ਚੰਡੀਗੜ੍ਹ: ਮੌੜ ਮੰਡੀ ਬੰਬ ਬਲਾਸਟ ਮਾਮਲੇ ਵਿੱਚ ਹਾਈ ਕੋਰਟ ਨੇ ਐੱਸਆਈਟੀ ਦੀ ਜਾਂਚ ‘ਚ ਅਸੰਤੁਸ਼ਟੀ ਜ਼ਾਹਰ ਕੀਤੀ ਹੈ। ਜਾਂਚ ‘ਚ ਇਤਰਾਜ਼ ਜਤਾਉਂਦੇ ਹੋਏ ਹਾਈਕੋਰਟ ਨੇ ਕਿਹਾ ਕਿ ਐੱਸਆਈਟੀ ਦੋ ਹਫ਼ਤਿਆਂ ਵਿੱਚ ਇਸ ਮਾਮਲੇ ਦੇ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰੇ। ਇਹ ਫੈਸਲਾ ਜਸਟਿਸ ਰਾਜੀਵ ਸ਼ਰਮਾ ਅਤੇ ਜਸਟਿਸ ਅਰੁਣ ਪੱਲੀ ਦੀ ਅਦਾਲਤ ਨੇ ਸੁਣਾਇਆ ਹੈ। ਇਸ ਦੇ ਨਾਲ ਹੀ ਅਦਾਲਤ ਨੇ ਕਿਹਾ ਕਿ ਜੇਕਰ ਸਥਿਤੀਆਂ ਠੀਕ ਰਹਿੰਦੀਆਂ ਹਨ ਤਾਂ ਪਟੀਸ਼ਨਰ ਟਰਾਇਲ ਕੋਰਟ ਨੂੰ ਇਸ ਮਾਮਲੇ ਵਿੱਚ ਅਪ੍ਰੋਚ ਕਰਨ।
ਇਸ ਮਾਮਲੇ ਵਿੱਚ ਗੁਰਜੀਤ ਸਿੰਘ ਪਾਤੜਾਂ ਨੇ ਇਸ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੇ ਲਈ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਹਾਈਕੋਰਟ ਨੇ ਪੁਰਾਣੀ ਐੱਸਆਈਟੀ ਨੂੰ ਭੰਗ ਕਰ ਦਿੱਤਾ ਅਤੇ ਡੀਜੀਪੀ ਲਾਅ ਐਂਡ ਆਰਡਰ ਦੀ ਨਿਗਰਾਨੀ ਹੇਠ ਨਵੀਂ ਐੱਸਆਈਟੀ ਬਣਾਉਣ ਦੇ ਨਿਰਦੇਸ਼ ਦਿੱਤੇ ਸਨ। ਜਿਸ ਤੋਂ ਬਾਅਦ ਐੱਸਆਈਟੀ ਨੇ 18 ਅਕਤੂਬਰ 2019 ਨੂੰ ਇਸ ਮਾਮਲੇ ਦੀ ਜਾਂਚ ਪੂਰੀ ਕਰ ਲਈ ਸੀ। ਇਸ ਤੋਂ ਬਾਅਦ 29 ਜਨਵਰੀ 2020 ਨੂੰ ਐੱਸਆਈਟੀ ਨੇ ਟਰਾਇਲ ਕੋਰਟ ਵਿਚ ਚਲਾਨ ਪੇਸ਼ ਕਰ ਦਿੱਤਾ ਸੀ।