ਬਿੰਦੁੂ ਸਿੰਘ
ਦੇਰ ਨਾਲ ਹੀ ਸਹੀ ਪਰ ਚੋਣ ਪ੍ਰਚਾਰ ਦੇ ਆਖਰੀ ਦਿਨ ਪ੍ਰਚਾਰ ਬੰਦ ਹੋਣ ਤੋਂ ਕੁਝ ਘੰਟੇ ਪਹਿਲਾਂ ਕਾਂਗਰਸ ਪਾਰਟੀ ਨੇ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ।
ਕਾਂਗਰਸ ਪਾਰਟੀ ਦੇ ਚੋਣ ਮਨੋਰਥ ਪੱਤਰ ਨੂੰ ਅਮਲੀ ਰੂਪ ਦੇਣ ਲਈ 25 ਮੈਂਬਰੀ ਕਮੇਟੀ ਬਣਾਈ ਗਈ ਸੀ। ਕਾਂਗਰਸ ਪ੍ਰਧਾਨ ਤੇ ਅੰਮ੍ਰਿਤਸਰ ਪੂਰਬੀ ਤੋਂ ਉਮੀਦਵਾਰ ਨਵਜੋਤ ਸਿੰਘ ਸਿੱਧੂ ਨੇ 13 ਨੁਕਾਤੀ ਪੰਜਾਬ ਮਾਡਲ ਜਲੰਧਰ ਵਿੱਚ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਰਾਜ ਸਭਾ ਐਮ ਪੀ ਪ੍ਰਤਾਪ ਬਾਜਵਾ ਤੇ ਕਾਂਗਰਸ ਬੁਲਾਰੇ ਜੈ ਵੀਰ ਸਿੰਘ ਦੀ ਹਾਜ਼ਰੀ ਵਿੱਚ ਪੇਸ਼ ਕੀਤਾ ਸੀ।

ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਪ੍ਰਤਾਪ ਸਿੰਘ ਬਾਜਵਾ ਨੇ ਐਲਾਨ ਕੀਤਾ ਸੀ ਕਿ ਸਿੱਧੂ ਦਾ ਪੰਜਾਬ ਮਾਡਲ ਕਾਂਗਰਸ ਪਾਰਟੀ ਦੇ ਮੈਨੀਫੈਸਟੋ ਦਾ ਹਿੱਸਾ ਬਣਾਇਆ ਜਾਵੇਗਾ। ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਵੱਲੋਂ ‘ਜਿੱਤੇਗਾ ਪੰਜਾਬ’ ਵੀਡੀਓ ਸੀਰੀਜ਼ ਦੀ ਸ਼ੁਰੂਆਤ ਕਰਕੇ ਯੂਟਿਊਬ ਤੇ ਆਪਣੇ ਵਿਚਾਰਾਂ ਦਾ ਰੋਡ ਮੈਪ ਸਾਂਝਾ ਕੀਤਾ ਜਾ ਰਿਹਾ ਸੀ ਤੇ ਨਾਲੇ ਪੰਜਾਬ ਦੇ ਮੁੱਦਿਆਂ ਨੂੰ ਲੋਕਾਂ ਦੇ ਵਿਚਕਾਰ ਲਿਜਾਣ ਦੇ ਨਾਲ ਨਾਲ ਮੁੱਦੇ ਹੱਲ ਕੀਤੇ ਕਿਵੇਂ ਜਾਣਗੇ, ਇਸ ਬਾਰੇ ਵੀ ਦੱਸਣ ਦੇ ਯਤਨ ਵੀਡੀਓ ਰਾਹੀਂ ਕੀਤੇ ਗਏ ਸਨ।
ਅੱਜ ਚੰਡੀਗੜ੍ਹ ਵਿਖੇ ਪੰਜਾਬ ਕਾਂਗਰਸ ਭਵਨ ਵਿੱਚ ਜਦੋਂ ਮੈਨੀਫੈਸਟੋ ਜਾਰੀ ਕੀਤਾ ਗਿਆ ਉਸ ਵੇਲੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ , ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਕਾਂਗਰਸੀ ਆਗੂ ਰਾਜੀਵ ਸ਼ੁਕਲਾ ਤੇ ਕੰਪੇਨ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਮੌਜੂਦ ਸਨ।

ਪਰ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਪ੍ਰਤਾਪ ਬਾਜਵਾ ਗੇੈਰਹਾਜ਼ਰ ਸਨ। ਬਾਜਵਾ ਨੇ ਆਪਣੀ ਮਸਰੂਫੀਅਤ ਬਾਰੇ ਦੱਸਦੇ ਹੋਏ ਕਿਹਾ ਕਿ ਓਹ ਕਾਦੀਆਂ ਹਲਕੇ ‘ਚ ਪ੍ਰਚਾਰ ਵਿੱਚ ਵਿਚਾਲੇ ਛੱਡ ਕੇ ਚੰਡੀਗੜ੍ਹ ਨਹੀਂ ਆ ਸਕਣਗੇ।
ਚੋਣ ਮਨੋਰਥ ਪੱਤਰ ਬਣਾਏ ਜਾਣ ਤੇ ਨਾ ਬਣਾਏ ਜਾਣ ਦੇ ਸਮੇਂ ਵਿਚਕਾਰ ਨਵਜੋਤ ਸਿੰਘ ਸਿੱਧੂ ਨੇ 12 ਨਵੰਬਰ ਨੂੰ ਆਪਣੇ ਪੰਜਾਬ ਮਾਡਲ ਦਾ ਖਾਕਾ ਸੋਸ਼ਲ ਮੀਡੀਆ ਪਲੇਟਫਾਰਮ ਤੇ ਜ਼ਰੂਰ ਸਾਂਝਾ ਕਰ ਦਿੱਤਾ ਸੀ।
ਉਧਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੀ ਸਰਕਾਰ ਦੇ 111 ਦਿਨਾਂ ਦੇ ਕੰਮਾਂ ਦੀ ਰਿਪੋਰਟ ਕਾਰਡ ਵੀ, ਦੋ ਵਾਰ ਪ੍ਰੈੱਸ ਕਾਨਫ਼ਰੰਸਾਂ ਕਰਕੇ, ਸਾਂਝੀ ਕੀਤੀ ਸੀ। ਇਸ ਤੋਂ ਇਲਾਵਾ ਜਦੋਂ ਵੀ ਚੰਨੀ ਨੂੰ ਲੋਕਾਂ ਦੇ ਰੂਬਰੂ ਹੋਣ ਦਾ ਮੌਕਾ ਮਿਲਿਆ ਉਨ੍ਹਾਂ ਨੇ ਚੋਣ ਵਾਅਦਿਆਂ ਦੀ ਝੜੀ ਲਾਉਣ ‘ਚ ਕੋਈ ਕਸਰ ਨਹੀਂ ਛੱਡੀ।
ਅੱਜ ਦੇ ਮੈਨੀਫੈਸਟੋ ਵਿੱਚ ਜ਼ਰੂਰਤਮੰਦ ਔਰਤਾਂ ਲਈ 1100 ਦੋ ਰੁਪਈਏ ਤੇ 8 ਸਿਲੰਡਰ ਫ੍ਰੀ ਦੇਣ ਦੀ ਗੱਲ ਕਹੀ ਗਈ। ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਦਿਆਂ ਹੀ ਇੱਕ ਲੱਖ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਵੀ ਕਹੀ ਗਈ ਹੈ।

ਇਸ ਦੇ ਨਾਲ ਹੀ 6 ਮਹੀਨੇ ਦੇ ਅੰਦਰ ਕੱਚਾ ਮਕਾਨ ਪੱਕਾ ਕੀਤਾ ਜਾਵੇਗਾ, ਬੁਢਾਪਾ ਪੈਨਸ਼ਨ 3100 ਰੁਪਈਏ ਤੱਕ ਵਧਾਉਣ, ਦਾਲ, ਤੇਲ ਤੇ ਮੱਕੀ ਤੇ ਐੱਮਐੱਸਪੀ, ਜ਼ਰੂਰਤਮੰਦ ਤੇ ਗਰੀਬ ਵਿਦਿਆਰਥੀਆਂ ਨੂੰ ਸਕੂਲ, ਕਾਲਜ ਤੇ ਯੂਨੀਵਰਸਿਟੀ ਵਿੱਚ ਮੁਫ਼ਤ ਸਿੱਖਿਆ, ਦਲਿਤ ਵਰਗ ਲਈ ਸਕਾਲਰਸ਼ਿਪ ਜਾਰੀ ਰੱਖੀ ਜਾਏਗੀ ਅਤੇ ਇਸ ਦਾ ਲਾਭ ਪਿਛੜੇ ਤੇ ਜਨਰਲ ਵਰਗ ਦੇ ਵਿਦਿਆਰਥੀਆਂ ਨੂੰ ਵੀ ਮਿਲ ਸਕੇਗਾ।
ਜ਼ਰੂਰਤਮੰਦ ਅਤੇ ਗਰੀਬ ਵਿਦਿਆਰਥਣਾਂ ਦੀ ਸਿੱਖਿਆ ਲਈ ਸਹਾਇਤਾ ਰਾਸ਼ੀ ਦੇ ਤੌਰ ਤੇ 5ਵੀਂ ਕਲਾਸ ਤੱਕ 5 ਹਜਾਰ , 10ਵੀਂ ਕਲਾਸ ਤੱਕ 10 ਹਜ਼ਾਰ ਤੇ 12ਵੀਂ ਕਲਾਸ ਦੀ ਪੜ੍ਹਾਈ ਕਰਨ ਤੱਕ 20 ਹਜ਼ਾਰ ਰੁਪਏ ਦਿੱਤੇ ਜਾਣਗੇ। ਪਰ ਇਹ ਵਾਅਦਾ ਚਰਨਜੀਤ ਸਿੰਘ ਚੰਨੀ ਪਹਿਲਾਂ ਹੀ ਕਰ ਚੁੱਕੇ ਹਨ।
ਇਸੇ ਤਰ੍ਹਾਂ ਮਨਰੇਗਾ ਸਕੀਮ ਹੇਠ ਮਜ਼ਦੂਰੀ 350 ਰੁਪਈਏ ਕੀਤੀ ਜਾਵੇਗੀ ਤੇ ਦਿਨਾਂ ਦੀ ਗਿਣਤੀ 100 ਤੋਂ ਵਧਾ ਕੇ 150 ਕਰ ਦੇਣ ਦੀ ਗੱਲ ਵੀ ਕਹੀ ਗਈ ਹੈ। ਇਸ ਤੋਂ ਇਲਾਵਾ ਮੈਨੀਫੈਸਟੋ ਦੇ ਪਟਾਰੇ ਵਿੱਚ ਪਹਿਲਾਂ ਤੋਂ ਕਹੀਆਂ ਗੱਲਾਂ ਸ਼ਰਾਬ ਤੇ ਮਾਈਨਿੰਗ ਨੁੂੰ ਨਿਗਮ ਦੇ ਦਾਇਰੇ ‘ਚ ਲਿਆਉਣ ਤੇ ਟਰਾਂਸਪੋਰਟ ਤੇ ਕੇਬਲ ਮਾਫੀਆ ਤੇ ਨੱਥ ਪਾਉਣ ਤੇ ਬਿਹਤਰ ਬਣਾਉਣ ਦੀਆਂ ਵੀ ਗੱਲਾਂ ਕੀਤੀਆਂ ਗਈਆਂ ਹਨ।

ਕਾਂਗਰਸ ਵਲੋੰ ਅੱਜ ਮੈਨੀਫੈਸਟੋ ਜਾਰੀ ਕਰਨ ਸਮੇਂ ਵੀ ਹਾਜ਼ਰ ਲੀਡਰਾਂ ਦੀ ‘ਸੁਰ ਤਾਲ’ ਕੋਈ ਬਹੁਤੀ ਸੰਗੀਤਮਈ ਨਹੀਂ ਸੀ ਲੱਗ ਰਹੀ। ਪਰ ਫੇਰ ਵੀ ਚੋਣ ਪ੍ਰਚਾਰ ਦੀ ਭੱਜ ਨੱਠ, ਪਾਰਟੀ ਦੀ ਅੰਦਰੂਨੀ ਟੁੱਟ ਭੱਜ ਵਿਚਕਾਰ ਕਾਂਗਰਸ ਨੇ ਚੋਣ ਪ੍ਰਚਾਰ ਬੰਦ ਹੋਣ ਤੋਂ ਕੁਝ ਘੰਟੇ ਪਹਿਲਾਂ ਜਾਰੀ ਕੀਤਾ ‘ਚੋਣ ਮਨੋਰਥ ਪੱਤਰ’ ‘ਕਾਂਗਰਸ ਦੇ ਵਾਅਦੇ 2022’।