ਮੁਹਾਲੀ: ਪੰਜਾਬੀ ਮਾਡਲ ਅਤੇ ਅਦਾਕਾਰਾ ਮਨਦੀਪ ਕੌਰ ਉਰਫ਼ ਮੈਂਡੀ ਤੱਖਰ ਦੀ ਵਾਇਰਲ ਵੀਡੀਓ ਮਾਮਲੇ ਵਿੱਚ ਸੋਹਾਣਾ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ। ਸੋਹਾਣਾ ਪੁਲਿਸ ਨੇ ਨਿਊਜ਼ ਪੋਰਟਲ ਅਤੇ ਇੰਸਟਾਗ੍ਰਾਮ ਦੇ ‘ਕੈਂਟ ਪੰਜਾਬੀ’ ਪੇਜ ਦੀ ਮਾਲਕਣ ਗੁਰਲੀਨ ਕੌਰ ਖਿਲਾਫ ਮਾਮਲਾ ਦਰਜ ਕੀਤਾ ਹੈ।
ਵੀਡੀਓ ਵਿਵਾਦ ਨੂੰ ਲੈ ਕੇ ਮੈਂਡੀ ਤੱਖਰ ਨੇ ਖੁਦ ਪੁਲੀਸ ਨੂੰ ਇਸ ਦਿਨ ਸ਼ਿਕਾਇਤ ਕਰਕੇ ਗੁਰਲੀਨ ਕੌਰ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ। ਮੈਂਡੀ ਦਾ ਕਹਿਣਾ ਹੈ ਕਿ ਗੁਰਲੀਨ ਕੌਰ ਨੇ ਹੀ ਸਭ ਤੋਂ ਪਹਿਲਾਂ ਇਹ ਵੀਡੀਓ ਵਾਇਰਲ ਹੋਣ ਦੀ ਗੱਲ ਕਹੀ ਸੀ। ਫਿਰ ਇਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਸਾਰੇ ਪਲੇਟਫਾਰਮਾਂ ‘ਤੇ ਇਹ ਵੀਡੀਓ ਵਾਇਰਲ ਹੁੰਦੀ ਗਈ।
ਪੁਲਿਸ ਨੂੰ ਕੀਤੀ ਸ਼ਿਕਾਇਤ ਵਿੱਚ ਮੈਂਡੀ ਤੱਖਰ ਨੇ ਕਿਹਾ ਕਿ ਇੱਕ ਸਾਜਿਸ਼ ਤਹਿਤ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਉਸ ਦੀ ਪਛਾਣ ਨੂੰ ਖ਼ਰਾਬ ਕਰਨ ਦੇ ਲਈ ਇਹ ਵੀਡੀਓ ਐਡਿਟ ਕਰਕੇ ਇਸ ਨੂੰ ਵਾਇਰਲ ਕੀਤਾ ਗਿਆ।
ਮੈਂਡੀ ਨੇ ਕਿਹਾ ਕਿ ਇੱਕ ਵੈੱਬਸਾਈਟ ‘ਤੇ ਇਹ ਅਪੱਤੀਜਨਕ ਵੀਡੀਓ ਵਾਇਰਲ ਹੋਇਆ ਸੀ। ਇਸ ਤੋਂ ਬਾਅਦ ਗੁਰਲੀਨ ਕੌਰ ਨੇ ਉਸ ਪੋਸਟ ਨੂੰ ਮੇਰੇ ਨਾਲ ਸ਼ੇਅਰ ਕੀਤਾ ਸੀ। ਫਿਰ ਇਸ ਤੋਂ ਬਾਅਦ ਗੁਰਲੀਨ ਨੇ ਵੀਡੀਓ ਨੂੰ ਯੂਟਿਊਬ ਅਤੇ ਫੇਸਬੁੱਕ ਸੋਸ਼ਲ ਸਾਈਟਸ ‘ਤੇ ਵਾਇਰਲ ਕਰ ਦਿੱਤਾ।
ਮੈਂਡੀ ਤੱਖਰ ਦੇ ਇਨ੍ਹਾਂ ਬਿਆਨਾਂ ਤੋਂ ਬਾਅਦ ਮੁਹਾਲੀ ਦੇ ਸੋਹਾਣਾ ਪੁਲੀਸ ਸਟੇਸ਼ਨ ਵਿੱਚ ਗੁਰਲੀਨ ਕੌਰ ਖਿਲਾਫ ਮਾਮਲਾ ਦਰਜ ਹੋ ਗਿਆ ਹੈ।