ਨਗਰ ਨਿਗਮ ਦੇ 170 ਕੰਟਰੈਕਟ ਮੁਲਾਜ਼ਮਾਂ ਨੂੰ ਇੱਕੋ ਆਦੇਸ਼ ‘ਤੇ ਬਿਨਾਂ ਕਾਰਨ ਦੱਸੇ ਕੱਢਿਆ ਗਿਆ: ਮੋਹਾਲੀ ਮੇਅਰ

Prabhjot Kaur
2 Min Read

ਮੋਹਾਲੀ: ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਅਸੀਂ ਆਊਟਸੋਰਸਿੰਗ ਏਜੰਸੀ ‘ਸੰਪਰਕ’ ਰਾਹੀਂ ਠੇਕੇ ‘ਤੇ ਕੰਮ ਕਰ ਰਹੇ ਨਗਰ ਨਿਗਮ ਦੇ 170 ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਬਹਾਲ ਕਰਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ। ਉਹਨਾਂ ਨੇ ਅੱਗੇ ਕਿਹਾ ਕਿ ਕਰਮਚਾਰੀਆਂ ਨੂੰ ਇੰਨੇ ਵੱਡੇ ਪੱਧਰ ਦੇ ਕੱਢਣ ਦਾ ਫੈਸਲਾ ਬਹੁਤ ਹੀ ਮੰਦਭਾਗਾ ਹੈ, ਜੋ ਉਨ੍ਹਾਂ ਦੇ ਪਰਿਵਾਰਾਂ ਤੇ ਸਿੱਧਾ ਅਸਰ ਪਾਵੇਗਾ । ਮੇਅਰ ਨੇ ਕਿਹਾ, “ਮੈਂ ਸਾਰੇ MC ਕਰਮਚਾਰੀਆਂ ਨੂੰ ਬਿਨਾਂ ਕਿਸੇ ਫਰਕ ਦੇ ਆਪਣੀ ਟੀਮ ਦਾ ਹਿੱਸਾ ਸਮਝਦਾ ਹਾਂ, ਜਦੋਂ ਤੱਕ ਉਨ੍ਹਾਂ ਦੀਆਂ ਸੇਵਾਵਾਂ ਦੁਬਾਰਾ ਬਹਾਲ ਨਹੀਂ ਕੀਤੀਆਂ ਜਾਂਦੀਆਂ ਉਦੋਂ ਤੱਕ ਉਨ੍ਹਾਂ ਦੇ ਨਾਲ ਖੜ੍ਹਾ ਰਹਾਂਗਾ।”

ਸਿੱਧੂ ਨੇ ਦੱਸਿਆ ਇਹ ਫੈਸਲਾ ਲੈਣ ਤੋਂ ਪਹਿਲਾਂ ਸਾਡੇ ਨਾਲ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਰੋਸ ਤੋਂ ਬਚਣ ਲਈ ਇਨ੍ਹਾਂ ਮੁਲਾਜ਼ਮਾਂ ਨੂੰ ਪੱਕੀ ਸੇਵਾ ਵਿੱਚ ਪਹਿਲ ਦੇਣ ਦਾ ਭਰੋਸਾ ਦਿੱਤਾ ਗਿਆ ਹੈ ਪਰ ਅਜੇ ਤੱਕ ਕਾਗਜ਼ਾਂ ਵਿੱਚ ਕੁੱਝ ਨਹੀਂ ਹੈ। ਜੇਕਰ ਏਹੋ ਜਿਹੀ ਕੋਈ ਗੱਲ ਹੈ ਤਾਂ ਉਹਨਾਂ ਦੀ ਸੇਵਾਵਾਂ ਬਿਨਾਂ ਕਿਸੇ ਨੋਟਿਸ ਤੋਂ ਵਾਪਸ ਕਿਊਂ ਲੈ ਲਿਆ ਗਿਆ।

ਉਨ੍ਹਾਂ ਅੱਗੇ ਦੱਸਿਆ ਕਿ ਵਿਧਾਇਕ ਕੁਲਵੰਤ ਸਿੰਘ ਨੇ ਕੱਲ੍ਹ ਨਗਰ ਨਿਗਮ ਦਫ਼ਤਰ ਵਿੱਚ ਮੀਟਿੰਗ ਕੀਤੀ, ਮੀਟਿੰਗ ਤੋਂ ਤੁਰੰਤ ਬਾਅਦ ਮੁਲਾਜ਼ਮਾਂ ਨੂੰ ਸੁਨੇਹਾ ਆ ਗਿਆ। ਉਨ੍ਹਾਂ ਸਵਾਲ ਕੀਤਾ ਕਿ ਇਹ ਕਿਵੇਂ ਸੰਭਵ ਹੋ ਸਕਦਾ ਹੈ ਕਿ ਮੋਹਾਲੀ ਦੇ ਮੌਜੂਦਾ ਵਿਧਾਇਕ ਨੂੰ ਇਸ ਗੱਲਬਾਤ ਦੀ ਕੋਈ ਜਾਣਕਾਰੀ ਨਾ ਹੋਵੇ। ਸਿੱਧੂ ਨੇ ਕਿਹਾ ਜੇਕਰ ਇਸ ਗੱਲ ਦਾ ਉਨ੍ਹਾਂ ਨੂੰ ਪਤਾ ਲੱਗ ਗਿਆ ਹੈ ਤਾਂ ਕਰਮਚਾਰੀਆਂ ਦੇ ਹੱਕਾਂ ਲਈ ਖੜ੍ਹਾ ਹੋਣਾ ਚਾਹੀਦਾ ਹੈ।

ਉਨ੍ਹਾਂ ਅੱਗੇ ਕਿਹਾ ਕਿ “ਮੈਂ ਨਿੱਜੀ ਤੌਰ ‘ਤੇ ਮੁੱਖ ਮੰਤਰੀ, ਭਗਵੰਤ ਮਾਨ ਜੀ ਨੂੰ ਇਸ ਮਾਮਲੇ ਦਾ ਤੁਰੰਤ ਨੋਟਿਸ ਲੈਣ ਅਤੇ ਜਲਦੀ ਹੱਲ ਕਰਨ ਲਈ ਬੇਨਤੀ ਕਰਾਂਗਾ”। ਉਨ੍ਹਾਂ ਦੱਸਿਆ ਕਿ ਅਜਿਹੇ ਕਈ ਮੁਲਾਜ਼ਮ ਫਾਇਰ ਸਟੇਸ਼ਨ, ਸ਼ਮਸ਼ਾਨ ਘਾਟ ਅਤੇ ਡਾਟਾ ਐਂਟਰੀ ਆਪਰੇਟਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਾਰੇ ਆਮ ਪਰਿਵਾਰਾਂ ਨਾਲ ਸਬੰਧਤ ਰੱਖਦੇ ਹਨ ਅਤੇ ਸੇਵਾ ਤੋਂ ਬਿਨਾਂ ਉਨ੍ਹਾਂ ਲਈ ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਕਰਨਾ ਬਹੁਤ ਮੁਸ਼ਕਲ ਹੈ।

- Advertisement -

 

Share this Article
Leave a comment