ਬਾਲੀਵੁੱਡ ਦੇ ਦਿੱਗਜ ਅਦਾਕਾਰ ਤੇ ਨਿਰਦੇਸ਼ਕ ਮਨੋਜ ਕੁਮਾਰ ਦਾ ਅੰਤਿਮ ਸਸਕਾਰ ਸ਼ਨੀਵਾਰ ਨੂੰ ਮੁੰਬਈ ਵਿੱਚ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਤਿਰੰਗੇ ਵਿੱਚ ਲਪੇਟ ਕੇ ਜੁਹੂ ਸਥਿਤ ਪਵਨਹੰਸ ਸ਼ਮਸ਼ਾਨਘਾਟ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦੇ ਪੁੱਤਰ ਕੁਨਾਲ ਗੋਸਵਾਮੀ ਨੇ ਅੰਤਿਮ ਅਗਨੀ ਦਿੱਤੀ।
ਮਨੋਜ ਕੁਮਾਰ ਦੇ ਪ੍ਰਸ਼ੰਸਕਾਂ ਲਈ ਉਨ੍ਹਾਂ ਦੇ ਅੰਤਿਮ ਦਰਸ਼ਨਾਂ ਦਾ ਇੰਤਜ਼ਾਮ ਵੀ ਵਿਸ਼ੇਸ਼ ਤਰੀਕੇ ਨਾਲ ਕੀਤਾ ਗਿਆ ਸੀ। ਇੱਕ ਵੱਡੀ ਤਸਵੀਰ ਨਾਲ ਸਜਾਈ ਗਈ ਗੱਡੀ ਰਾਹੀਂ ਉਨ੍ਹਾਂ ਨੂੰ ਵਿਦਾਈ ਦਿੱਤੀ ਗਈ। ਮਨੋਜ ਕੁਮਾਰ ਨੂੰ ਰਾਜਸੀ ਸਨਮਾਨ ਵੀ ਦਿੱਤਾ ਗਿਆ। ਬਾਲੀਵੁੱਡ ਤੋਂ ਕਈ ਮਸ਼ਹੂਰ ਸਿਤਾਰੇ, ਜਿਵੇਂ ਕਿ ਪ੍ਰੇਮ ਚੋਪੜਾ, ਅਮਿਤਾਭ ਬੱਚਨ, ਰਾਜ ਬੱਬਰ, ਸਾਇਰਾ ਬਾਨੋ, ਅਸ਼ੋਕ ਪੰਡਿਤ, ਅਭਿਸ਼ੇਕ ਬੱਚਨ, ਸੁਭਾਸ਼ ਘਈ, ਰਜ਼ਾ ਮੁਰਾਦ ਅਤੇ ਰਾਜਪਾਲ ਯਾਦਵ ਆਦਿ, ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ।
ਜਾਣਕਾਰੀ ਲਈ ਦੱਸਦੇ ਚਲੀਏ ਕਿ ਮਨੋਜ ਕੁਮਾਰ ਲੰਬੇ ਸਮੇਂ ਤੋਂ ਸਿਹਤ ਸਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਸਨ। 21 ਫਰਵਰੀ 2025 ਨੂੰ ਹਾਲਤ ਵਿਗੜਣ ਕਰਕੇ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਉਹ ਸ਼ੁੱਕਰਵਾਰ ਨੂੰ 87 ਸਾਲ ਦੀ ਉਮਰ ਵਿੱਚ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਸੰਸਾਰ ਛੱਡ ਗਏ। ਦੇਸ਼ਭਗਤੀ ਤੇ ਆਧਾਰਤ ਫ਼ਿਲਮਾਂ ਲਈ ਉਹ “ਭਾਰਤ ਕੁਮਾਰ” ਦੇ ਨਾਂਅ ਨਾਲ ਵੀ ਜਾਣੇ ਜਾਂਦੇ ਸਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।