ਪਟਿਆਲਾ: ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਜ ਬਠਿੰਡਾ ਸਥਿਤ ਡਾ.ਸਤਪਾਲ ਭਠੇਜਾ ਦੇ ਵਿਜੇਪਾਲ ਹਸਪਤਾਲ ‘ਚ ਉਨ੍ਹਾਂ ਨੂੰ ਮਿਲਣ ਪਹੁੰਚੇ। ਡਾ.ਭਠੇਜਾ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਤੇ ਉਨ੍ਹਾਂ ਦੀ ਸਿਹਤ ਦਾ ਪਤਾ ਲਗਾਉਣ ਲਈ ਆਪਣੇ ਸਾਥੀਆਂ ਸਣੇ ਪੁੱਜੇ ਖ਼ਜ਼ਾਨਾ ਮੰਤਰੀ ਨੇ ਕਿਹਾ ਕਿ ਡਾਕਟਰ ਸਾਹਿਬ ਨੂੰ ਦੀਨ ਦੁਖੀਆਂ ਦੀ ਸਹਾਇਤਾ ਕਰਨਾ ਗੁੜਤੀ ਵਿਚ ਹੀ ਆਸ਼ੀਰਵਾਦ ਦੇ ਤੌਰ ਤੇ ਮਿਲਿਆ ਹੈ।
ਉਨ੍ਹਾਂ ਕਿਹਾ ਕਿ ਡਾਕਟਰ ਸਤਪਾਲ ਜੀ ਵੱਲੋਂ ਪੋਲਿਸੀ ਵੈੱਲਫੇਅਰ ਫ਼ੰਡ ਵਿੱਚ 2.5 ਲੱਖ ਰੁਪਏ ਤੇ ਡਿਸਟ੍ਰਿਕਟ ਵੈੱਲਫੇਅਰ ਫੰਡ ਲਈ 2 ਲੱਖ ਰੁਪਏ ਕੋਰੋਨਾ ਪੀੜਤਾਂ ਲਈ ਵੀ ਸਹਾਇਤਾ ਵਜੋਂ ਦਿੱਤੇ ਗਏ ਸੀ ਇਸ ਲਈ ਮੈਂ ਡਾਕਟਰ ਸਤਪਾਲ ਜੀ ਦਾ ਤਹਿ ਦਿਲੋਂ ਸਵਾਗਤ ਕਰਦਾ ਹਾਂ।
ਇਸ ਤੋਂ ਇਲਾਵਾ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਕੋਰੋਨਾ ਕਾਰਨ ਮੌਤਾਂ ਦੀ ਗਿਣਤੀ ਇੱਥੋਂ ਦੇ ਡਾਕਟਰਾਂ ਨਰਸਾਂ ਸਟਾਫ਼ ਅਤੇ ਸਹਾਇਤਾ ਕਰ ਰਹੇ ਮੈਂਬਰਾਂ ਕਾਰਨ ਘੱਟ ਰਹੀ ਹੈ ਅਤੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ।
ਪੰਜਾਬ ਸਰਕਾਰ ਪਲਾਜ਼ਮਾ ਅਤੇ ਲੋੜੀਂਦੀ ਕੇਅਰ ਤਨੋ ਮਨੋ ਧਨੋ ਕਰ ਰਹੀ ਹੈ। ਵੈਂਟੀਲੇਟਰ ਅਤੇ ਦਵਾਈਆਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਪ੍ਰਮਾਤਮਾ ਨੇ ਚਾਹਿਆ ਤਾਂ ਇਸ ਮਾਰੂ ਰੋਗ ਤੋਂ ਸਾਰੇ ਸੰਸਾਰ ਨੂੰ ਜਲਦ ਹੀ ਛੁਟਕਾਰਾ ਮਿਲ ਜਾਵੇਗਾ, ਉਨ੍ਹਾਂ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣਾ ਮਨੋਬਲ ਉੱਚਾ ਰੱਖੋ।
ਖ਼ਜ਼ਾਨਾ ਮੰਤਰੀ ਨੇ ਕਿਹਾ ਕਿ ਬਠਿੰਡਾ ਵਾਸੀਆਂ ਨੇ ਸਰਕਾਰ ਨੂੰ ਆਪਣੀ ਸਵੈ ਇੱਛਾ ਨਾਲ ਬਹੁਤ ਸਾਰਾ ਫੰਡ ਮੁਹੱਈਆ ਕਰਵਾਇਆ ਅਤੇ ਸਮਾਜ ਸੇਵੀਆਂ ਨੇ ਵੀ ਲੋੜਵੰਦਾਂ ਦੀ ਜੋ ਵਡਮੁੱਲੀ ਸਹਾਇਤਾ ਕੀਤੀ ਹੈ ਉਸ ਲਈ ਮੈਂ ਦਿਲੋਂ ਧੰਨਵਾਦ ਕਰਦਾ ਹਾਂ।