ਚੰਡੀਗੜ੍ਹ : ਇਸ ਵੇਲੇ ਦੀ ਵੱਡੀ ਖਬਰ ਪੰਜਾਬ ਵਿੱਚ ਜਾਰੀ ਪਾਬੰਦੀਆਂ ਨਾਲ ਸਬੰਧਤ ਹੈ। ਪੰਜਾਬ ਸਰਕਾਰ ਨੇ ਕੋਰੋਨਾ ਦੀ ਸਥਿਤੀ ਦੇ ਚਲਦਿਆਂ ਸੂਬੇ ਅੰਦਰ ਜਾਰੀ ਪਾਬੰਦੀਆਂ ਨੂੰ ਦੋ ਹਫ਼ਤੇ ਲਈ ਹੋਰ ਵਧਾਉਣ ਦਾ ਫੈਸਲਾ ਕੀਤਾ ਹੈ। ਸੂਬੇ ਵਿੱਚ ਜਾਰੀ ਪਾਬੰਦੀਆਂ ਹੁਣ 31 ਮਈ ਤੱਕ ਲਾਗੂ ਰਹਿਣਗੀਆਂ।
ਇਹ ਫ਼ੈਸਲਾ ਸੂਬੇ ਵਿੱਚ ਲਗਾਤਾਰ ਸਾਹਮਣੇ ਆ ਰਹੇ ਕੋਰੋਨਾ ਕੇਸਾਂ ਕਾਰਨ ਲਿਆ ਗਿਆ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਕੋਰੋਨਾ ਦੀ ਸਾਰੀਆਂ ਪਾਬੰਦੀਆਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੀਆਂ ਹਦਾਇਤਾਂ ਦੇ ਨਾਲ ਮੌਜੂਦਾ ਪਾਬੰਦੀਆਂ ਨੂੰ 31 ਮਈ ਤੱਕ ਵਧਾਉਣ ਦੇ ਆਦੇਸ਼ ਦਿੱਤੇ ਹਨ ।
ਮੁੱਖ ਮੰਤਰੀ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਪੜਾਅਵਾਰ ਢੰਗ ਨਾਲ ਦੁਕਾਨਾਂ ਖੋਲ੍ਹਣ ਨੂੰ ਨਿਰਧਾਰਤ ਕਰਨਾ ਕੋਵਿਡ ਦੇ ਫੈਲਾਅ ਨੂੰ ਕਾਬੂ ਕਰਨ, ਖਾਸ ਤੌਰ ਉਤੇ ਪੇਂਡੂ ਇਲਾਕਿਆਂ ਵਿਚ ਹੋਰ ਬੰਦਿਸ਼ਾਂ ਲਾਉਣ ਨੂੰ ਜਾਰੀ ਰੱਖਣਗੇ। ਮੁੱਖ ਮੰਤਰੀ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਸਥਾਨਕ ਹਾਲਤਾਂ ਦੇ ਅਧਾਰ ਉਤੇ ਢੁਕਵੀਂਆਂ ਸੋਧਾਂ ਕਰ ਸਕਦੇ ਹਨ ਬਸ਼ਰਤੇ ਕਿ ਇਹ ਸੋਧਾਂ ਸੂਬੇ ਵਿਚ ਸਮੁੱਚੇ ਤੌਰ ਲਾਈਆਂ ਬੰਦਿਸ਼ਾਂ ਨੂੰ ਕਮਜੋਰ ਨਾ ਕਰਦੀਆਂ ਹੋਣ।
ਮੁੱਖ ਮੰਤਰੀ ਅਨੁਸਾਰ ਜਿਲ੍ਹਾ ਅਥਾਰਟੀਆਂ ਸਮਾਜਿਕ ਦੂਰੀ ਦੇ ਨੇਮਾਂ, ਬਜਾਰਾਂ ਅਤੇ ਜਨਤਕ ਆਵਾਜਾਈ ਵਿਚ ਭੀੜ ਉਤੇ ਨਿਯੰਤਰਨ ਬਣਾਉਣਾ ਅਤੇ ਨੇਮਾਂ/ਬੰਦਿਸ਼ਾਂ ਦੀ ਉਲੰਘਣਾ ਦੀ ਸੂਰਤ ਵਿਚ ਜੁਰਮਾਨੇ ਲਾਉਣ ਸਮੇਤ ਕੋਵਿਡ ਸਬੰਧੀ ਇਹਤਿਆਤ ਵਰਤਣ ਬਾਰੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਨੂੰ ਸਖ਼ਤੀ ਨਾਲ ਅਮਲ ਵਿਚ ਲਿਆਉਣਗੀਆਂ।