ਨਵੀਂ ਦਿੱਲੀ- : ਕੇਂਦਰੀ ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ‘ਮਾਵਾਲੀ’ ਕਰਾਰ ਦਿੱਤਾ। ਮੀਨਾਕਸ਼ੀ ਲੇਖੀ ਦੇ ਇਸ ਬਿਆਨ ਤੋਂ ਬਾਅਦ ਕਿਸਾਨ ਆਗੂ ਗੁੱਸੇ ‘ਚ ਆ ਗਏ ਅਤੇ ਉਨ੍ਹਾਂ ਮੀਨਾਕਸ਼ੀ ਲੇਖੀ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ। ਜਿਸ ਤੋਂ ਬਾਅਦ ਲੇਖੀ ਨੂੰ ਇਸ ਮਾਮਲੇ ‘ਤੇ ਸਪਸ਼ਟੀਕਰਨ ਦੇਣਾ ਪਿਆ।ਮੀਡੀਆ ਕਰਮੀਆਂ ‘ਤੇ ਹੋਏ ਕਥਿਤ ਹਮਲੇ ‘ਤੇ ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੇ ਕਿਹਾ, “ਉਹ ਕਿਸਾਨ ਨਹੀਂ ਹੈ, ਉਹ ਇਕ ਮਾਵਾਲੀ ਹੈ … ਇਹ ਅਪਰਾਧਿਕ ਕਾਰਵਾਈ ਹੈ।” ਲੇਖੀ ਨੇ ਕਿਹਾ ਕਿ 26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਅਤੇ ਕਿਸਾਨ ਸੰਸਦ ‘ਚ ਇਕ ਮੀਡੀਆ ਦੇ ਵਿਅਕਤੀ ‘ਤੇ ਹੋਏ ਹਮਲੇ ਵਾਰੇ ਮੇਰੀ ਟਿੱਪਣੀ ਮੰਗੀ ਗਈ ਸੀ। ਇਸ ਦੇ ਜਵਾਬ ‘ਚ ਮੈਂ ਕਿਹਾ ਕਿ ਇਹ ਹਰਕਤ ਮਵਾਲੀ ਹੀ ਕਰ ਸਕਦੇ ਹਨ, ਕਿਸਾਨ ਅਜਿਹੀ ਹਰਕਤ ਨਹੀਂ ਕਰਦੇ। ਮੇਰੇ ਇਸ ਬਿਆਨ ਦਾ ਗਲਤ ਮਤਲਬ ਕੱਢਿਆ ਗਿਆ ਹੈ। ਜੇਕਰ ਮੇਰੀ ਇਸ ਟਿੱਪਣੀ ਨਾਲ ਕਿਸੇ ਦੀ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਆਪਣਾ ਬਿਆਨ ਵਾਪਸ ਲੈਂਦੀ ਹਾਂ।
ਰਾਕੇਸ਼ ਟਿਕੈਤ ਨੇ ਕਿਹਾ ਕਿ ਇਥੇ ਬਦਮਾਸ਼ਾਂ ਵਰਗਾ ਕੁਝ ਨਹੀਂ ਹੈ। ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨਾਂ ਲਈ ਅਜਿਹੀਆਂ ਟਿੱਪਣੀਆਂ ਕਰਨਾ ਗਲਤ ਹੈ। ਅਸੀਂ ਕਿਸਾਨ ਹਾਂ ਨਾ ਕਿ ਮਵਾਲੀ। ਉਨ੍ਹਾਂ ਅੱਗੇ ਕਿਹਾ ਕਿ ਕਿਸਾਨ ਅਨਾਜ ਦੇਣ ਵਾਲਾ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਲੇਖੀ ਦੇ ਇਸ ਬਿਆਨ ਦੀ ਨਿੰਦਾ ਕੀਤੀ ਗਈ। ਉਨ੍ਹਾਂ ਕਿਹਾ ਕਿ ਕਿਸਾਨ ਸੰਸਦ ‘ਚ ਪੱਤਰਕਾਰ ‘ਤੇ ਹਮਲਾ ਨਿੰਦਣਯੋਗ ਹੈ ਪਰ ਲੇਖੀ ਨੂੰ ਕਿਸਾਨਾਂ ਨੂੰ ਬਦਨਾਮ ਕਰਨ ਦਾ ਕੋਈ ਅਧਿਕਾਰ ਨਹੀਂ, ਕਿਸਾਨਾਂ ਖ਼ਿਲਾਫ਼ ਉਨ੍ਹਾਂ ਵੱਲੋਂ ਕੀਤੀ ਗਈ ਅਸ਼ਲੀਲ ਟਿੱਪਣੀ ਉਨ੍ਹਾਂ ਦੇ ਕਿਸਾਨ ਵਿਰੋਧੀ ਹੋਣ ਦੀ ਮਾਨਸਿਕਤਾ ਨੂੰ ਦਰਸਾਉਂਦੀ ਹੈ।