ਧਰਨਾ ਦੇ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦੀ ਵਿਗੜੀ ਸਿਹਤ

Global Team
2 Min Read

ਬਠਿੰਡਾ: ਪੰਜਾਬ ਸਰਕਾਰ ਦੀ ਨਵੀਂ ਲੈਂਡ ਪੂਲਿੰਗ ਨੀਤੀ ਦੇ ਵਿਰੋਧ ਵਿੱਚ ਸੋਮਵਾਰ ਨੂੰ ਬਠਿੰਡਾ ਦੇ ਡੀਸੀ ਦਫ਼ਤਰ ਸਾਹਮਣੇ  ਸ਼੍ਰੋਮਣੀ ਅਕਾਲੀ ਦਲ (SAD) ਵੱਲੋਂ ਧਰਨਾ-ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਸਾਬਕਾ ਮੰਤਰੀ ਅਤੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਦੀ ਤਬੀਅਤ ਅਚਾਨਕ ਵਿਗੜ ਗਈ। ਕੈਮਰੇ ਸਾਹਮਣੇ ਉਹ ਲੜਖੜਾਉਂਦੇ ਹੋਏ ਨਜ਼ਰ ਆਏ। ਮੌਕੇ ‘ਤੇ ਮੌਜੂਦ ਵਰਕਰਾਂ ਨੇ ਤੁਰੰਤ ਉਨ੍ਹਾਂ ਨੂੰ ਸੰਭਾਲਿਆ ਅਤੇ ਨਜ਼ਦੀਕੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਡਾਕਟਰਾਂ ਅਨੁਸਾਰ ਇਸ ਸਮੇਂ ਉਨ੍ਹਾਂ ਦੀ ਹਾਲਤ ਸਥਿਰ ਹੈ।

ਇਸ ਧਰਨੇ ‘ਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਕਈ ਵੱਡੇ ਆਗੂ ਵੀ ਸ਼ਾਮਲ ਸਨ। ਸੂਬੇ ਭਰ ਦੇ ਕਿਸਾਨ ਸੰਗਠਨ ਵੀ ਇਸ ਨੀਤੀ ਦੇ ਵਿਰੋਧ ਵਿੱਚ ਵੱਖ-ਵੱਖ ਥਾਵਾਂ ‘ਤੇ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਦਾ ਦਾਅਵਾ ਹੈ ਕਿ ਇਹ ਨੀਤੀ ਉਨ੍ਹਾਂ ਦੀ ਜ਼ਮੀਨ ਅਤੇ ਰੋਜ਼ਗਾਰ ਲਈ ਵੱਡਾ ਖ਼ਤਰਾ ਹੈ।

ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਅਧਿਕਾਰੀਆਂ ਨੂੰ ਦਿੱਲੀ ਬੁਲਾ ਕੇ ਇਸ ਨੀਤੀ ਦੀ ਯੋਜਨਾ ਤਿਆਰ ਕਰਵਾਈ। ਉਨ੍ਹਾਂ ਦਾ ਕਹਿਣਾ ਸੀ ਕਿ ਯੋਜਨਾ ਦਾ ਮਕਸਦ 25 ਤੋਂ 30 ਹਜ਼ਾਰ ਕਰੋੜ ਰੁਪਏ ਇਕੱਠੇ ਕਰਨਾ ਹੈ, ਜਿਸ ਲਈ ਦਿੱਲੀ ਦੇ ਵੱਡੇ ਬਿਲਡਰਾਂ ਨੂੰ ਸੱਦਿਆ ਗਿਆ।

ਬਾਦਲ ਅਨੁਸਾਰ, ਹਰ ਜ਼ਿਲ੍ਹੇ ਦੇ ਡੀਸੀ ਨੂੰ ਹਦਾਇਤ ਦਿੱਤੀ ਗਈ ਕਿ ਉਹ ਜ਼ਮੀਨਾਂ ਸਰਕਾਰੀ ਕਬਜ਼ੇ ‘ਚ ਲੈਣ। ਸਿਰਫ਼ ਲੁਧਿਆਣਾ ਵਿੱਚ ਹੀ 24 ਹਜ਼ਾਰ ਏਕੜ ਤੋਂ ਵੱਧ ਜ਼ਮੀਨ ਲੈਂਡ ਪੂਲਿੰਗ ਅਧੀਨ ਹਾਸਲ ਕਰਨ ਦੀ ਯੋਜਨਾ ਹੈ। ਬਾਦਲ ਨੇ ਕਿਹਾ ਕਿ ਜਦੋਂ ਸਾਡੀ ਸਰਕਾਰ ਸੀ ਤਾਂ ਅਸੀਂ ਕਿਸਾਨਾਂ ਨੂੰ ਜ਼ਮੀਨ ਦੇ ਬਦਲੇ ਚਾਰ ਗੁਣਾ ਮੁਆਵਜ਼ਾ ਦਿੰਦੇ ਸਾਂ।

Share This Article
Leave a Comment