Home / ਮਨੋਰੰਜਨ / ਦਿਲ ਦੇ ਜ਼ਖ਼ਮਾਂ ‘ਚੋਂ ਰਿਸਦੇ ਜ਼ਜ਼ਬਾਤਾਂ ਦੀ ਸ਼ਾਇਰਾ ਸੀ : ਮੀਨਾ ਕੁਮਾਰੀ

ਦਿਲ ਦੇ ਜ਼ਖ਼ਮਾਂ ‘ਚੋਂ ਰਿਸਦੇ ਜ਼ਜ਼ਬਾਤਾਂ ਦੀ ਸ਼ਾਇਰਾ ਸੀ : ਮੀਨਾ ਕੁਮਾਰੀ

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ

ਇਸ ਵਿੱਚ ਕੋਈ ਦੋ ਰਾਏ ਨਹੀਂ ਕਿ ਅਧਿਕਤਰ ਸਿਨੇਮਾ ਪ੍ਰੇਮੀ ਮੀਨਾ ਕੁਮਾਰੀ ਨੂੰ ਇੱਕ ਬਾਕਮਾਲ ਅਦਾਕਾਰਾ ਵਜੋਂ ਜਾਣਦੇ ਤੇ ਪਛਾਣਦੇ ਹਨ ਅਤੇ ਉਸਦੀ ਦਿਲ ਨੂੰ ਧੂਹ ਪਾਉਣ ਵਾਲੀ ਅਦਾਕਾਰੀ ਦੇ ਮੁਰੀਦ ਹਨ ਪਰ ਬਹੁਤ ਘੱਟ ਲੋਕ ਜਾÎਣਦੇ ਹਨ ਕਿ ਮੀਨਾ ਕੁਮਾਰੀ ਇੱਕ ਪਾਏਦਾਰ ਸ਼ਾਇਰਾ ਵੀ ਸੀ ਤੇ ਉਸਦੇ ਸ਼ੇਅਰ ਉਸਦੇ ਦਿਲ ਦੇ ਜ਼ਖ਼ਮਾਂ ‘ਚੋਂ ਰਿਸਦੇ ਜਜ਼ਬਾਤਾਂ ਦੀ ਗਵਾਹੀ ਭਰਦੇ ਹਨ। ਸੰਨ 1933 ਦੀ 1 ਅਗਸਤ ਨੂੰ ਜਨਮੀ ਅਤੇ ਸੰਨ 1973 ਦੀ 31 ਮਾਰਚ ਨੂੰ ਇਸ ਫ਼ਾਨੀ ਜਹਾਨ ਨੂੰ ਸਦਾ ਲਈ ਅਲਵਿਦਾ ਆਖ਼ ਕੇ ਟੁਰ ਜਾਣ ਵਾਲੀ ਮਹਿਜ਼ਬੀਂ ਉਰਫ਼ ਮੀਨਾ ਕੁਮਾਰੀ ਨੇ ਆਪਣੀ ਮੌਤ ਤੋਂ ਠੀਕ ਇੱਕ ਸਾਲ ਪਹਿਲਾਂ ਸ਼ਾਇਰ ਗੁਲਜ਼ਾਰ ਦੀ ਮਦਦ ਨਾਲ ਆਪਣੀ ਸ਼ਾਇਰੀ ਦਾ ਇੱਕ ਸੰਗ੍ਰਿਹ ‘ ਤਨਹਾ ਚਾਂਦ ‘ ਸਿਰਲੇਖ ਹੇਠ ਛਪਵਾਇਆ ਸੀ ਜੋ ਕਿ ਉਸਦੀ ਬਾਲੀਵੁੱਡ ਦੀ ਚਮਕ-ਦਮਕ ਅਤੇ ਸ਼ੁਹਰਤ ਭਰੀ ਜ਼ਿੰਦਗੀ ਦੇ ਪਿੱਛੇ ਲੁਕੀ ਉਸਦੀ ਤਨਹਾਈ ਨੂੰ ਅੱਖਰ ਅੱਖਰ ਬਿਆਨ ਕਰਦਾ ਸੀ। ਉਸਨੂੰ ਨਾ ਕੇਵਲ ਉਸਦੇ ਸ਼ੌਹਰ ਜਨਾਬ ਕਮਾਲ ਅਮਰੋਹੀ ਨੇ ਹੀ ਤਿਆਗ ਦਿੱਤਾ ਸੀ ਸਗੋਂ ਅਦਾਕਾਰ ਧਰਮਿੰਦਰ,ਨਿਰਦੇਸ਼ਕ ਸਾਵਨ ਕੁਮਾਰ ਅਤੇ ਸ਼ਾਇਰ,ਲੇਖਕ ਤੇ ਨਿਰਦੇਸ਼ਕ ਗੁਲਜ਼ਾਰ ਨੇ ਵੀ ਉਸਨੂੰ ਚੰਦ ਦਿਨਾਂ ਦੀ ਮੁਹੱਬਤ ਦੇ ਸੁਫ਼ਨੇ ਵਿਖਾ ਕੇ ਫਿਰ ਤਨਹਾ ਭਾਵ ਇਕੱਲਿਆਂ ਛੱਡ ਦਿੱਤਾ ਸੀ। ਉਸਦੀ ਜ਼ਿੰਦਗੀ ਦੇ ਆਖ਼ਰੀ ਪਲ ਤਨਹਾਈ ਦੀ ਆਗ਼ੋਸ਼ ‘ਚ ਹੀ ਗੁਜ਼ਰੇ ਸਨ। ਉਸਨੇ ਆਪਣੀ ਤਨਹਾਈ ਬਿਆਨਦਿਆਂ ਲਿਖ਼ਿਆ ਸੀ :-

ਜ਼ਿੰਦਗੀ ਕਿਆ ਇਸੀ ਕੋ ਕਹਿਤੇ ਹੈ

ਜਿਸਮ ਤਨਹਾ ਔਰ ਜਾਨ ਤਨਹਾ।

ਹਮਸਫ਼ਰ ‘ਗਰ ਮਿਲਾ ਭੀ ਕੋਈ ਕਹੀਂ

ਤੋ ਦੋਨੇ ਚਲਤੇ ਰਹੇ ਤਨਹਾ-ਤਨਹਾ।

ਰਾਹ ਦੇਖਾ ਕਰੋਗੇ ਸਦੀਉਂ ਤਲਕ

ਛੋੜ ਜਾਏਂਗੇ ਯੇ ਜਹਾਂ ਤਨਹਾ।

ਮੀਨਾ ਕੇਵਲ 36 ਕੁ ਸਾਲ ਹੀ ਜੀਵੀ ਸੀ। ਬਚਪਨ ਗ਼ਰੀਬੀ ਦੀਆਂ ਠੋਕਰਾਂ ‘ਚ ਬੀਤਿਆ ਸੀ ਤੇ ਗੁੱਡੀਆਂ-ਪਟੋਲਿਆਂ ਨਾਲ ਖੇਡਣ ਦੀ ਉਮਰੇ ਉਸਨੂੰ ਘਰ ਦਾ ਗ਼ੁਜ਼ਾਰਾ ਤੋਰਨ ਲਈ ਫ਼ਿਲਮਾਂ ਵਿੱਚ ਬਤੌਰ ਬਾਲ ਕਲਾਕਾਰ ਕੰਮ ਕਰਨਾ ਪਿਆ ਸੀ। ਬਤੌਰ ਨਾਇਕਾ ਉਸਨੇ ਫ਼ਿਲਮ ‘ਬੈਜੂ ਬਾਵਰਾ’ ਕੀਤੀ ਸੀ ਤੇ ਆਪਣੀ ਬਿਹਤਰੀਨ ਕਲਾਕਾਰੀ ਸਦਕਾ ‘ਬਿਹਤਰੀਨ ਅਦਾਕਾਰਾ’ ਦਾ ‘ ਫ਼ਿਲਮ ਫੇਅਰ ਐਵਾਰਡ’ ਹਾਸਿਲ ਕਰਨ ‘ਚ ਕਾਮਯਾਬ ਰਹੀ ਸੀ। ਉਸ ਨੇ ‘ਦਾਇਰਾ, ਪਰਿਣੀਤਾ, ਸ਼ਾਰਦਾ, ਏਕ ਹੀ ਰਾਸਤਾ, ਸਾਹਿਬ ਬੀਵੀ ਔਰ ਗੁਲਾਮ, ਦਿਲ ਅਪਨਾ ਔਰ ਪ੍ਰੀਤ ਪਰਾਈ, ਕਾਜਲ, ਆਰਤੀ, ਮੈ ਚੁੱਪ ਰਹੂੰਗੀ, ਪਾਕੀਜ਼ਾ ‘ ਆਦਿ ਜਿਹੀਆਂ ਸ਼ਾਹਕਾਰ ਫ਼ਿਲਮਾਂ ਕਰਕੇ ਐਵਾਰਡ ਵੀ ਜਿੱਤੇ ਸਨ ਤੇ ਲੱਖਾਂ ਦਰਸ਼ਕਾਂ ਦੇ ਦਿਲ ਵੀ। ਉਸਨੇ ਕੁੱਲ 92 ਕੁ ਫ਼ਿਲਮਾਂ ਵਿੱਚ ਕੰਮ ਕੀਤਾ ਸੀ। ਮੀਨਾ ਮੰਨਦੀ ਸੀ ਕਿ ਉਸਦੀ ਜ਼ਿੰਦਗੀ ਵੀਰਾਨਗੀ ਤੇ ਫਿੱਕੇਪਨ ਨਾਲ ਭਰੀ ਹੋਈ ਸੀ। ਉਸਨੇ ਲਿਖ਼ਿਆ ਸੀ:-

ਤੁਮ ਕਿਆ ਕਰੋਗੇ ਸੁਨ ਕਰ ਮੁਝ ਸੇ ਮੇਰੀ ਕਹਾਨੀ।

ਬੇਲੁਤਫ਼ ਜਿੰਦਗੀ ਕੇ ਕਿੱਸੇ ਹੈਂ ਫੀਕੇ-ਫੀਕੇ।

ਅਤੇ

ਕਹਾਂ ਸ਼ੁਰੂ ਹੂਏ ਯੇ ਸਿਲਸਿਲੇ ਕਹਾਂ ਟੂਟੇ

ਨਾ ਇਸ ਸਿਰੇ ਕਾ ਪਤਾ ਨਾ ਵੋ ਸਿਰਾ ਮਾਲੂਮ।

ਉਹ ਆਪਣੇ ਦਿਲ ਦੇ ਵੀਰਾਨਿਆਂ ਵਿੱਚ ਬਹਾਰ ਦੀ ਉਡੀਕ ਕਰਿਆ ਕਰਦੀ ਸੀ। ਉਸਨੂੰ ਸ਼ਾਇਦ ਆਸ ਸੀ ਜਾਂ ਉਸਦੀ ਖ਼ਾਹਿਸ਼ ਸੀ ਕਿ ਉਸਦੇ ਬੇਕਰਾਰ ਦਿਲ ਨੂੰ ਤੇ ਬੇਚੈਨ ਰੂਹ ਨੂੰ ਕਰਾਰ ਦੇਣ ਸ਼ਾਇਦ ਕੋਈ ਆਏਗਾ ਪਰ ਬਦਕਿਸਮਤੀ ਇਹ ਰਹੀ ਕਿ ਉਸਦੀ ਬੇਕਰਾਰ ਰੂਹ ਇਸ ਜਹਾਨ ਤੋਂ ਟੁਰ ਗਈ ਪਰ ਕਰਾਰ ਦੇਣ ਵਾਲਾ ਕੋਈ ਨਾ ਬਹੁੜਿਆ। ਮੀਨਾ ਨੇ ਕਿਹਾ ਸੀ :-

ਯੂੰ ਤੇਰੀ ਰਹਿਗ਼ੁਜ਼ਰ ਸੇ ਦੀਵਾਨਾ-ਵਾਰ ਗ਼ੁਜ਼ਰੇ

ਕੰਧੇ ਪੇ ਅਪਨੇ ਰਖ ਕੇ ਅਪਨਾ ਮਜ਼ਾਰ ਗ਼ੁਜ਼ਰੇ।

ਬੈਠੇ ਹੈਂ ਰਸਤੇ ਮੇਂ ਦਿਲ ਕਾ ਖ਼ਾਨਦਾਰ ਸਜਾ ਕਰ

ਸ਼ਾਇਦ ਇਸੀ ਤਰਫ਼ ਸੇ ਇਕ ਦਿਨ ਬਹਾਰ ਗ਼ੁਜ਼ਰੇ।

ਅਤੇ

ਤੇਰੇ ਕਦਮੋਂ ਕੀ ਆਹਟ ਕੋ ਯੇ ਦਿਲ ਢੂੰਢਤਾ ਹੈ ਹਰ ਦਮ

ਹਰ ਇਕ ਆਵਾਜ਼ ਪਰ ਇਕ ਥਰਥਰਾਹਟ ਹੋਤੀ ਜਾਤੀ ਹੈ।

Êਪੰਜਾਬੀ ਦੀ ਸਿਰਮੌਰ ਸ਼ਾਇਰਾ ਅਮ੍ਰਿਤਾ ਪ੍ਰੀਤਮ ਨੇ ਕਿਹਾ ਸੀ ” ਇਹ ਬਿਰਹਾ ਸਾਨੂੰ ਸੱਜਣਾ ਦਿੱਤਾ, ਇਸ ਬਿਰਹਾ ਦੇ ਘੁੱਪ ਹਨੇਰੇ ਕਿਉਂ ਕੋਈ ਦੀਵਾ ਬਾਲ੍ਹੇ। ” ਬੇਵਫ਼ਾਈ ਤੇ ਬੇਰੁਖ਼ੀ ਦੇ ਇਸੇ ਦਰਦ ਨੂੰ ਮਹਿਸੂਸ ਕਰਦਿਆਂ ਮੀਨਾ ਨੇ ਵੀ ਲਿਖਿਆ ਸੀ :-

ਖ਼ੁਦਾ ਕੇ ਵਾਸਤੇ ਗ਼ਮ ਕੋ ਭੀ ਤੁਮ ਨਾ ਬਹਿਲਾਓ

ਇਸੇ ਤੋ ਰਹਿਨੇ ਦੋ ਮੇਰਾ,ਯਹੀ ਤੋ ਮੇਰਾ ਹੈ।

ਅਤੇ

ਉਦਾਸੀਉਂ ਨੇ ਮੇਰੀ ਆਤਮਾ ਕੋ ਘੇਰਾ ਹੈ

ਰੂਪਹਿਲੀ ਚਾਂਦਨੀ ਹੈ ਔਰ ਘੁੱਪ ਅੰਧੇਰਾ ਹੈ।

ਅਧੂਰੀ ਮੁਹੱਬਤ ਦੇ ਅਹਿਸਾਸ ਵਿੱਚ ਡੁੱਬੀ ਮੀਨਾ ਮੁਹੱਬਤ ਨੂੰ ਮੌਤ ਨਾਲ ਜੋੜ ਕੇ ਵੇਖ਼ਦੀ ਸੀ। ਮੌਤ ਦੀ ਆਗ਼ੋਸ਼ ‘ਚ ਸਮਾਉਣ ਦੀ ਚਾਹਤ ਪ੍ਰਗਟਾਉਂਦਿਆਂ ਮੀਨਾ ਨੇ ਕਿਹਾ ਸੀ :-

ਮੌਤ ਕਹਿ ਲੋ ਜੋ ਮੁਹੱਬਤ ਨਹੀਂ ਕਹਿਨੇ ਪਾਓ

ਉਸੀ ਕਾ ਨਾਮ ਮੁਹੱਬਤ ਹੈ ਜਿਸਕਾ ਨਾਮ ਮੌਤ ਹੈ।

ਸੋ ਮੀਨਾ ਦੀ ਅਦਾਕਾਰੀ ਤਾਂ ਪੂਰੀ ਸੀ ਪਰ ਮੁਹੱਬਤ ਅਧੂਰੀ ਸੀ। ਆਪਣੀ ਮੁਹੱਬਤ ਦੇ ਅਧੂਰੇਪਨ ਨੂੰ ਬਿਆਨ ਕਰਦਿਆਂ ਉਹ ਯਾਦ ਕਰਨ ਦੀ ਕੋਸ਼ਿਸ਼ ਕਰਦੀ ਸੀ ਕਿ ਮੁਹੱਬਤ ‘ਚ ਆਖ਼ਰੀ ਕਮੀ ਕਿੱਥੇ ਰਹਿ ਗਈ ਸੀ। ਉਸਦੇ ਬੋਲ ਸਨ :-

ਆਹ! ਰੂਹ ਬੋਝਲ ਬੋਝਲ

ਕਹਾਂ ਪੇ ਹਾਥ ਸੇ ਕੁਛ ਛੂਟ ਗਿਆ,ਯਾਦ ਨਹੀਂ।

Check Also

ਜਦੋਂ ਸਾਰਾ ਅਲੀ ਖ਼ਾਨ ਸੜਕ ‘ਤੇ ਕਰਨ ਲੱਗੀ ਡਾਂਸ, ਭਿਖਾਰਨ ਸਮਝ ਕੇ ਪੈਸੇ ਦੇਣ ਲੱਗੇ ਲੋਕ, ਦੇਖੋ ਵੀਡੀਓ

ਮੁੰਬਈ: ਪਟੌਦੀ ਪਰਿਵਾਰ ਦੀ ਧੀ ਅਤੇ ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਅਕਸਰ ਹੀ ਸੁਰਖੀਆਂ ਵਿੱਚ …

Leave a Reply

Your email address will not be published. Required fields are marked *