ਪੰਜਾਬ ਵਿਚ ਅੱਜ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਮਹਾਂ-ਹੜਤਾਲ

Global Team
4 Min Read

ਚੰਡੀਗੜ੍ਹ: ਆਪਣੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਦੇ 3 ਲੱਖ ਤੋਂ ਵੱਧ ਸਰਕਾਰੀ ਮੁਲਾਜ਼ਮ ਅਤੇ 4 ਲੱਖ ਤੋਂ ਵਧੇਰੇ ਪੈਨਸ਼ਨਰ 27 ਅਗਸਤ ਨੂੰ ਪੂਰੇ ਸੂਬੇ ਵਿੱਚ ਇੱਕ ਰੋਜ਼ਾ ਵਿਸ਼ਾਲ ਮਹਾਂ-ਹੜਤਾਲ ਕਰ ਰਹੇ ਹਨ। ਪੰਜਾਬ ਵਿਚ ਅੱਜ ਸਾਰੇ ਸਰਕਾਰੀ ਦਫ਼ਤਰ, ਹਸਪਤਾਲ-ਡਿਸਪੈਂਸਰੀਆਂ ਦੀ ਓਪੀਡੀ (OPD) ਅਤੇ ਸਿੱਖਿਆ ਅਦਾਰੇ ਪੂਰੀ ਤਰ੍ਹਾਂ ਬੰਦ ਰਹਿਣਗੇ।

ਸਾਂਝਾ ਮੁਲਾਜ਼ਮ ਮੰਚ ਪੰਜਾਬ ਨੇ ਘੋਸ਼ਣਾ ਕੀਤੀ ਸੀ ਕਿ ਸਰਕਾਰੀ ਬੱਸਾਂ ਦੇ ਡਰਾਈਵਰ-ਕੰਡਕਟਰ ਵੀ ਹੜਤਾਲ ‘ਤੇ ਰਹਿਣਗੇ, ਪਰ ਬੁੱਧਵਾਰ ਨੂੰ ਉਨ੍ਹਾਂ ਦੀ ਵਿੱਤ ਮੰਤਰੀ ਨਾਲ ਬੈਠਕ ਹੋਈ। ਇਸ ਤੋਂ ਬਾਅਦ ਉਨ੍ਹਾਂ ਨੇ ਰੱਖੜੀ ਦਾ ਹਵਾਲਾ ਦੇ ਕੇ ਹੜਤਾਲ ਵਿਚ ਸ਼ਾਮਿਲ ਹੋਣ ਤੋਂ ਮਨ੍ਹਾ ਕਰ ਦਿੱਤਾ। ਦੂਜੇ ਪਾਸੇ, ਪੰਜਾਬ ਭਰ ਵਿਚ ਅਫ਼ਸਰਾਂ ਦੀਆਂ ਕਾਰਾਂ ਚਲਾਉਣ ਵਾਲੇ ਡਰਾਈਵਰ ਵੀ ਹੜਤਾਲ ‘ਤੇ ਹਨ। ਅਜਿਹੇ ਵਿਚ ਅਫ਼ਸਰਾਂ ਨੂੰ ਦਫ਼ਤਰ ਆਉਣ ਵਿਚ ਵੀ ਮੁਸ਼ਕਿਲ ਹੋਵੇਗੀ। ‘ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਯੂਟੀ’ ਦੇ ਸੱਦੇ ‘ਤੇ ਕੀਤੀ ਜਾ ਰਹੀ ਇਸ ਹੜਤਾਲ ਕਾਰਨ ਪੰਜਾਬ ਸਿਵਲ ਸਕੱਤਰੇਤ ਤੋਂ ਲੈ ਕੇ ਸਰਕਾਰੀ ਸਕੂਲਾਂ, ਪਟਵਾਰਖ਼ਾਨਿਆਂ, ਸਰਕਾਰੀ ਹਸਪਤਾਲਾਂ ਦੀਆਂ ਓਪੀਡੀ (OPD) ਸੇਵਾਵਾਂ ਅਤੇ ਸਰਕਾਰੀ ਜਨਤਕ ਟਰਾਂਸਪੋਰਟ ਸਮੇਤ ਸਮੁੱਚਾ ਸਰਕਾਰੀ ਕੰਮਕਾਜ ਪੂਰੀ ਤਰ੍ਹਾਂ ਪ੍ਰਭਾਵਿਤ ਰਹੇਗਾ। ਇਸ ਦੇ ਨਾਲ ਹੀ ਪੰਜਾਬ ਹੈੱਡਮਾਸਟਰਜ਼ ਐਸੋਸੀਏਸ਼ਨ ਵੱਲੋਂ ਵੀ ਇਸ ਹੜਤਾਲ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਹੈ।

ਜਲੰਧਰ ਤੋਂ ਜਥੇਬੰਦੀ ਦੇ ਪ੍ਰਧਾਨ ਤਜਿੰਦਰ ਸਿੰਘ ਨੰਗਲ ਨੇ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਇਹ ਕੋਈ ‘ਪੰਜਾਬ ਬੰਦ’ ਦਾ ਸੱਦਾ ਨਹੀਂ ਹੈ, ਸਗੋਂ ਸਰਕਾਰੀ ਮੁਲਾਜ਼ਮਾਂ ਦੀ ਆਪਣੇ ਹੱਕਾਂ ਲਈ ਮਹਾਂ-ਹੜਤਾਲ ਹੈ। ਇਸੇ ਤਰ੍ਹਾਂ ਮੋਰਚੇ ਦੇ ਕਨਵੀਨਰ ਦਵਿੰਦਰ ਸਿੰਘ ਬੈਨੀਪਾਲ ਨੇ ਜਾਣਕਾਰੀ ਦਿੱਤੀ ਕਿ ਸੂਬੇ ਵਿੱਚ ਕਿਸੇ ਵੀ ਥਾਂ ਕੋਈ ਚੱਕਾ ਜਾਮ ਨਹੀਂ ਕੀਤਾ ਜਾਵੇਗਾ। ਨਿੱਜੀ ਅਦਾਰੇ, ਸਕੂਲ-ਕਾਲਜ, ਦੁਕਾਨਾਂ, ਬਾਜ਼ਾਰ ਅਤੇ ਆਮ ਜਨਤਾ ਦੀ ਆਵਾਜਾਈ ਬਿਲਕੁਲ ਆਮ ਵਾਂਗ ਜਾਰੀ ਰਹੇਗੀ ਤਾਂ ਜੋ ਆਮ ਸ਼ਹਿਰੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਜਾਂ ਖੱਜਲ-ਖ਼ੁਆਰੀ ਦਾ ਸਾਹਮਣਾ ਨਾ ਕਰਨਾ ਪਵੇ।

ਮਹਾਹੜਤਾਲ ਦੇ ਵਿਚਕਾਰ ਮੁੱਖ ਮੰਤਰੀ ਭਗਵੰਤ ਮਾਨ ਨਾਲ ਕਰਮਚਾਰੀ ਸੰਗਠਨਾਂ ਦੀ ਅੱਜ ਦੁਪਹਿਰ 1 ਵਜੇ ਜਲੰਧਰ ਵਿਚ ਮੀਟਿੰਗ ਹੋਵੇਗੀ। ਕਰਮਚਾਰੀਆਂ ਨੇ ਸਾਫ਼ ਕਰ ਦਿੱਤਾ ਹੈ ਕਿ ਮੁੱਖ ਮੰਤਰੀ ਨਾਲ ਬੈਠਕ ਰਹੇਗੀ, ਪਰ ਹੜਤਾਲ ਵੀ ਜਾਰੀ ਰਹੇਗੀ।
ਸਾਂਝਾ ਮੁਲਾਜ਼ਮ ਮੰਚ ਪੰਜਾਬ ਦੇ ਕਨਵੀਨਰ ਹਰਨੇਕ ਸਿੰਘ ਨੇ ਕਿਹਾ ਕਿ ਅੱਜ ਕਿਸੇ ਵੀ ਤਰ੍ਹਾਂ ਦਾ ਚੱਕਾ ਜਾਮ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਆਮ ਜਨਤਾ ਦੀ ਆਵਾਜਾਈ ਰੋਕੀ ਜਾਵੇਗੀ। ਬਾਜ਼ਾਰ, ਦੁਕਾਨਾਂ ਅਤੇ ਸਾਰੇ ਨਿੱਜੀ ਅਦਾਰੇ ਆਮ ਵਾਂਗ ਕੰਮ ਕਰਨਗੇ। ਸਰਕਾਰੀ ਕਰਮਚਾਰੀ ਸਮੂਹਿਕ ਛੁੱਟੀ ‘ਤੇ ਰਹਿਣਗੇ ਅਤੇ ਕੰਮ ਨਹੀਂ ਕਰਨਗੇ। ਡਰਾਈਵਰ ਅਫ਼ਸਰਾਂ ਦੀਆਂ ਗੱਡੀਆਂ ਵੀ ਨਹੀਂ ਚਲਾਉਣਗੇ।
ਯੂਨੀਅਨ ਨੇ ਚੋਣ ਕਮਿਸ਼ਨ ਨੂੰ ਰਸਮੀ ਪੱਤਰ ਲਿਖ ਕੇ ਅਵਗਤ ਕਰਵਾ ਦਿੱਤਾ ਹੈ ਕਿ ਅੱਜ ਐੱਸ.ਆਈ.ਆਰ. ਡਿਊਟੀ ਵਿਚ ਲੱਗੇ ਕਰਮਚਾਰੀ ਵੀ ਸਮੂਹਿਕ ਅਵਕਾਸ਼ ‘ਤੇ ਹਨ ਅਤੇ ਕੋਈ ਕੰਮ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਫ਼ਸਰ ਕਿਸੇ ਵੀ ਕਰਮਚਾਰੀ ਨੂੰ ਕੰਮ ਕਰਨ ਲਈ ਮਜਬੂਰ ਨਾ ਕਰਨ।
ਖਜ਼ਾਨਾ ਦਫ਼ਤਰ ਦੇ ਕਰਮਚਾਰੀ ਵੀ ਹੜਤਾਲ ‘ਤੇ ਹਨ। ਉਨ੍ਹਾਂ ਅਫ਼ਸਰਾਂ ਨੂੰ ਕਿਹਾ ਕਿ ਉਹ ਖਜ਼ਾਨਾ ਦਫ਼ਤਰ ਦੇ ਕਰਮਚਾਰੀਆਂ ‘ਤੇ ਦਬਾਅ ਪਾ ਕੇ ਉਨ੍ਹਾਂ ਤੋਂ ਔਨਲਾਈਨ ਵੀ ਕੰਮ ਨਾ ਕਰਵਾਉਣ।
ਹਰਨੇਕ ਸਿੰਘ ਨੇ ਕਿਹਾ ਕਿ ਸਰਕਾਰੀ ਕਰਮਚਾਰੀ ਕਿਸੇ ਵੀ ਤਰ੍ਹਾਂ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਗੇ। ਉਨ੍ਹਾਂ ਪਬਲਿਕ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਅੱਜ ਆਪਣੇ ਕੰਮ-ਕਾਜ ਲਈ ਸਰਕਾਰੀ ਦਫ਼ਤਰਾਂ ਵਿਚ ਨਾ ਆਉਣ। ਦਫ਼ਤਰਾਂ ਵਿਚ ਕੋਈ ਕਰਮਚਾਰੀ ਨਹੀਂ ਮਿਲਣਗੇ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment