ਮੁਸਲਿਮ ਪਰਿਵਾਰ ਨੂੰ ਜਾਣਬੁੱਝ ਕੇ ਟਰੱਕ ਨਾਲ ਕੁਚਲਣ ਵਾਲੇ ਵਿਅਕਤੀ ‘ਤੇ ਲੱਗੇ ਅੱਤਵਾਦ ਸਬੰਧੀ ਦੋਸ਼

TeamGlobalPunjab
2 Min Read

ਓਂਟਾਰੀਓ : ਕੈਨੇਡਾ ਦੇ ਸੂਬੇ ਓਂਟਾਰੀਓ ਦੀ ਲੰਡਨ ਸਿਟੀ ‘ਚ ਮੁਸਲਿਮ ਪਰਿਵਾਰ ‘ਤੇ ਜਾਣਬੁੱਝ ਕੇ ਪਿੱਕਅੱਪ ਟਰੱਕ ਚੜ੍ਹਾਉਣ ਵਾਲੇ 20 ਸਾਲਾ ਨੌਜਵਾਨ ਖਿਲਾਫ ਫੈਡਰਲ ਤੇ ਪ੍ਰੋਵਿੰਸ਼ੀਅਲ ਕ੍ਰਾਊਨ ਅਟਾਰਨੀ ਨੇ ਅੱਤਵਾਦ ਸਬੰਧੀ ਦੋਸ਼ ਆਇਦ ਕੀਤੇ ਹਨ। ਇਸ ਤੋਂ ਇਲਾਵਾਂ ਨਥਾਨੀਅਲ ਵੈਲਟਮੈਨ ‘ਤੇ ਫਰਸਟ ਡਿਗਰੀ ਮਰਡਰ  ਦੇ ਚਾਰ ਮਾਮਲਿਆਂ ਤੇ ਇੱਕ ਕਤਲ ਦੀ ਕੋਸ਼ਿਸ਼ ਕਰਨ ਦੇ ਵੀ ਦੋਸ਼ ਤੈਅ ਕੀਤੇ ਗਏ ਹਨ।

 

ਵੈਲਟਮੈਨ ਨੂੰ ਸੋਮਵਾਰ ਸਵੇਰੇ 10:00 ਵਜੇ ਅਦਾਲਤ ਸਾਹਮਣੇ ਪੇਸ਼ ਕੀਤਾ ਗਿਆ। ਅਦਾਲਤ ਸਾਹਮਣੇ ਪ੍ਰੌਸੀਕਿਊਟਰਜ਼ ਨੇ ਦੱਸਿਆ ਕਿ ਵੈਲਟਮੈਨ ਖਿਲਾਫ ਕ੍ਰਿਮੀਨਲ ਕੋਡ ਦੀ ਧਾਰਾ 83 ਤਹਿਤ ਅੱਤਵਾਦ ਸਬੰਧੀ ਚਾਰਜਿਜ਼ ਲਾਉਣ ਦੀ ਸਹਿਮਤੀ ਮਿਲੀ ਹੈ।

- Advertisement -

ਫੈਡਰਲ ਕ੍ਰਾਊਨ ਅਟਾਰਨੀ ਸਾਰਾਹ ਸ਼ੇਖ ਵੱਲੋਂ ਅਦਾਲਤ ਨੂੰ ਜਾਣਕਾਰੀ ਦਿੱਤੀ ਗਈ ਕਿ 9 ਜੂਨ ਨੂੰ ਪ੍ਰੌਸੀਕਿਊਟਰਜ਼ ਨੂੰ ਵੈਲਟਮੈਨ ਖਿਲਾਫ ਅੱਤਵਾਦ ਸਬੰਧੀ ਕਾਰਵਾਈ ਅੱਗੇ ਵਧਾਉਣ ਦੀ ਸਹਿਮਤੀ ਮਿਲੀ ਸੀ।

ਦੱਸ ਦਈਏ 20 ਸਾਲਾ ਨੌਜਵਾਨ ਨੇ ਕੈਨੇਡਾ ‘ਚ ਪੈਦਲ ਜਾ ਰਹੇ ਮੁਸਲਮਾਨ ਪਰਿਵਾਰ ਦੇ ਪੰਜ ਮੈਂਬਰਾਂ ’ਤੇ ਪਿੱਕਅੱਪ ਟਰੱਕ ਚੜ੍ਹਾ ਦਿੱਤਾ, ਜਿਸ ਕਾਰਨ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ।  ਇਸ ਘਟਨਾ ‘ਚ 46 ਸਾਲਾ ਸਲਮਾਨ ਅਫਜ਼ਾਲ, ਉਨ੍ਹਾਂ ਦੀ 44 ਸਾਲਾ ਪਤਨੀ ਮਦੀਹਾ ਸਲਮਾਨ, 15 ਸਾਲਾ ਬੇਟੀ ਯੁਮਨਾ ਸਲਮਾਨ ਤੇ ਸਲਮਾਨ ਅਫਜ਼ਾਲ ਦੀ 74 ਸਾਲਾ ਮਾਂ ਤਲਤ ਅਫਜ਼ਾਲ ਦੀ ਮੌਤ ਹੋ ਗਈ ਸੀ ਜਦਕਿ ਇਸ ਜੋੜੇ ਦਾ 9 ਸਾਲਾ ਬੇਟਾ ਫਾਇਜ਼ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਪੁਲਿਸ ਦਾ ਕਹਿਣਾ ਸੀ ਕਿ ਨਫਰਤ ਨਾਲ ਭਰੇ ਟਰੱਕ ਚਾਲਕ ਨੇ ਜਾਣਬੁੱਝ ਕੇ ਮੁਸਲਮਾਨ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਸੀ। ਉਨ੍ਹਾਂ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਕਿ ਵਿਅਕਤੀ ਨੇ ਘਟਨਾ ਸਮੇਂ ਬੁਲੇਟ ਪਰੂਫ ਜੈਕੇਟ ਵੀ ਪਾਈ ਹੋਈ ਸੀ।

 

- Advertisement -
Share this Article
Leave a comment