ਚੰਡੀਗੜ੍ਹ (ਦਰਸ਼ਨ ਖੋਖਰ) : ਬੀਤੇ ਦਿਨ ਪੈਰਾ ਖਿਡਾਰੀਆਂ ਨੇ ਦੇਸ਼ ਲਈ ਮੈਡਲ ਜਿੱਤਣ ਦੇ ਬਾਵਜੂਦ ਨੌਕਰੀ ਨਹੀਂ ਮਿਲਣ ਦਾ ਦਰਦ ਬਿਆਨ ਕੀਤਾ ਸੀ। ਇਨ੍ਹਾਂ ਖਿਡਾਰੀਆਂ ਵੱਲੋਂ ਮੁੱਖ ਮੰਤਰੀ ਦੀ ਚੰਡੀਗੜ੍ਹ ਰਿਹਾਇਸ਼ ਦੇ ਬਾਹਰ ਧਰਨਾ ਵੀ ਦਿੱਤਾ ਗਿਆ ਸੀ ।
ਹੁਣ ਬੇਸਬਾਲ ਨਾਲ ਸਬੰਧਤ ਉਹ ਖਿਡਾਰੀ ਸਾਹਮਣੇ ਆਏ ਹਨ ਜੋ ਪਿਛਲੇ ਪੰਜ ਸਾਲਾਂ ਤੋਂ ਨੌਕਰੀ ਦੀ ਉਡੀਕ ਵਿੱਚ ਹਨ, 125 ਖਿਡਾਰੀਆਂ ਦੀ ਲਿਸਟ ਵਿੱਚ ਬੇਸਬਾਲ ਨਾਲ ਸਬੰਧਤ ਦੋ ਖਿਡਾਰੀਆਂ ਦਾ ਨਾਮ ਇਸ ਲਿਸਟ ਵਿੱਚ ਆ ਗਿਆ ਸੀ ਪਰ ਉਨ੍ਹਾਂ ਨੂੰ ਜੁਆਇਨ ਹੀ ਨਹੀਂ ਕਰਵਾਇਆ ਜਾ ਰਿਹਾ । ਨਾ ਇਹ ਦੱਸਿਆ ਜਾ ਰਿਹਾ ਹੈ ਕਿ ਬੇਸਬਾਲ ਵਾਲੇ ਖਿਡਾਰੀਆਂ ਨੂੰ ਲਿਸਟ ਵਿੱਚੋਂ ਕਿਉਂ ਬਾਹਰ ਕੀਤਾ ਗਿਆ ਹੈ।
ਕਈ ਦਰਜਨ ਮੈਡਲ ਚੱਕੀ ਇਹ ਖਿਡਾਰੀ ਚੰਡੀਗੜ੍ਹ ਪਹੁੰਚੇ ਸਨ। ਜਿਨ੍ਹਾਂ ਪ੍ਰੈੱਸ ਸਾਹਮਣੇ ਆਪਣੇ ਦੁੱਖੜੇ ਰੋਏ।
ਖਿਡਾਰੀ ਪੂਨਮ ਅਤੇ ਕੋਚ ਸਤੀਸ਼ ਨੇ ਦੱਸਿਆ ਕਿ ਉਹ ਬਹੁਤ ਗ਼ਰੀਬ ਘਰੋਂ ਹਨ। ਸਖ਼ਤ ਮਿਹਨਤ ਤੋਂ ਬਾਅਦ ਉਹ ਖਿਡਾਰੀ ਬਣੇ ਸਨ ਅਤੇ ਉਮੀਦ ਜਾਗੀ ਸੀ ਕਿ ਉਨ੍ਹਾਂ ਦਾ ਭਵਿੱਖ ਵਧੀਆ ਬਣ ਜਾਵੇਗਾ ਪਰ ਹੁਣ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਿਹਾ। ਇਨ੍ਹਾਂ ਦੋਨੋਂ ਖਿਡਾਰੀਆਂ ਦੀ ਭਰਤੀ ਬਤੌਰ ਪੁਲਸ ਇੰਸਪੈਕਟਰ ਹੋ ਗਈ ਸੀ ਪਰ ਅਜੇ ਤੱਕ ਵੀ ਇਹ ਨੌਕਰੀਆਂ ਨੂੰ ਤਰਸ ਰਹੇ ਹਨ।
ਉਹਨਾਂ ਦੱਸਿਆ ਕਿ ਕੋਈ ਕਾਰਨ ਵੀ ਨਹੀਂ ਦੱਸਿਆ ਜਾ ਰਿਹਾ ਕਿ ਕਿਉਂ ਉਨ੍ਹਾਂ ਨੂੰ ਨੌਕਰੀ ਨਹੀਂ ਦਿੱਤੀ ਜਾ ਰਹੀ। ਇਨ੍ਹਾਂ ਖਿਡਾਰੀਆਂ ਨੇ ਮੰਗ ਕੀਤੀ ਕਿ ਸੂਬਾ ਸਰਕਾਰ ਉਨ੍ਹਾਂ ਨਾਲ ਕੀਤੇ ਗਏ ਵਾਅਦੇ ਨੂੰ ਨਿਭਾਵੇ ਅਤੇ ਜਲਦ ਤੋਂ ਜਲਦ ਉਨ੍ਹਾਂ ਨੂੰ ਐਲਾਨ ਕੀਤੀ ਗਈ ਨੌਕਰੀ ਦਿੱਤੀ ਜਾਵੇ।
ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਤਾਂ ਮੁੱਖ ਮੰਤਰੀ ਨੇ ਪੈਰਾ ਖਿਡਾਰੀਆਂ ਨੂੰ ਛੇਤੀ ਹੀ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਸੀ , ਪਰ ਹੁਣ ਇਨ੍ਹਾਂ ਖਿਡਾਰੀਆਂ ਦੀ ਕਦੋਂ ਸੁਣੀ ਜਾਂਦੀ ਹੈ ਇਹ ਵੇਖਣਾ ਹੋਵੇਗਾ।