ਓਟਵਾ : ਕੈਨੇਡਾ ਵਾਸੀ ਕੋਵਿਡ-19 ਵੇਰੀਐਂਟਸ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਵੈਕਸੀਨੇਸ਼ਨ ਨੂੰ ਲਾਜ਼ਮੀ ਕਰਨ ਦੇ ਪੱਖ ਵਿੱਚ ਹਨ, ਜਿਸ ਦਾ ਖੁਲਾਸਾ ਨੈਨੋਜ਼ ਰਿਸਰਚ ਵੱਲੋਂ ਕਰਵਾਏ ਗਏ ਇੱਕ ਨਵੇਂ ਸਰਵੇਖਣ ਤੋਂ ਹੋਇਆ।
ਇਸ ਸਰਵੇਖਣ ਵਿੱਚ ਪਾਇਆ ਗਿਆ ਕਿ 53 ਫੀਸਦੀ ਕੈਨੇਡੀਅਨ ਵੈਕਸੀਨੇਸ਼ਨ ਲਾਜ਼ਮੀ ਕਰਨ ਦੇ ਹੱਕ ਵਿੱਚ ਹਨ ਤੇ 21 ਫੀਸਦੀ ਕੁੱਝ ਹੱਦ ਤੱਕ ਇਸ ਦੇ ਹੱਕ ਵਿੱਚ ਹਨ, ਜਦਕਿ 16 ਫੀਸਦੀ ਇਸ ਦੇ ਖਿਲਾਫ ਹਨ, 8 ਫੀਸਦੀ ਕੁੱਝ ਹੱਦ ਤੱਕ ਵਿਰੋਧ ਵਿੱਚ ਹਨ ਤੇ 2 ਫੀਸਦੀ ਨੂੰ ਇਸ ਬਾਰੇ ਕੋਈ ਪੱਕਾ ਪਤਾ ਨਹੀਂ ਹੈ ਕਿ ਵੈਕਸੀਨੇਸ਼ਨ ਲਾਜ਼ਮੀ ਕੀਤੀ ਜਾਣੀ ਚਾਹੀਦੀ ਹੈ ਜਾਂ ਨਹੀਂ।
ਬ੍ਰਿਟਿਸ਼ ਕੋਲੰਬੀਆ ਤੇ ਐਟਲਾਂਟਿਕ ਕੈਨੇਡਾ ਦੇ ਮੁਕਾਬਲੇ ਕਿਊਬਿਕ ਤੇ ਓਨਟਾਰੀਓ ਵਾਸੀ ਵੈਕਸੀਨੇਸ਼ਨ ਕਰਵਾਏ ਜਾਣ ਦੇ ਹੱਕ ਵਿੱਚ ਹਨ। 55 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਵੈਕਸੀਨੇਸ਼ਨ ਕਰਵਾਏ ਜਾਣ ਪ੍ਰਤੀ ਸਕਾਰਾਤਮਕ ਰੁਝਾਨ ਪਾਇਆ ਗਿਆ, ਜਦਕਿ 18 ਸਾਲ ਤੋਂ 54 ਸਾਲ ਦੇ ਉਮਰ ਵਰਗ ਵਿੱਚ ਇਸ ਪ੍ਰਤੀ ਘੱਟ ਰੁਝਾਨ ਵੇਖਣ ਨੂੰ ਮਿਲਿਆ। ਵੈਕਸੀਨੇਸ਼ਨ ਲਈ ਹਰੇਕ ਪ੍ਰੋਵਿੰਸ ਤੇ ਟੈਰੇਟਰੀ ਵੱਲੋਂ ਵੱਖਰੀ ਪਹੁੰਚ ਅਪਣਾਈ ਜਾ ਰਹੀ ਹੈ।