ਚੰਡੀਗੜ੍ਹ : ਮਾਨਸਾ ‘ਚ ਭਿਆਨਕ ਸੜਕ ਹਾਦਸਾ ਵਾਪਰਿਆ ਇਸ ਹਾਦਸੇ ‘ਚ ਚਾਰ ਲੋਕਾਂ ਦੀ ਮੌਤ ਹੋ ਗਈ। ਦੱਸ ਦਈਏ ਕਿ ਮਾਨਸਾ ਦੇ ਪਿੰਡ ਸਰਦੂਲੇਵਾਲਾ ‘ਚ ਇਹ ਹਾਦਸਾ ਸ਼ੁੱਕਰਵਾਰ ਦੇਰ ਰਾਤ ਵਾਪਰਿਆ ਜਿਥੇ ਕਿ ਇੱਕ ਕਾਰ ਅਤੇ ਟਰੱਕ ਵਿਚਕਾਰ ਟੱਕਰ ਹੋ ਗਈ। ਕਾਰ ਸਵਾਰ ਇੱਕੋ ਪਰਿਵਾਰ ਦੇ ਚਾਰ ਲੋਕਾਂ ਦੀ ਮੌਤ ਹੋ ਗਈ। ਮਰਨ ਵਾਲੇ ਸਾਰੇ ਹਰਿਆਣਾ ਦੇ ਸਿਰਸਾ ਦੇ ਰਹਿਣ ਵਾਲੇ ਸਨ।
ਮ੍ਰਿਤਕਾਂ ਵਿੱਚ ਪਤੀ-ਪਤਨੀ ਅਤੇ ਉਨ੍ਹਾਂ ਦੇ ਦੋ ਰਿਸ਼ਤੇਦਾਰ ਸ਼ਾਮਲ ਹਨ। ਹਾਲਾਂਕਿ ਕਾਰ ਚਾਲਕ ਬਚ ਗਿਆ, ਜਿਸ ਦੀ ਹਾਲਤ ਗੰਭੀਰ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਅਰਟਿਗਾ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ। ਉੱਥੇ ਹੀ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮ੍ਰਿਤਕਾਂ ਤੇ ਜ਼ਖਮੀ ਨੂੰ ਹਸਪਤਾਲ ਪਹੁੰਚਾਇਆ।
ਜਾਣਕਾਰੀ ਅਨੁਸਾਰ ਹਰਿਆਣਾ ਦੇ ਸਿਰਸਾ ਨਿਵਾਸੀ ਅਸ਼ੋਕ ਕੁਮਾਰ (60), ਉਨ੍ਹਾਂ ਦੀ ਪਤਨੀ ਊਸ਼ਾ ਰਾਣੀ (59), ਸੱਸ ਰਾਧਾ ਦੇਵੀ (95) ਅਤੇ ਸਾਲੀ ਰੀਤੂ (53) ਦੇ ਨਾਲ ਚੰਡੀਗੜ੍ਹ ਤੋਂ ਕਿਸੇ ਵਿਆਹ ਸਮਾਗਮ ਵਿੱਚ ਸ਼ਾਮਿਲ ਹੋ ਕੇ ਅਰਟਿਗਾ ਗੱਡੀ ਵਿੱਚ ਆਪਣੇ ਪਿੰਡ ਪਰਤ ਰਹੇ ਸਨ। ਮਾਨਸਾ ਦੇ ਪਿੰਡ ਸਰਦੂਲੇਵਾਲਾ ਦੇ ਕੋਲ ਦੇਰ ਰਾਤ ਉਨ੍ਹਾਂ ਦੀ ਅਰਟਿਗਾ ਗੱਡੀ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟਕਰਾ ਗਈ, ਜਿਸ ਵਿੱਚ ਉਕਤ ਚਾਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕਾਰ ਚਾਲਕ ਸੰਦੀਪ ਸਿੰਘ ਨਿਵਾਸੀ ਪਿੰਡ ਫਰਮਾਹੀ (ਹਰਿਆਣਾ) ਨੂੰ ਗੰਭੀਰ ਸੱਟਾਂ ਲੱਗੀਆਂ ਹਨ।
ਐਸ.ਐਚ.ਓ. (SHO) ਦੇ ਮੁਤਾਬਕ, ਹਾਦਸਾ ਹੁੰਦੇ ਹੀ ਆਸ-ਪਾਸ ਦੇ ਲੋਕ ਮੌਕੇ ‘ਤੇ ਪਹੁੰਚ ਗਏ ਸਨ। ਉਨ੍ਹਾਂ ਨੇ ਹੀ ਸ਼ੁਰੂਆਤੀ ਬਚਾਅ ਕਾਰਜ ਕੀਤਾ। ਹਾਦਸੇ ਦੀ ਸੂਚਨਾ ਮਿਲਦੇ ਹੀ ਸਰਦੂਲਗੜ੍ਹ ਪੁਲਿਸ ਵੀ ਤੁਰੰਤ ਮੌਕੇ ‘ਤੇ ਪਹੁੰਚ ਗਈ ਸੀ। ਸਭ ਤੋਂ ਪਹਿਲਾਂ ਕਾਰ ਡਰਾਈਵਰ ਸੰਦੀਪ ਕੁਮਾਰ ਨੂੰ ਬਾਹਰ ਕੱਢਿਆ ਗਿਆ, ਕਿਉਂਕਿ ਉਹ ਜ਼ਿੰਦਾ ਸੀ ਅਤੇ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਸਨ। ਉਸ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ। ਇਸ ਤੋਂ ਬਾਅਦ ਕਾਰ ਦੀ ਬਾਡੀ ਨੂੰ ਕੱਟ ਕੇ ਅੰਦਰੋਂ ਮ੍ਰਿਤਕਾਂ ਦੀਆਂ ਲਾਸ਼ਾਂ ਬਾਹਰ ਕੱਢੀਆਂ ਗਈਆਂ।
ਐਸਐਚਓ ਗਣੇਸ਼ਵਰ ਕੁਮਾਰ ਨੇ ਕਿਹਾ ਕਿ ਪਹਿਲਾ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਸੀ। ਇਸ ਦੌਰਾਨ, ਕਾਰ ਵਿੱਚ ਇੱਕ ਮੋਬਾਈਲ ਫੋਨ ‘ਤੇ ਇੱਕ ਕਾਲ ਆਈ, ਜਿਸ ਤੋਂ ਪਤਾ ਲੱਗਾ ਕਿ ਪਰਿਵਾਰ ਸਿਰਸਾ, ਹਰਿਆਣਾ ਦਾ ਰਹਿਣ ਵਾਲਾ ਹੈ। ਚਾਰਾਂ ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਗਈਆਂ ਹਨ।

