ਨਵੀਂ ਦਿੱਲੀ: ਖੇਤੀਬਾੜੀ ਸਬੰਧਤ ਬਿੱਲਾਂ ਦੇ ਖ਼ਿਲਾਫ਼ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਕੇਂਦਰੀ ਕੈਬਨਿਟ ਤੋਂ ਦਿੱਤੇ ਗਏ ਅਸਤੀਫ਼ੇ ‘ਤੇ ‘ਜਾਗੋ’ ਪਾਰਟੀ ਨੇ ਸਵਾਲ ਚੁੱਕਦੇ ਹੋਏ, ਕੇਂਦਰ ਸਰਕਾਰ ਨੂੰ ਸ਼੍ਰੋਮਣੀ ਕਮੇਟੀ ਚੋਣਾਂ ਛੇਤੀ ਕਰਵਾਉਣ ਦੀ ਮੰਗ ਕੀਤੀ ਹੈ। ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਕਥਿਤ ਕਿਸਾਨ ਪ੍ਰੇਮ ਉੱਤੇ ਚੁਟਕੀ ਲਈ ਹੈ।
ਹਰਸਿਮਰਤ ਬਾਦਲ ਵੱਲੋਂ ਆਪਣੇ ਆਪ ਨੂੰ ਕਿਸਾਨ ਦੀ ਧੀ ਦੱਸਣ ‘ਤੇ ਬੋਲਦੇ ਹੋਏ ਜੀਕੇ ਨੇ ਕਿਹਾ ਕਿ ਜਦੋਂ ਅਕਾਲੀ ਸਰਕਾਰ ਸਮੇਂ ਪੰਜਾਬ ਵਿੱਚ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਸੀ, 1700 ਕਰੋੜ ਰੁਪਏ ਦਾ ਕੀਟਨਾਸ਼ਕ ਘੁਟਾਲਾ ਅਕਾਲੀ ਮੰਤਰੀ ਤੋਤਾ ਸਿੰਘ ਨੇ ਕੀਤਾ ਸੀ ਅਤੇ ਹੁਣ 2020 ਵਿੱਚ ਸ਼੍ਰੋਮਣੀ ਕਮੇਟੀ ਨੇ 60 ਕਰੋੜ ਰੁਪਏ ਦਾ ਦੇਸੀ ਘੀ ਅਤੇ ਸੁੱਕਾ ਦੁੱਧ ਪਾਊਡਰ ਖ਼ਰੀਦਣ ਦਾ ਠੇਕਾ ਪੰਜਾਬ ਦੇ ਵੇਰਕਾ ਦੀ ਜਗਾ ਮਹਾਰਾਸ਼ਟਰ ਦੀ ਸਨੋਈ ਡੇਅਰੀ ਨੂੰ ਦਿੱਤਾ ਸੀ, ਤਦ ਕਿਸਾਨ ਦੀ ਇਹ ਧੀ ਕਿੱਥੇ ਸੀ ? ਹੁਣ ਤਾਂ ਸਤਲੁਜ ਜਮਨਾ ਲਿੰਕ ਨਹਿਰ ਉੱਤੇ ਦਸਤਾਵੇਜ਼ ਸਾਹਮਣੇ ਆ ਗਏ ਹਨ ਕਿ ਅਕਾਲੀ ਸਰਕਾਰ ਨੇ ਦੇਵੀ ਲਾਲ ਦੇ ਨਾਲ ਮਿਲ ਕੇ ਸਭ ਕੁੱਝ ਕਰਵਾਇਆ ਸੀ ਅਤੇ ਸ਼ਾਇਦ ਇਸ ਬਦਲੇ ਹਰਿਆਣਾ ਵਿੱਚ ਹੋਟਲਾਂ ਦੇ ਪਲਾਟ ਵੀ ਇਨ੍ਹਾਂ ਨੂੰ ਮਿਲੇ ਸਨ।
ਜੀਕੇ ਨੇ ਕਿਹਾ ਕਿ ਮੈਂ ਅਰਦਾਸ ਕਰਦਾ ਹਾਂ ਕਿ ਹਰਸਿਮਰਤ ਦੀ ਤਰਾਂ ਹਰ ਕਿਸਾਨ ਦੀ ਧੀ ਹੋਵੇ, ਜਿਸ ਦੇ ਕੋਲ 3 ਫਾਈਵ ਸਟਾਰ ਹੋਟਲ ਹੋਣ, ਮਹਿੰਗੀ ਕਾਰਾਂ ਹੋਣ ਅਤੇ ਪ੍ਰਾਇਵੇਟ ਜੈਟ ਹੋਏ। ਪਰ ਇਹ ਕਿਸਾਨ ਦੀ ਧੀ ਕਿਸਾਨਾਂ ਦੇ ਮਾਮਲਿਆਂ ‘ਤੇ ਗੁਮਰਾਹ ਕਰ ਰਹੀ ਹੈ। ਅੱਜ ਸੱਚ ਇਹ ਹੈਂ ਕਿ ਪੰਜਾਬ ਦਾ ਕਿਸਾਨ ਦੀ ਧੀ ਦੇ ਵਿਆਹ ਲਈ ਤੜਫ ਦਾ ਉਸ ਦਾ ਪਿਤਾ ਖ਼ੁਦਕੁਸ਼ੀ ਕਰ ਰਿਹਾ ਹੈ, ਕਿਸਾਨ ਦੀ ਧੀ ਨੂੰ ਐਨਆਰਆਈ ਲਾੜਾ ਛੱਡ ਕੇ ਵਿਦੇਸ਼ ਚਲਾ ਜਾਂਦਾ ਹੈ।
ਜੀਕੇ ਨੇ ਕਿਹਾ ਕਿ ਅਕਾਲੀ ਦਲ ਦੇ 2 ਕੋਰ ਵੋਟਰ ਸਨ, ਪੰਥ ਅਤੇ ਕਿਸਾਨ। ਪਰ ਅੱਜ ਦੋਨੋਂ ਅਕਾਲੀ ਦਲ ਨੂੰ ਛੱਡ ਗਏ ਹਨ। ਹਰਸਿਮਰਤ ਕਹਿੰਦੀ ਹੈ ਕਿ ਗੁਰੂ ਨਾਨਕ ਸਾਹਿਬ ਨੇ ਕਿਸਾਨੀ ਕੀਤੀ ਸੀ, ਮੈਂ ਇਸ ਲਈ ਕਿਸਾਨਾਂ ਦੀ ਗੱਲ ਕਰ ਰਹੀ ਹਾਂ। ਪਰ ਗੁਰੂ ਅਰਜਨ ਸਾਹਿਬ ਨੇ ‘ਪੋਥੀ’ ਨੂੰ ‘ਪਰਮੇਸ਼ਰ’ ਕਿਹਾ ਸੀ, ਇਸ ਲਈ ਅੱਜ ਗ਼ਾਇਬ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਮਾਮਲੇ ‘ਤੇ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਕਿਉਂ ਨਹੀਂ ਦਿੰਦੇ ? ਜਦਕਿ ਪਰਮੇਸ਼ਰ ਦਾ ਆਦਰ ਰੱਖਣ ਵਿੱਚ ਸੁਖਬੀਰ ਦੇ ਲਿਫ਼ਾਫ਼ੇ ਤੋਂ ਨਿਕਲਿਆ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਾਇਮ ਨਹੀਂ ਰਿਹਾ ਹੈ।
ਜੀਕੇ ਨੇ ਕਿਹਾ ਕਿ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅੱਜ ਬਾਲੀਵੁੱਡ ਵਿੱਚ ਨਸ਼ੇ ਦੀ ਗੱਲ ਕਰਦੇ ਹਨ ਪਰ ਪੰਜਾਬ ਵਿੱਚ ਅਕਾਲੀ ਸਰਕਾਰ ਦੇ ਸਮੇਂ ਫੈਲੇ ਨਸ਼ੇ ਉੱਤੇ ਚੁੱਪ ਰਹਿੰਦੇ ਹਨ। ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ‘ਤੇ ਕਰੋੜਾਂ ਰੁਪਏ ਦੇ ਡਰੱਗਜ਼ ਮਾਮਲੇ ਵਿੱਚ ਪਰਿਵਰਤਨ ਨਿਰਦੇਸ਼ਾਲਾ ਜਾਂਚ ਕਰ ਰਿਹਾ ਹੈ, ਪਰ ਸਿਰਸਾ ਨੂੰ ਇਹ ਨਜ਼ਰ ਨਹੀਂ ਆਉਂਦਾ। ਜੀਕੇ ਨੇ ਕਾਲੀ ਸੂਚੀ ਖ਼ਤਮ ਕਰਨ ਸਹਿਤ ਕਈ ਪੰਥਕ ਕਾਰਜ ਸਰਕਾਰ ਪਾਸੋਂ ਕਰਵਾਉਣ ਦੇ ਹਰਸਿਮਰਤ ਦੇ ਦਾਅਵੇ ‘ਤੇ ਕਿਹਾ ਕਿ ਜੇਕਰ ਹਰਸਿਮਰਤ ਦੀ ਇੰਨੀ ਚੱਲ ਦੀ ਸੀ ਤਾਂ ਜਗਦੀਸ਼ ਟਾਈਟਲਰ ਦੇ ਖ਼ਿਲਾਫ਼ ਮੇਰੇ ਵੀਡੀਓ ਖ਼ੁਲਾਸੇ ਦੇ ਬਾਵਜੂਦ ਟਾਈਟਲਰ ਖ਼ਿਲਾਫ਼ ਐਫਆਈਆਰ ਦਰਜ ਕਿਉਂ ਨਹੀਂ ਕਰਵਾਈ ਗਈ ? ਕਾਲੀ ਸੂਚੀ ਅਤੇ ਕਕਾਰ ਮਾਮਲੇ ਉੱਤੇ ਬਤੌਰ ਦਿੱਲੀ ਕਮੇਟੀ ਪ੍ਰਧਾਨ ਮੈਨੂੰ ਦਿੱਲੀ ਹਾਈਕੋਰਟ ਕਾਹਤੋਂ ਜਾਣਾ ਪਿਆ ? ਗੁਰਦੁਆਰਾ ਗਿਆਨ ਗੋਦੜੀ ਸਾਹਿਬ ਅਤੇ ਗੁਰਦੁਆਰਾ ਡਾਂਗਮਾਰ ਸਾਹਿਬ ਸਾਹਿਬ ਪੰਥ ਦੇ ਹਵਾਲੇ ਕਿਉਂ ਨਹੀਂ ਹੋਏ ?