ਨਿਊਜ਼ ਡੈਸਕ: ਮੇਟਾ ਨੇ ਨਫਰਤ ਭਰੇ ਭਾਸ਼ਣ ਫੈਲਾਉਣ ਅਤੇ ਪਲੇਟਫਾਰਮ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ‘ਚ ਗੋਸ਼ਾਮਹਿਲ ਦੇ ਭਾਜਪਾ ਵਿਧਾਇਕ ਟੀ ਰਾਜਾ ਸਿੰਘ ਨਾਲ ਜੁੜੇ ਦੋ ਫੇਸਬੁੱਕ ਗਰੁੱਪਾਂ ਅਤੇ ਤਿੰਨ ਇੰਸਟਾਗ੍ਰਾਮ ਅਕਾਊਂਟਸ ‘ਤੇ ਕਾਰਵਾਈ ਕੀਤੀ ਹੈ। ਇਨ੍ਹਾਂ ਸਾਰੇ ਖਾਤਿਆਂ ਨੂੰ ਹੁਣ ਸੋਸ਼ਲ ਮੀਡੀਆ ਤੋਂ ਹਟਾ ਦਿੱਤਾ ਗਿਆ ਹੈ। ਇਨ੍ਹਾਂ ਗਰੁੱਪਾਂ ਦੇ 10 ਲੱਖ ਤੋਂ ਵੱਧ ਮੈਂਬਰ ਸਨ, ਜਦੋਂਕਿ ਇੰਸਟਾਗ੍ਰਾਮ ਅਕਾਊਂਟ ਦੇ 1.55 ਲੱਖ ਤੋਂ ਵੱਧ ਫਾਲੋਅਰਜ਼ ਸਨ।
ਮੇਟਾ ਨੇ ਇਹ ਕਦਮ ਪਿਛਲੇ ਹਫਤੇ ਇੰਡੀਆ ਹੇਟ ਲੈਬ (IHL) ਦੀ ਰਿਪੋਰਟ ਤੋਂ ਬਾਅਦ ਚੁੱਕਿਆ ਹੈ। ਉਸ ਰਿਪੋਰਟ ਨੇ ਖੁਲਾਸਾ ਕੀਤਾ ਕਿ ਨਫ਼ਰਤ ਭਰੇ ਭਾਸ਼ਣ ਸੰਬੰਧੀ ਨੀਤੀਆਂ ਦੇ ਬਾਵਜੂਦ ਅਜਿਹੇ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਕਿਵੇਂ ਪ੍ਰਸਾਰਿਤ ਕੀਤੇ ਜਾਂਦੇ ਹਨ। ਨਫਰਤ ਭਰੇ ਭਾਸ਼ਣ ਦੇ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ, ਫੇਸਬੁੱਕ ਨੇ ਸਾਲ 2020 ਵਿੱਚ ਤੇਲੰਗਾਨਾ ਦੇ ਭਾਜਪਾ ਵਿਧਾਇਕ ਟੀ ਰਾਜਾ ਸਿੰਘ ਨੂੰ ਆਪਣੇ ਪਲੇਟਫਾਰਮ ਤੋਂ ਬੈਨ ਕਰ ਦਿੱਤਾ ਸੀ। ਰਾਜਾ ਸਿੰਘ ਨੇ ਆਪਣੇ ਅਤੇ ਆਪਣੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਦੇ ਸੋਸ਼ਲ ਮੀਡੀਆ ਅਕਾਊਂਟ ਬਲਾਕ ਕੀਤੇ ਜਾਣ ‘ਤੇ ਹੈਰਾਨੀ ਪ੍ਰਗਟਾਈ ਹੈ। ਉਨ੍ਹਾਂ ਨੇ ਇਸ ਨੂੰ ਹਿੰਦੂਆਂ ਨੂੰ ਨਿਸ਼ਾਨਾ ਬਣਾਉਣ ਵਾਲੀ ‘ਚੋਣਵੀਂ ਸੈਂਸਰਸ਼ਿਪ’ ਕਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਗਟਾਵੇ ਦੀ ਆਜ਼ਾਦੀ ’ਤੇ ਹਮਲਾ ਕੀਤਾ ਜਾ ਰਿਹਾ ਹੈ।
ਰਾਜਾ ਸਿੰਘ ਨੇ ਇਕ ਬਿਆਨ ‘ਚ ਕਿਹਾ, ‘ਇਹ ਬੇਹੱਦ ਮੰਦਭਾਗਾ ਹੈ ਕਿ ਫੇਸਬੁੱਕ ਅਤੇ ਇੰਸਟਾਗ੍ਰਾਮ ਨੇ ਮੇਰੇ ਪਰਿਵਾਰ, ਦੋਸਤਾਂ, ਵਰਕਰਾਂ ਅਤੇ ਸਮਰਥਕਾਂ ਦੇ ਖਾਤੇ ਬਲਾਕ ਕਰ ਦਿੱਤੇ ਹਨ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਦੀ ਸ਼ਿਕਾਇਤ ਦੇ ਆਧਾਰ ‘ਤੇ ਮੇਰੇ ਅਧਿਕਾਰਤ ਖਾਤੇ ਨੂੰ ਗਲਤ ਤਰੀਕੇ ਨਾਲ ਨਿਸ਼ਾਨਾ ਬਣਾਇਆ ਗਿਆ ਸੀ। ਹੁਣ ਮੇਰੇ ਵੀਡੀਓ ਸ਼ੇਅਰ ਕਰਨ ਵਾਲਿਆਂ ਨੂੰ ਵੀ ਚੁੱਪ ਕਰਵਾਇਆ ਜਾ ਰਿਹਾ ਹੈ।
ਫੇਸਬੁੱਕ ਦੇ ਬੁਲਾਰੇ ਨੇ ਇਕ ਬਿਆਨ ‘ਚ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਕਿਹਾ, ‘ਅਸੀਂ ਰਾਜਾ ਸਿੰਘ ‘ਤੇ ਫੇਸਬੁੱਕ ‘ਤੇ ਪਾਬੰਦੀ ਲਗਾਈ ਹੈ ਕਿਉਂਕਿ ਉਸ ਨੇ ਸਾਡੀ ਨੀਤੀ ਦੀ ਉਲੰਘਣਾ ਕੀਤੀ ਹੈ, ਜਿਸ ਦੇ ਤਹਿਤ ਹਿੰਸਾ ਅਤੇ ਨਫਰਤ ਨੂੰ ਵਧਾਵਾ ਦੇਣ ਵਾਲੇ ਜਾਂ ਇਸ ‘ਚ ਸ਼ਾਮਿਲ ਹੋਣ ਵਾਲੇ ਲੋਕਾਂ ਨੂੰ ਸਾਡੇ ਪਲੇਟਫਾਰਮ ‘ਤੇ ਆਉਣ ਤੋਂ ਰੋਕਿਆ ਗਿਆ ਹੈ। ਸੰਭਾਵੀ ਉਲੰਘਣਾ ਕਰਨ ਵਾਲਿਆਂ ਦਾ ਮੁਲਾਂਕਣ ਕਰਨ ਦੀ ਪ੍ਰਕਿਰਿਆ ਵਿਆਪਕ ਹੈ ਅਤੇ ਇਸ ਲਈ ਅਸੀਂ ਉਹਨਾਂ ਦੇ ਖਾਤੇ ਨੂੰ ਹਟਾਉਣ ਦਾ ਫੈਸਲਾ ਕੀਤਾ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।