ਚੰਡੀਗੜ੍ਹ (ਬਿੰਦੂ ਸਿੰਘ ) : ਬੁਢਲਾਡਾ ਤੋਂ ‘ਆਪ’ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਪੱਤਰ ਲਿਖ ਕੇ ਅੰਤਰਰਾਸ਼ਟਰੀ ਖਿਡਾਰਨ ਹਰਦੀਪ ਕੌਰ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਪੂਰਾ ਕਰਨ ਸਬੰਧੀ ਕਿਹਾ।
ਪ੍ਰਿੰਸੀਪਲ ਬੁੱਧਰਾਮ ਨੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਪੱਤਰ ਰਾਹੀਂ ਯਾਦ ਕਰਵਾਇਆ ਹੈ ਕਿ ਪਿੰਡ ਗੁਰਨੇ ਕਲਾਂ ਦੀ ਇੰਟਰਨੈਸ਼ਨਲ ਖਿਡਾਰਨ ਹਰਦੀਪ ਕੌਰ ਨੂੰ ਉਨ੍ਹਾਂ ਵੱਲੋਂ 2018 ਵਿਚ ਸਨਮਾਨਿਤ ਕਰਨ ਤੋਂ ਇਲਾਵਾ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਤਿੰਨ ਸਾਲ ਹੋ ਗਏ, ਇਹ ਖਿਡਾਰਨ ਆਰਥਿਕ ਤੰਗੀ ਹੋਣ ਕਾਰਨ ਅੱਜ ਖੇਤਾਂ ‘ਚ ਝੋਨਾ ਲਾਉਣ ਲਈ ਮਜਬੂਰ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਖਿਡਾਰਨ ਨੇ 20 ਤਮਗੇ ਜਿੱਤ ਕੇ ਪੰਜਾਬ ਅਤੇ ਦੇਸ਼ ਦਾ ਨਾਂ ਉੱਚਾ ਕੀਤਾ ਹੈ। ਇਸ ਲਈ ਉਸ ਨੂੰ ਕਲਾਸ ਦੋ ਦੀ ਨੌਕਰੀ ਨਾਲ ਨਿਵਾਜ ਕੇ ਖੇਡ ਮੰਤਰੀ ਆਪਣਾ ਕੀਤਾ ਵਾਅਦਾ ਪੂਰਾ ਕਰਨ।