ਹੁਣ ਚੋਣ ਨਹੀਂ ਲੜਨਾ ਚਾਹੁੰਦੇ ਮੈਨੀਟੋਬਾ ਦੇ ਪ੍ਰੀਮੀਅਰ ਬ੍ਰਾਇਨ ਪੈਲਿਸਤਰ

TeamGlobalPunjab
2 Min Read

ਵਿਨੀਪੈਗ : ਮੈਨੀਟੋਬਾ ਦੇ ਪ੍ਰੀਮੀਅਰ ਬ੍ਰਾਇਨ ਪੈਲਿਸਤਰ ਨੇ ਇੱਕ ਵਾਰ ਫਿਰ ਤੋਂ ਕਿਹਾ ਹੈ ਕਿ ਉਹ ਅਗਲੀਆਂ ਚੋਣਾਂ ਵਿੱਚ ਮੁੜ ਖੜ੍ਹੇ ਨਹੀਂ ਹੋਣਾ ਚਾਹੁੰਦੇ,ਪਰ ਉਹ ਹਾਲ ਦੀ ਘੜੀ ਆਫਿਸ ਵਿੱਚ ਬਣੇ ਰਹਿਣਗੇ।

ਮੰਗਲਵਾਰ ਦੁਪਹਿਰ ਨੂੰ ਪੈਲਿਸਤਰ ਨੇ ਬਰੈਂਡਨ ਵਿੱਚ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਆਫ ਮੈਨੀਟੋਬਾ ਕਾਕਸ ਦੀ ਹੋਈ ਮੀਟਿੰਗ ਵਿੱਚ ਇਹ ਐਲਾਨ ਕੀਤਾ। ਉਨ੍ਹਾਂ ਆਖਿਆ ਕਿ ਉਹ ਮਹਿਸੂਸ ਕਰ ਰਹੇ ਹਨ ਕਿ ਨਵੇਂ ਲੀਡਰ ਤੇ ਪ੍ਰੀਮੀਅਰ ਦੀ ਚੋਣ ਕਰਨ ਦਾ ਸਮਾਂ ਆ ਗਿਆ ਹੈ, ਜਿਹੜਾ ਸਾਡੀ ਪ੍ਰੋਵਿੰਸ ਨੂੰ ਅੱਗੇ ਲਿਜਾ ਸਕੇ।

ਉਨ੍ਹਾਂ ਆਖਿਆ ਕਿ ਉਹ ਅਗਲੀਆਂ ਚੋਣਾਂ ਨਹੀਂ ਲੜਨੀਆਂ ਚਾਹੁੰਦੇ।ਪੈਲਿਸਤਰ ਨੇ 2012 ਵਿੱਚ ਪਾਰਟੀ ਲੀਡਰਸਿ਼ਪ ਜਿੱਤੀ ਤੇ ਉਹ 2016 ਵਿੱਚ ਮੈਨੀਟੋਬਾ ਦੇ 22ਵੇਂ ਪ੍ਰੀਮੀਅਰ ਬਣੇ। 2019 ਵਿੱਚ ਉਹ ਮੁੜ ਪ੍ਰੀਮੀਅਰ ਚੁਣੇ ਗਏ।

ਪੈਲਿਸਤਰ ਨੇ ਆਖਿਆ ਕਿ ਇਸ ਮੌਕੇ ਅਹੁਦੇ ਤੋਂ ਪਾਸੇ ਹੋਣ ਨਾਲ ਪਾਰਟੀ ਮੈਂਬਰਾਂ ਕੋਲ ਨਵਾਂ ਆਗੂ ਚੁਣਨ ਲਈ ਕਾਫੀ ਸਮਾਂ ਹੋਵੇਗਾ। ਇਸ ਦੇ ਨਾਲ ਹੀ ਮੈਨੀਟੋਬਾ ਦੇ ਲੋਕ ਵੀ ਆਪਣੇ ਨਵੇਂ ਆਗੂ ਤੇ ਪ੍ਰੀਮੀਅਰ ਨੂੰ ਚੰਗੀ ਤਰ੍ਹਾਂ ਜਾਣ ਸਕਣਗੇ। ਪ੍ਰੀਮੀਅਰ ਨੇ ਇਹ ਨਹੀਂ ਆਖਿਆ ਕਿ ਉਹ ਕਿਸ ਸਮੇਂ ਅਹੁਦਾ ਛੱਡਣਗੇ ਤੇ ਨਾ ਹੀ ਉਨ੍ਹਾਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਹੀ ਦਿੱਤੇ। ਪੈਲਿਸਤਰ ਦੇ ਪ੍ਰੈੱਸ ਸਕੱਤਰ ਨੇ ਦੱਸਿਆ ਕਿ ਉਹ ਪ੍ਰੀਮੀਅਰ ਬਣੇ ਰਹਿਣਗੇ ਪਰ ਉਨ੍ਹਾਂ ਪਾਰਟੀ ਨੂੰ ਨਵਾਂ ਆਗੂ ਚੁਣਨ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਆਖ ਦਿੱਤਾ ਹੈ।

ਪੈਲਿਸਤਰ ਦੇ ਐਲਾਨ ਤੋਂ ਕੁੱਝ ਦੇਰ ਬਾਅਦ ਹੀ ਟਵਿੱਟਰ ਉੱਤੇ ਬਿਆਨ ਪੋਸਟ ਕਰਕੇ ਪੀਸੀ ਪਾਰਟੀ ਦੇ ਪ੍ਰੈਜ਼ੀਡੈਂਟ ਟੌਮ ਵੀਬੇਅ ਨੇ ਆਖਿਆ ਕਿ ਉਨ੍ਹਾਂ ਨੂੰ ਸਵੇਰੇ ਹੀ ਇਸ ਸੱਭ ਕਾਸੇ ਦਾ ਪਤਾ ਲੱਗਿਆ। ਉਨ੍ਹਾਂ ਆਖਿਆ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਪਾਰਟੀ ਦੀ ਐਗਜ਼ੈਕਟਿਵ ਕਾਊਂਸਲ ਦੀ ਮੀਟਿੰਗ ਰੱਖਕੇ ਲੀਡਰਸਿ਼ਪ ਚੋਣਾਂ ਲਈ ਨਿਯਮ ਸਪਸ਼ਟ ਕਰਨਗੇ।

Share This Article
Leave a Comment