖੋਲੇ ਜਾ ਰਹੇ ਆਮ ਆਦਮੀ ਕਲੀਨਿਕ ਅਤੇ ਸਕੂਲਾਂ ਤੋਂ ਲੈ ਕੇ ਯੂਨੀਵਰਸਿਟੀ ਤੱਕ ਦਿੱਤੀ ਜਾ ਰਹੀ ਮਿਆਰੀ ਸਿੱਖਿਆ ਨੂੰ ਦੋ ਸਾਲਾਂ ਦੀਆਂ ਪ੍ਰਮੁੱਖ ਪ੍ਰਾਪਤੀਆਂ ਦੱਸਿਆ।
ਕਰਮਜੀਤ ਅਨਮੋਲ ਨੇ ਸੋਮਵਾਰ ਨੂੰ ਬਾਘਾ ਪੁਰਾਣਾ ਦੇ ਸਮਾਲਸਰ, ਭਲੂਰ, ਮਾਹਲ ਕਲਾਂ, ਮਾਹਲ ਖੁਰਦ, ਹਰੀਏਵਾਲਾ, ਨੱਥੂ ਵਾਲਾ ਗਰਬੀ, ਡੈਮਰੂ ਖੁਰਦ, ਰੋਡੇ, ਆਲਮਵਾਲਾ ਕਲਾਂ, ਲੰਗਿਆਣਾ ਨਵਾਂ, ਲੰਗਿਆਣਾ ਪੁਰਾਣਾ, ਭੇਖਾ, ਚੋਟੀਆਂ ਟੋਕਾਂ, ਜੈ ਸਿੰਘ ਵਾਲਾ, ਚੰਦ ਪੁਰਾਣਾ, ਗਿਲ ਅਤੇ ਬਾਘਾ ਪੁਰਾਣਾ ‘ਚ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ।