ਵਾਸ਼ਿੰਗਟਨ : ਅਮਰੀਕਾ ਦੀ ਫਸਟ ਲੇਡੀ ਮੇਲਾਨੀਆ ਟਰੰਪ ਨੇ ਬੀਤੇ ਦਿਨ ਵ੍ਹਾਈਟ ਹਾਊਸ ਦੇ ਰੋਜ਼ ਗਾਰਡਨ ਤੋਂ ਰਿਪਬਲਿਕਨ ਪਾਰਟੀ ਦੇ ਰਾਸ਼ਟਰੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਅਮਰੀਕਾ ਲਈ ਸਭ ਤੋਂ ਬਿਹਤਰ ਤੇ ਭਰੋਸੇਯੋਗ ਵਿਅਕਤੀ ਦੱਸਦਿਆਂ ਉਨ੍ਹਾਂ ਨੂੰ ਮੁੜ ਰਾਸ਼ਟਰਪਤੀ ਚੁਣਨ ਦੀ ਭਾਵੁਕ ਅਪੀਲ ਕੀਤੀ।
ਉਨ੍ਹਾਂ ਨੇ ਚੋਣਾਂ ‘ਚ ਡੋਨਾਲਡ ਟਰੰਪ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦਿਆਂ ਕਿਹਾ, “ਟਰੰਪ ਸਿਰਫ ਰਵਾਇਤੀ ਸਿਆਸਤਦਾਨਾਂ ਲਈ ਨਹੀਂ ਬਲਕਿ ਦੇਸ਼ ਵਾਸੀਆਂ ਲਈ ਲੜ ਰਹੇ ਹਨ ਅਤੇ ਇਹ ਲੜਾਈ ਜਾਰੀ ਰਹੇਗੀ। ਉਨ੍ਹਾਂ ਕਿਹਾ, ‘ਮੈਂ ਇੱਥੇ ਹਾਂ, ਕਿਉਂਕਿ ਮੈਂ ਆਪਣੇ ਪਤੀ ਨੂੰ ਹੋਰ ਚਾਰ ਸਾਲ ਲਈ ਰਾਸ਼ਟਰਪਤੀ ਤੇ ਕਮਾਂਡਰ ਇਨ ਚੀਫ ਦੇ ਰੂਪ ‘ਚ ਦੇਖਣਾ ਚਾਹੁੰਦੀ ਹਾਂ ਅਤੇ ਅਸੀਂ ਉਨ੍ਹਾਂ ਲੋਕਾਂ ਨੂੰ ਨਹੀਂ ਭੁੱਲੇ, ਜਿਨ੍ਹਾਂ ਨੇ ਇਕ ਇਹੋ ਜਿਹੇ ਕਾਰੋਬਾਰੀ ਨੂੰ ਮੌਕਾ ਦਿੱਤਾ, ਜਿਸ ਨੇ ਕਦੀ ਸਿਆਸਤ ‘ਚ ਕੰਮ ਨਹੀਂ ਕੀਤਾ ਸੀ।’
ਇਸ ਦੇ ਨਾਲ ਹੀ ਮੇਲਾਨੀਆ ਟਰੰਪ ਨੇ ਕੋਰੋਨਾ ਸੰਕਰਮਣ ਨਾਲ ਜਾਨ ਗਵਾਉਣ ਵਾਲਿਆਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟਾਉਂਦਿਆਂ ਕਿਹਾ ਕਿ ਟਰੰਪ ਉਦੋਂ ਤਕ ਚੈਨ ਨਾਲ ਨਹੀਂ ਬੈਠਣਗੇ ਇਸ ਦਾ ਅਸਰਦਾਰ ਇਲਾਜ ਨਹੀਂ ਲੱਭ ਲਿਆ ਜਾਂਦਾ ਤੇ ਸਾਰਿਆਂ ਲਈ ਵੈਕਸੀਨ ਉਪਲਬਧ ਨਹੀਂ ਕਰਵਾ ਦਿੱਤੀ ਜਾਂਦੀ।