ਨਵੀਂ ਦਿੱਲੀ : ਭਾਰਤ ਸਰਕਾਰ ਨੇ ਅਫਗਾਨਿਸਤਾਨ ‘ਚ ਚੱਲ ਰਹੇ ਸੰਕਟ ਵਿਚਾਲੇ ਅਹਿਮ ਫੈਸਲਾ ਲਿਆ ਹੈ। ਸਰਕਾਰ ਨੇ ਭਾਰਤ ਆਉਣ ਦੇ ਇੱਛੁਕ ਲੋਕਾਂ ਦੀ ਵੀਜ਼ਾ ਐਪਲੀਕੇਸ਼ਨਾਂ ਨੂੰ ਤੇਜੀ ਨਾਲ ਟਰੈਕ ਕਰਨ ਲਈ e-Emergency X-Misc Visa ਨਾਮ ਨਾਲ ਇਲੈਕਟ੍ਰਾਨਿਕ ਵੀਜ਼ਾ ਦੀ ਇੱਕ ਨਵੀਂ ਕੈਟੇਗਰੀ ਸ਼ੁਰੂ ਕੀਤੀ ਹੈ। ਇਹ ਕੈਟਾਗਰੀ ਖਾਸਤੌਰ ‘ਤੇ ਉਨ੍ਹਾਂ ਲੋਕਾਂ ਲਈ ਫਾਇਦੇਮੰਦ ਸਾਬਿਤ ਹੋਵੇਗੀ ਜਿਹੜੇ ਤਾਲਿਬਾਨ ਤੋਂ ਆਪਣੀ ਜਾਨ ਬਚਾਉਣ ਲਈ ਦੇਸ਼ ਛੱਡਣਾ ਚਾਹੁੰਦੇ ਹਨ।
ਇਹ ਐਲਾਨ ਅਫਗਾਨਿਸਤਾਨ ਵਿੱਚ ਤਾਲਿਬਾਨ ਵਲੋਂ ਸੱਤਾ ‘ਤੇ ਕਬਜ਼ਾ ਕਰਨ ਤੋਂ 2 ਦਿਨ ਬਾਅਦ ਕੀਤਾ ਗਿਆ ਹੈ। ਜਦੋਂ ਅਫਗਾਨਿਸਤਾਨ ਛੱਡਣ ਲਈ ਹਜ਼ਾਰਾਂ ਅਫਗਾਨੀ ਸੋਮਵਾਰ ਨੂੰ ਕਾਬੁਲ ਦੇ ਮੁੱਖ ਹਵਾਈ ਅੱਡੇ ‘ਤੇ ਪੁੱਜੇ ਪਰ ਹਵਾਈ ਜਹਾਜ਼ ਵਿੱਚ ਥਾਂ ਨਾਂ ਮਿਲਣ ‘ਤੇ ਉਨ੍ਹਾਂ ‘ਚੋਂ ਕੁੱਝ ਜਹਾਜ ਨਾਲ ਲਟਕ ਗਏ ਅਤੇ ਡਿੱਗ ਕੇ ਦਰਦਨਾਕ ਮੌਤ ਦਾ ਸ਼ਿਕਾਰ ਹੋਏ।
ਤਾਲਿਬਾਨ ਸਬੰਧੀ ਅਫ਼ਗਾਨ ਨਾਗਰਿਕਾਂ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ਦੀ ਇਕ ਵੱਡੀ ਵਜ੍ਹਾ ਹੈ ਕਿ ਉਹ ਪਹਿਲਾਂ ਤਾਲਿਬਾਨ ਦਾ ਸ਼ਾਸਨ ਤੇ ਉਸ ਦੀ ਕਰੂਰਤਾ ਨੂੰ ਦੇਖ ਚੁੱਕੇ ਹਨ। ਇਹੀ ਵਜ੍ਹਾ ਹੈ ਕਿ ਉਹ ਜਲਦ ਤੋਂ ਜਲਦ ਆਪਣੇ ਬਿਹਤਰ ਭਵਿੱਖ ਲਈ ਦੇਸ਼ ਛੱਡਣਾ ਚਾਹੁੰਦੇ ਹਨ। ਅਜਿਹੇ ਹੀ ਲੋਕਾਂ ਲਈ ਭਾਰਤ ਨੇ ਵੀਜ਼ਾ ਦੀ ਇਹ ਨਵੀਂ ਕੈਟਾਗਰੀ ਬਣਾਈ ਹੈ।