ਪੁਲਿਸ ਦੀ ਕੁੱਟਮਾਰ ਦੇ ਸ਼ਿਕਾਰ ਹੋਏ ਬੇਰੁਜ਼ਗਾਰ ਅਧਿਆਪਕਾਂ ਨੂੰ ਮਿਲਣ ਪਹੁੰਚੇ ਵਿਧਾਇਕ ਮੀਤ ਹੇਅਰ

TeamGlobalPunjab
2 Min Read

ਪਟਿਆਲਾ: ਬੀਤੇ ਦਿਨ ਕੈਪਟਨ ਅਮਰਿੰਦਰ ਸਿੰਘ ਦੀ ਪਟਿਆਲਾ ਸਥਿਤ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਬੇਰੁਜਗਾਰ ਨੌਜਵਾਨਾਂ ਉੱਤੇ ਪੁਲਿਸ ਦੁਆਰ ਵਹਿਸ਼ਿਆਨਾ ਢੰਗ ਨਾਲ ਲਾਠੀਚਾਰਜ ਕਰਕੇ ਜਖਮੀ ਕੀਤੇ ਅਧਿਆਪਕਾਂ ਨੂੰ ਬਰਨਾਲਾ ਤੋਂ ਵਿਧਾਇਕ ਅਤੇ ਸੂਬਾ ਯੂਥ ਪ੍ਰਧਾਨ ਗੁਰਮੀਤ ਸਿੰਘ ਮੀਤ ਹੇਅਰ ਮਿਲਣ ਪਹੁੰਚੇ ਅਤੇ ਕਿਹਾ ਕਿ ਦੇਸ਼ ਦੇ ਅੰਨਦਾਤਾ ਤੋਂ ਬਾਅਦ ਰਾਸ਼ਟਰ ਨਿਰਮਾਤਾ ਦੀ ਕੁੱਟਮਾਰ ਅਤਿ ਨਿੰਦਣਯੋਗ ਹੈ।

ਇਸ ਮੌਕੇ ਬੋਲਦਿਆਂ ਮੀਤ ਹੇਅਰ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਨੌਜਵਾਨਾਂ ਨਾਲ ਵੱਡੇ ਵੱਡੇ ਵਾਅਦੇ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਹੁਣ ਆਪਣੇ ਹੱਕ ਮੰਗਣ ਵਾਲੇ ਨੌਜਵਾਨਾਂ ਉੱਤੇ ਲਾਠੀਆਂ ਬਰਸਾ ਰਹੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਬੇਰੁਜਗਾਰ ਘੁੰਮ ਰਹੇ ਹਨ ਪ੍ਰੰਤੂ ਕੈਪਟਨ ਅਮਰਿੰਦਰ ਸਿੰਘ ਆਰਾਮ ਨਾਲ ਆਪਣੇ ਫਾਰਮ ਹਾਊਸ ਵਿੱਚ ਬੈਠ ਕੇ ਸ਼ਾਂਤੀਪੂਰਵਕ ਜੀਵਨ ਜਿਊ ਰਹੇ ਹਨ।

ਪੁਲੀਸ ਦੀ ਧੱਕੇਸ਼ਾਹੀ ਤੋਂ ਅੱਕੇ ਬੇਰੁਜਗਾਰ ਨੌਜਵਾਨ ਦੁਆਰਾ ਆਤਮਹੱਤਿਆ ਕਰਨ ਦੀ ਕੋਸਸਿ ਉੱਤੇ ਕੈਪਟਨ ਸਰਕਾਰ ਨੂੰ ਘੇਰਦਿਆਂ ਹੇਅਰ ਨੇ ਕਿਹਾ ਕਿ ਕਿੰਨਾ ਮੰਦਭਾਗਾ ਸਮਾਂ ਆ ਗਿਆ ਹੈ ਕਿ ਲੋਕਾਂ ਨੂੰ ਰੁਜਗਾਰ ਪ੍ਰਾਪਤ ਕਰਨ ਲਈ ਆਪਣੀ ਜਾਨ ਤੱਕ ਦੀ ਬਾਜ਼ੀ ਲਗਾਉਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਢੇ ਚਾਰ ਸਾਲ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਹੈ ਅਤੇ ਹਮੇਸ਼ਾ ਆਪਣੇ ਵਾਅਦਿਆਂ ਤੋਂ ਭੱਜਦੇ ਰਹੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੇ ਬੜੇ ਉਤਸਾਹ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਰਾਜ ਭਾਗ ਸੌਂਪਿਆ ਸੀ ਕਿ ਉਹ ਉਨ੍ਹਾਂ ਦੀ ਬਾਂਹ ਫੜ ਕੇ ਉਨ੍ਹਾਂ ਨੂੰ ਰੋਜਗਾਰ ਦੇਣਗੇ ਪ੍ਰੰਤੂ ਕੈਪਟਨ ਅਮਰਿੰਦਰ ਸਿੰਘ ਹੁਣ ਉਨ੍ਹਾਂ ਨਾਲ ਵਾਅਦਾ ਖ਼ਿਲਾਫ਼ੀ ਕਰ ਰਹੇ ਹਨ।

ਹੇਅਰ ਨੇ ਕਿਹਾ ਕਿ ਪੰਜਾਬ ਵਿੱਚ ਇਸ ਸਮੇਂ ਬੇਰੁਜਗਾਰੀ ਦਾ ਆਲਮ ਇਹ ਹੈ ਕਿ ਸਰਕਾਰ ਬੇਰੁਜਗਾਰਾਂ ਤੋਂ ਨਵੀਂਆਂ ਭਰਤੀਆਂ ਦੇ ਨਾਮ ਤੇ ਕਰੋੜਾਂ ਰੁਪਏ ਦੀ ਫੀਸ ਲੈਣ ਦੇ ਬਾਵਜੂਦ ਵੀ ਰੋਜਗਾਰ ਮੁਹੱਈਆ ਕਰਵਾਉਣ ਵਿੱਚ ਅਸਫ਼ਲ ਸਿੱਧ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਵਿਭਾਗਾਂ ਵਿੱਚੋਂ ਪਦਵੀਆਂ ਖ਼ਤਮ ਕੀਤੀਆਂ ਜਾ ਰਹੀਆਂ ਹਨ ਜਿਸ ਕਾਰਨ ਨੌਜਵਾਨਾਂ ਉੱਤੇ ਬੇਰੁਜਗਾਰੀ ਦਾ ਹੋਰ ਖਤਰਾ ਮੰਡਰਾ ਰਿਹਾ ਹੈ। ਹੇਅਰ ਨੇ ਕਿਹਾ ਕਿ 2022 ਦੀਆਂ ਚੋਣਾਂ ਵਿਚ ਪੰਜਾਬ ਦੇ ਨੌਜਵਾਨ ਕੈਪਟਨ ਅਮਰਿੰਦਰ ਸਿੰਘ ਕੋਲੋਂ ਕੀਤੇ ਹੋਏ ਝੂਠੇ ਵਾਅਦਿਆਂ ਦਾ ਹਿਸਾਬ ਲੈਣਗੇ ਅਤੇ ਉਨ੍ਹਾਂ ਨੂੰ ਮੂੰਹ ਤੋੜ ਜਵਾਬ ਦੇਣਗੇ।

- Advertisement -

Share this Article
Leave a comment