Home / ਓਪੀਨੀਅਨ / ਜਰਨੈਲਾਂ ਦਾ ਜਰਨੈਲ, ਬੇਮਿਸਾਲ ਯੋਧਾ, ਮਹਾਂ ਮਾਨਵ – ਮੇਜਰ ਜਨਰਲ ਸ਼ਬੇਗ ਸਿੰਘ

ਜਰਨੈਲਾਂ ਦਾ ਜਰਨੈਲ, ਬੇਮਿਸਾਲ ਯੋਧਾ, ਮਹਾਂ ਮਾਨਵ – ਮੇਜਰ ਜਨਰਲ ਸ਼ਬੇਗ ਸਿੰਘ

-ਡਾ. ਹਰਸ਼ਿੰਦਰ ਕੌਰ

 

ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜਿਆ ਨਿਵਾਜਿਆ ਖ਼ਾਲਸਾ ਦੁਨੀਆ ਵਿਚ ਇਕ ਵਿਲੱਖਣ ਕੌਤਕ ਸੀ। ਜਿਸ ਕਿਸਮ ਦੀ ਵੀਰਤਾ ਉਸ ਸਮੇਂ ਖ਼ਾਲਸਿਆਂ ਵਿਚ ਭਰੀ ਗਈ ਸੀ, ਉਸ ਦੀ ਚਿਣਗ ਹਾਲੇ ਤੱਕ ਮੱਠੀ ਨਹੀਂ ਪਈ। ਹਰ ਸਦੀ ਵਿਚ ਅਜਿਹੇ ਖ਼ਾਲਸੇ ਉਭਰ ਕੇ ਸਾਹਮਣੇ ਆਉਂਦੇ ਰਹੇ ਹਨ ਜਿਨ੍ਹਾਂ ਦੀ ਤਾਕਤ ਅਤੇ ਰਵਾਨੀ ਵੇਖ ਕੇ ਲੋਕ ਦੰਦਾਂ ਥੱਲੇ ਉਂਗਲੀ ਦਬਾਉਣ ਲਈ ਮਜਬੂਰ ਹੋ ਜਾਂਦੇ ਰਹੇ ਹਨ।

ਭਾਵੇਂ ਬਾਘਮਾਰ ਨਲੂਆ ਹੋਵੇ, ਭਾਰਤ ਦਾ ਨੇਪੋਲੀਅਨ-ਜਰਨੈਲ ਜ਼ੋਰਾਵਰ ਸਿੰਘ ਜਾਂ ਸੂਰਬੀਰਾਂ ਦਾ ਸੂਰਬੀਰ ਮੇਜਰ ਜਨਰਲ ਸ਼ਬੇਗ ਸਿੰਘ, ਅਜਿਹੇ ਸੂਰਮਿਆਂ ਨੂੰ ਸਾਹਮਣਿਓਂ ਢਾਹੁਣਾ ਲਗਭਗ ਨਾਮੁਮਕਿਨ ਹੁੰਦਾ ਹੈ। ਏਸੇ ਲਈ ਸਮੇਂ ਦੀਆਂ ਸਰਕਾਰਾਂ ਵੱਲੋਂ ਪਿੱਠ ਪਿੱਛੇ ਛੁਰਾ ਮਾਰਨਾ, ਹੱਕ ਖੋਹਣਾ, ਅਧੀਨਗੀ ਵਿਚ ਵਿਚਰਣ ਵਾਲਿਆਂ ਵੱਲੋਂ ਜਾਲਸਾਜ਼ੀ ਵਿਚ ਅੜਾਉਣਾ ਜਾਂ ਸਾਥੀਆਂ ਵੱਲੋਂ ਚਾਲ ਖੇਡ ਕੇ ਫਸਾਉਣਾ ਹੀ ਅਜਿਹੇ ਸੂਰਬੀਰਾਂ ਨੂੰ ਢਾਹ ਕੇ ਆਪਣੀ ਪੱਧਰ ਉੱਤੇ ਹੇਠਾਂ ਖਿੱਚ ਕੇ ਲਿਆਉਣ ਲਈ ਕੀਤਾ ਜਾਂਦਾ ਹੈ ਕਿਉਂਕਿ ਇਹ ਬਥੇਰਿਆਂ ਦੀਆਂ ਅੱਖਾਂ ਦਾ ਰੋੜਾ ਬਣ ਜਾਂਦੇ ਹਨ।ਲੋਕ ਉਸ ਪੱਧਰ ਉੱਤੇ ਆਪ ਪਹੁੰਚ ਨਹੀਂ ਸਕਦੇ, ਇਸ ਲਈ ‘ਅੰਗੂਰ ਖੱਟੇ ਹਨ’ ਦੇ ਆਧਾਰ ਉੱਤੇ ਅਜਿਹੇ ਸੂਰਮਿਆਂ ਵਿਰੁੱਧ ਕੰਨ ਭਰਨੇ ਸ਼ੁਰੂ ਕਰ ਦਿੰਦੇ ਹਨ।

ਪਰ, ਨਾ ਸੂਰਜ ਦੀ ਰੌਸ਼ਨੀ ਤੇ ਨਾ ਫੁੱਲਾਂ ਦੀ ਖ਼ੁਸ਼ਬੋ ਕਦੇ ਕੋਈ ਫੈਲਣ ਤੋਂ ਰੋਕ ਸਕਿਆ ਹੈ। ਇਸੇ ਲਈ ਭਾਵੇਂ ਬਾਬਾ ਬੰਦਾ ਸਿੰਘ ਬਹਾਦਰ ਉੱਤੇ ਅਤਿ ਦਾ ਤਸ਼ੱਦਦ ਢਾਹਿਆ ਗਿਆ, ਪਰ ਇਤਿਹਾਸ ਨੇ ਹਾਲੇ ਤੱਕ ਉਸ ਨੂੰ ਬਾਹਵਾਂ ਫੈਲਾ ਕੇ ਸਾਂਭਿਆ ਹੈ। ਜਦੋਂ ਕਿਸੇ ਬੇਦੋਸੇ ਉੱਤੇ ਲੋੜੋਂ ਵੱਧ ਤਸ਼ੱਦਦ ਢਾਅ ਦਿੱਤਾ ਜਾਵੇ ਤਾਂ ਉਹ ਬਾਗ਼ੀ ਹੋ ਜਾਂਦਾ ਹੈ। ਇਹੀ ਕਾਰਨ ਸੀ ਕਿ ਜੰਮੂ ਕਸ਼ਮੀਰ ਵਿਚ ਜਿਨ੍ਹਾਂ ਬਾਲਾਂ ਨਾਲ ਬਦਫੈਲੀ ਕੀਤੀ ਗਈ ਜਾਂ ਬੇਵਜਾ ਪੁਲਿਸ ਕਰਮੀਆਂ ਵੱਲੋਂ ਅਣਮਨੁੱਖੀ ਤਸ਼ੱਦਦ ਢਾਹੇ ਗਏ ਤਾਂ ਉਹ ਮਨੁੱਖੀ ਬੰਬ ਬਣ ਗਏ।

ਇਹੋ ਜਿਹਾ ਹੀ ਕੁੱਝ ਜਾਂਬਾਜ਼ ਸ਼ਬੇਗ ਸਿੰਘ ਨਾਲ ਹੋਇਆ। ਉਸ ਦੇ ਦੋ ਭਾਰੀ ਜੁਰਮ ਸਨ। ਪਹਿਲਾ-ਉਹ ਸਿੱਖ ਸੀ, ਅਤੇ ਦੂਜਾ- ਕੋਈ ਹੋਰ ਉਸ ਦੇ ਨਾਲ ਦਿਆਂ ਵਿੱਚੋਂ ਉਸ ਜਿੰਨੀ ਉੱਤਮਤਾ ਦੀ ਮਿਸਾਲ ਹੈ ਹੀ ਨਹੀਂ ਸੀ। ਸੰਨ 1925 ਵਿਚ ਖ਼ਿਆਲਾ ਪਿੰਡ ਵਿਚ (ਅੰਮ੍ਰਿਤਸਰ ਤੋਂ 14 ਕਿਲੋਮੀਟਰ ਦੂਰ) ਜੰਮਿਆ ਸ਼ਬੇਗ ਸਿੰਘ ਆਪਣੇ ਤਿੰਨ ਭਰਾਵਾਂ ਤੇ ਇੱਕ ਭੈਣ ਵਿੱਚੋਂ ਸਭ ਤੋਂ ਵੱਡਾ ਸੀ। ਪਿਤਾ ਸ੍ਰ. ਭਗਵਾਨ ਸਿੰਘ ਤੇ ਮਾਤਾ ਪ੍ਰੀਤਮ ਕੌਰ ਦਾ ਲਾਡਲਾ ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚੋਂ ਪੜ੍ਹਿਆ ਤੇ ਅਗਲੇਰੀ ਪੜ੍ਹਾਈ ਲਈ ਸਰਕਾਰੀ ਕਾਲਜ ਲਾਹੌਰ ਚਲਾ ਗਿਆ।

ਸੰਨ 1942 ਵਿਚ ਫੌਜ ਦੀ ਟੀਮ ਕਾਲਜਾਂ ਵਿੱਚੋਂ ਤਾਕਤਵਰ ਤੇ ਹਿੰਮਤੀ ਨੌਜਵਾਨ ਲੱਭਣ ਨਿਕਲੀ ਤਾਂ ਸ਼ਬੇਗ ਸਿੰਘ ਨੂੰ ਪਹਿਲੀ ਸੱਟੇ ‘ਬ੍ਰਿਟਿਸ਼ ਇੰਡੀਅਨ ਆਰਮੀ’ ਵਿਚ ਅਫ਼ਸਰ ਵਜੋਂ ਸ਼ਾਮਲ ਕਰ ਲਿਆ ਗਿਆ। ਇੰਡੀਅਨ ਮਿਲਟਰੀ ਅਕਾਦਮੀ ਵਿਚ ਉਸ ਦੀ ਪ੍ਰਤਿਭਾ ਨੂੰ ਨਿਖਾਰਿਆ ਗਿਆ। ਉਸ ਦੀ ਬਹਾਦਰੀ ਅਤੇ ਸੂਝ-ਬੂਝ ਵੇਖਦਿਆਂ ਉਸ ਨੂੰ ਗੜਵਾਲ ਰਾਈਫਲਜ਼ ਵਿਚ ਬਤੌਰ ਸੈਕੰਡ ਲੈਫਟੀਨੈਂਟ ਤੈਨਾਤ ਕਰ ਦਿੱਤਾ ਗਿਆ।

ਸ਼ਬੇਗ ਸਿੰਘ ਪੜਨ ਦਾ ਬਹੁਤ ਸ਼ੌਕੀਨ ਸੀ। ਉਸ ਨੂੰ ਜਿਹੜੀ ਕਿਤਾਬ ਮਿਲਦੀ, ਪੂਰੀ ਪੜ੍ਹੇ ਬਗੈਰ ਛੱਡਦਾ ਹੀ ਨਹੀਂ ਸੀ। ਇਤਿਹਾਸ ਦੀਆਂ ਤੇ ਫੌਜ ਦੇ ਜਰਨੈਲਾਂ ਦੀਆਂ ਜੀਵਨੀਆਂ ਉਸ ਨੇ ਘੋਟ ਲਈਆਂ ਹੋਈਆਂ ਸਨ। ਇੱਕ ਜਾਂ ਦੋ ਨਹੀਂ, ਸ਼ਬੇਗ ਸਿੰਘ ਨੂੰ ਅੱਠ ਜ਼ਬਾਨਾਂ ਦੀ ਮੁਹਾਰਤ ਸੀ-ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ, ਬੰਗਲਾ, ਗੋਰਖਲੀ, ਚੀਨੀ ਤੇ ਫਾਰਸੀ!

ਉਸ ਦੇ ਉਸ ਸਮੇਂ ਦੇ ਸਾਥੀ ਅੱਜ ਵੀ ਸ਼ਬੇਗ ਸਿੰਘ ਨੂੰ ਜ਼ਾਂਬਾਜ਼, ਬਹਾਦਰ, ਨਿਡਰ ਤੇ ਹਰ ਗ਼ਲਤ ਗੱਲ ਨੂੰ ਦੂਜੇ ਦੇ ਮੂੰਹ ਉੱਤੇ ਸਪਸ਼ਟ ਗ਼ਲਤ ਕਹਿਣ ਦਾ ਦਮ ਰੱਖਣ ਵਾਲਾ ਮੰਨਦੇ ਹਨ। ਸੱਚਾ ਸੁੱਚਾ ਤੇ ਹਰ ਲੋੜਵੰਦ ਦੀ ਮਦਦ ਕਰਨ ਲਈ ਤਤਪਰ ਸ਼ਬੇਗ ਸਿੰਘ ਨਾ ਤਾਂ ਕਿਸੇ ਦੀ ਬਦਖੋਈ ਕਰਦਾ ਸੀ ਤੇ ਨਾ ਹੀ ਉਸ ਨੂੰ ਚਮਚਾਗਿਰੀ ਪਸੰਦ ਸੀ। ਆਪਣੇ ਕੰਮ ਨਾਲ ਕੰਮ ਰੱਖਣ ਵਾਲਾ ਤੇ ਨਿੱਠ ਕੇ ਪੂਰੀ ਡਿਊਟੀ ਨਿਭਾਉਣ ਵਾਲਾ ਸ਼ਬੇਗ ਈਮਾਨਦਾਰੀ ਵਜੋਂ 100 ਵਿੱਚੋਂ ਹਮੇਸ਼ਾ 100 ਨੰਬਰ ਲੈਣ ਵਾਲਾ ਸੀ।

ਫੌਜ ਪ੍ਰਤੀ ਵਫਾਦਾਰੀ ਵਿਚ ਉਸ ਦਾ ਕੋਈ ਸਾਨੀ ਨਹੀਂ ਸੀ। ਸ਼ਾਇਦ ਇਸੇ ਲਈ ਕਈਆਂ ਦੀ ਅੱਖ ਵਿਚ ਰੜਕ ਵੀ ਪੈਦਾ ਕਰਦਾ ਸੀ। ਉਸ ਦੀ ਨਿਪੁੰਨਤਾ ਵੇਖਦਿਆਂ ਉਸ ਨੂੰ ਦੇਹਰਾਦੂਨ ਦੀ ਮਿਲਟਰੀ ਅਕਾਦਮੀ ਵਿਚ ਬਤੌਰ ਇੰਸਟਰਕਟਰ ਲਾ ਦਿੱਤਾ ਗਿਆ। ਉਸ ਨੇ ਆਪਣੀ ਬਹਾਦਰੀ ਸਦਕਾ ਵਿਸ਼ਵ ਜੰਗ ਦੂਜੀ, 1947 ਕਸ਼ਮੀਰ, 1962 ਹਿੰਦ ਚੀਨ ਜੰਗ, 1965 ਹਿੰਦ-ਪਾਕ ਜੰਗ ਤੇ 1971 ਦੀ ਹਿੰਦ-ਪਾਕ ਜੰਗ ਵਿਚ ਆਪਣੀ ਸੂਰਬੀਰਤਾ ਦੇ ਝੰਡੇ ਗੱਡ ਦਿੱਤੇ!

ਉਸ ਦੀ ਪਹਿਲੀ ਪੋਸਟਿੰਗ ‘ਗੜਵਾਲ ਰਾਈਫਲਜ਼’ ਵਿਖੇ ਸੈਕੰਡ ਲੈਫਟੀਨੈਂਟ ਵਜੋਂ ਹੋਈ ਜਿੱਥੋਂ ਪੂਰੀ ਰੈਜਮੈਂਟ ਬਰਮਾ ਚਲੀ ਗਈ ਅਤੇ ਜਪਾਨੀਆਂ ਵਿਰੁੱਧ ਲੜੀ। ਜਦੋਂ 1945 ਵਿਚ ਦੂਜੀ ਵਿਸ਼ਵ ਜੰਗ ਖ਼ਤਮ ਹੋਈ ਤਾਂ ਸ਼ਬੇਗ ਸਿੰਘ ਦੀ ਯੂਨਿਟ ਮਲਾਇਆ ਵਿਚ ਸੀ। ਜਦੋਂ ਹਿੰਦ ਪਾਕਿ ਵੰਡ ਹੋਈ ਤਾਂ ਸ਼ਬੇਗ ਸਿੰਘ ਨੂੰ ਪੈਰਾਸ਼ੂਟ ਬ੍ਰਿਗੇਡ ਵਿਚ ਭੇਜ ਦਿੱਤਾ ਗਿਆ, ਜਿੱਥੇ ਉਸ ਨੇ ਪੈਰਾਟਰੂਪਰ ਵਜੋਂ ਸੰਨ 1959 ਤੱਕ ਕੰਮ ਕੀਤਾ।

ਜ਼ਿਕਰਯੋਗ ਹੈ ਕਿ ਅਣਥੱਕ ਯੋਧੇ ਵਜੋਂ ਸ਼ਬੇਗ ਸਿੰਘ ਦੀ ਪਛਾਣ 1947 ਵਿਚ ਨੌਸ਼ਹਿਰੇ (ਜੰਮੂ ਕਸ਼ਮੀਰ) ਵਿਖੇ ਪਾਕਿਤਸਾਨੀ ਫੌਜੀਆਂ ਨਾਲ ਰਲੇ ਅਫਗਾਨੀਆਂ ਨਾਲ ਲੜਨ ਅਤੇ ਸਟਾਫ਼ ਕਾਲਜ ਵਿਚ ਘੁੜਸਵਾਰੀ ਵਿਚ ਜਿੱਤੀਆਂ ਅੱਠ ਰੇਸਾਂ, ਜਿਸ ਦਾ ਰਿਕਾਰਡ ਅੱਜ ਤਾਈਂ ਤੋੜਿਆ ਨਹੀਂ ਜਾ ਸਕਿਆ, ਸਦਕਾ ਹੋਈ। ਮਿਲਟਰੀ ਅਪਰੇਸ਼ਨ ਵਿਚਲੀ ਯੁੱਧ ਕਲਾ ਵਿਚ ਅਤੇ ਮਿਲਟਰੀ ਸਾਇੰਸ ਵਿਚ ਸ਼ਬੇਗ ਸਿੰਘ ਏਨਾ ਪ੍ਰਬੀਨ ਸੀ ਕਿ ਉਸ ਪੱਧਰ ਦਾ ਕੋਈ ਵੀ ਉਸਦਾ ਸਾਨੀ ਹਾਲੇ ਤੱਕ ਬਣ ਨਹੀਂ ਸਕਿਆ। ਉਸ ਦੇ ਕੰਮ ਵਜੋਂ ਮੁਹਾਰਤ ਵੇਖਦੇ ਹੋਏ ਉਸ ਨੂੰ 166 ਇਨਫੈਂਟਰੀ ਬ੍ਰਿਗੇਡ ਦਾ ਬ੍ਰਿਗੇਡ ਮੇਜਰ ਲਾ ਦਿੱਤਾ ਗਿਆ।

ਸੰਨ 1962 ਹਿੰਦ-ਚੀਨ ਜੰਗ ਵਿਚ ਬਤੌਰ ਲੈਫ. ਕਰਨਲ ਉਸ ਨੇ ਸੇਵਾਵਾਂ ਨਿਭਾਈਆਂ ਤੇ ਆਪਣੀ ਲਿਆਕਤ ਸਦਕਾ ਇੰਟੈਲੀਜੈਂਸ ਵਿੰਗ ਵਿਚ ਆਪਣਾ ਸਿੱਕਾ ਜਮਾ ਲਿਆ। ਸੰਨ 1965 ਵਿਚ ਪਾਕਿਸਤਾਨ ਵਿਰੁੱਧ ਜੰਮੂ ਕਸ਼ਮੀਰ ਦੇ ਹਾਜੀ ਪੀਰ ਸੈਕਟਰ ਵਿਚ ਗੋਰਖਾ ਰਾਈਫਲਜ਼ ਬਟਾਲੀਅਨ ਦੀ ਅਗਵਾਈ ਕਰਦਿਆਂ ਬਹਾਦਰੀ ਦੀ ਅਦੁੱਤੀ ਮਿਸਾਲ ਕਾਇਮ ਕਰਕੇ ਸ਼ਬੇਗ ਸਿੰਘ ਨੇ ਦੁਸ਼ਮਨਾਂ ਦੀਆਂ ਸਭ ਤੋਂ ਔਖੀਆਂ ਪਾਕਿਸਤਾਨੀ ਪੋਸਟਾਂ ਉੱਤੇ ਫਤਹਿ ਪ੍ਰਾਪਤ ਕਰਦਿਆਂ ਲਾਹੌਰ ਦੇ ਨੇੜੇ ਪਹੁੰਚ ਕੇ ਦੁਨੀਆ ਨੂੰ ਸਾਬਤ ਕਰ ਦਿੱਤਾ ਕਿ ਉਸ ਵਰਗਾ ਅਗਵਾਈ ਕਰਨ ਵਾਲਾ ਕੋਈ ਹੋਰ ਹੈ ਹੀ ਨਹੀਂ।

ਇਸੇ ਲਈ ਸੰਨ 1971 ਵਿਚ ਲੈਫ. ਜਰਨਲ ਜਗਜੀਤ ਸਿੰਘ ਅਰੋੜਾ ਜੀ ਨੇ ਉਸ ਸਮੇਂ ਬ੍ਰਿਗੇਡੀਅਰ ਬਣ ਚੁੱਕੇ ਸ਼ਬੇਗ ਸਿੰਘ ਨੂੰ ਸਭ ਤੋਂ ਔਖੇ ਕੰਮ ਲਈ ਚੁਣਿਆ ਤੇ ਅਗਰਤਲਾ ਦੇ ਡੈਲਟਾ ਸੈਕਟਰ ਵਿਖੇ ਈਸਟ ਪਾਕਿਸਤਾਨ ਵਿੱਚੋਂ ਬੰਗਲਾਦੇਸ਼ ਤਿਆਰ ਕਰਨ ਦੀ ਜ਼ਿੰਮੇਵਾਰੀ ਸੌਂਪੀ। ਬਗ਼ਾਵਤ ਨੂੰ ਸਾਂਭਣ ਅਤੇ ਉੱਥੇ ਦੇ ਮਿਲਟਰੀ ਅਪਰੇਸ਼ਨਾਂ ਦੀ ਪੂਰੀ ਜ਼ਿੰਮੇਵਾਰੀ ਸ਼ਬੇਗ ਸਿੰਘ ਉੱਤੇ ਸੀ। ਜ਼ਿਆ ਉਰ ਰਹਿਮਾਨ, ਜੋ ਬਾਅਦ ਵਿਚ ਬੰਗਲਾਦੇਸ਼ ਦੇ ਪ੍ਰੈਜ਼ੀਡੈਂਟ ਬਣੇ ਅਤੇ ਮੁਸਤਾਕ ਮੁਹੰਮਦ, ਜੋ ਫੌਜ ਦੇ ਮੁਖੀ ਬਣੇ, ਉਸ ਸਮੇਂ ਸ਼ਬੇਗ ਸਿੰਘ ਦੇ ਕੰਮ ਦੇ ਅੱਖੀਂ ਵੇਖੇ ਗਵਾਹ ਸਨ ਤੇ ਉਸ ਦੇ ਜੰਗੀ ਨੁਕਤਿਆਂ ਅਧੀਨ ਕੰਮ ਕਰਦੇ ਉਸ ਦੀ ਅਗਵਾਈ ਦੇ ਕਾਇਲ ਹੋ ਗਏ ਸਨ।

ਸੰਨ 1971 ਵਿਚ ਮੁਕਤੀ ਵਾਹਿਨੀ ਨੂੰ ਤਿਆਰ ਕਰਨ ਵਿਚ ਸ਼ਬੇਗ ਸਿੰਘ ਦੀ ਸਲਾਹੁਣਯੋਗ ਭੂਮਿਕਾ ਕਿਸੇ ਤੋਂ ਲੁਕੀ ਨਹੀਂ ਰਹੀ। ਉੱਥੇ ਦੇ ਗੁਰਿੱਲਿਆਂ ਨੂੰ ਪੂਰੀ ਤਰ੍ਹਾਂ ਤਿਆਰ ਕਰਨ ਅਤੇ ਬੇਮਿਸਾਲ ਟ੍ਰੇਨਿੰਗ ਦਿੰਦਿਆਂ ਮੁਲਕ ਪ੍ਰਤੀ ਉਸ ਦੀ ਵਫ਼ਾਦਾਰੀ ਵਿਚ ਕਿਸੇ ਪਾਸਿਓਂ ਕਿੰਤੂ ਪਰੰਤੂ ਕੀਤਾ ਜਾ ਹੀ ਨਹੀਂ ਸਕਦਾ ਸੀ। ਇਹ ਅਪਰੇਸ਼ਨ ਏਨਾ ਗੁਪਤ ਸੀ ਕਿ ਸ਼ਬੇਗ ਸਿੰਘ ਦੇ ਆਪਣੇ ਘਰ ਵਿਚ 6 ਮਹੀਨੇ ਤੱਕ ਉਸ ਬਾਰੇ ਕੋਈ ਖ਼ਬਰ ਨਹੀਂ ਸੀ ਕਿ ਉਹ ਜ਼ਿੰਦਾ ਵੀ ਹੈ ਜਾਂ ਨਹੀਂ। ਸਿਰਫ਼ ਇੱਕ ਚਿੱਠੀ ਜੋ ਛੇ ਮਹੀਨਿਆਂ ਬਾਅਦ ਘਰ ਪਹੁੰਚੀ ਸੀ, ਉਹ ਵੀ ਕਿਸੇ ਹੋਰ ਨਾਂ ਹੇਠ ਗ਼ੈਰ ਫੌਜੀ ਪਤੇ ਤੋਂ, ਸਿਰਫ਼ ਇਹ ਸੁਣੇਹਾ ਪਹੁੰਚਿਆ ਸੀ-”ਪਰਵਾਹ ਨਾ ਕਰੋ, ਮੈਂ ਠੀਕ ਹਾਂ।”

ਮੁਕਤੀ ਵਾਹਿਨੀ ਦਾ ਪੂਰਾ ਸਿਹਰਾ ਸਿਰਫ਼ ਸ਼ਬੇਗ ਸਿੰਘ ਦੇ ਸਿਰ ਸੀ ਕਿ ਇੱਕ ਲੱਖ ਦੁਸ਼ਮਨ ਫੌਜੀਆਂ ਸਮੇਤ ਜਰਨੈਲ ਤੱਕ ਦੇ ਅਫ਼ਸਰਾਂ ਨੇ ਭਾਰਤ ਅੱਗੇ ਗੋਡੇ ਟੇਕ ਦਿੱਤੇ। ਦਿਨ-ਰਾਤ ਇੱਕ ਕਰ ਕੇ, ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਜੋ ਸ਼ਬੇਗ ਸਿੰਘ ਨੇ ਕਰ ਵਿਖਾਇਆ, ਹੋਰ ਕੋਈ ਮਾਂ ਦਾ ਲਾਲ ਅਜਿਹੀ ਹਿੰਮਤ ਨਹੀਂ ਵਿਖਾ ਸਕਿਆ। ਇਸੇ ਲਈ ਪੂਰੀ ਦੁਨੀਆ ਵਿਚ ਸ਼ਬੇਗ ਸਿੰਘ ਦੇ ਨਾਂ ਦਾ ਡੰਕਾ ਵੱਜ ਗਿਆ।

ਭਾਰਤ ਸਰਕਾਰ ਨੇ ਸ਼ਬੇਗ ਸਿੰਘ ਨੂੰ ਪਹਿਲਾਂ ਅਤੀ ਵਸ਼ਿਸ਼ਟ ਸੇਵਾ ਮੈਡਲ ਤੇ ਫੇਰ ਪਰਮ ਵਸ਼ਿਸ਼ਟ ਸੇਵਾ ਮੈਡਲ ਨਾਲ ਨਿਵਾਜਿਆ ਅਤੇ ਸ਼ਬੇਗ ਸਿੰਘ ਨੂੰ ਮੇਜਰ ਜਰਨਲ ਦਾ ਅਹੁਦਾ ਦੇ ਦਿੱਤਾ। ਏਨੀ ਸ਼ੁਹਰਤ ਬਥੇਰੀ ਸੀ ਹੋਰਨਾਂ ਦੇ ਮਨਾਂ ਵਿਚ ਅੱਗ ਲਾਉਣ ਲਈ! ਨਾਲ ਦੇ ਅਫਸਰਾਂ ਵਿਚ ਸਾੜਾ ਏਨਾ ਵੱਧ ਚੁੱਕਿਆ ਸੀ ਕਿ ਉਨ੍ਹਾਂ ਨੇ ਸੀਨੀਅਰ ਅਫ਼ਸਰਾਂ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਸਰਕਾਰ ਵੀ ਕਿੱਥੇ ਸਿੱਖਾਂ ਦੇ ਹੱਕ ਵਿਚ ਸੀ। ਏਸੇ ਲਈ ਏਨਾ ਸਭ ਕੁੱਝ ਹੋਣ ਬਾਅਦ ਵੀ ਸ਼ਬੇਗ ਸਿੰਘ ਨੂੰ ਕਮਾਂਡ ਨਹੀਂ ਸੌਂਪੀ ਗਈ ਤਾਂ ਜੋ ਉਸ ਨੂੰ ਬਣਦੀ ਪ੍ਰੋਮੋਸ਼ਨ ਨਾ ਦੇਣੀ ਪਵੇ।

ਹਾਲੇ ਏਥੇ ਵੀ ਬਸ ਨਹੀਂ ਕੀਤਾ ਗਿਆ। ਇਕ ਕਮਾਂਡਰ ਨੇ ਦੂਜੇ ਜਨਰਲ ਨੂੰ ਕੁੜੀ ਦੇ ਵਿਆਹ ਦੇ ਸ਼ਗਨ ਵਜੋਂ ਪੈਸੇ ਭੇਜੇ ਤਾਂ ਝੂਠ ਮੂਠ ਉਨ੍ਹਾਂ ਪੈਸਿਆਂ ਨੂੰ ਰਿਸ਼ਵਤ ਮੰਨਦਿਆਂ ਸ਼ਬੇਗ ਸਿੰਘ ਦਾ ਨਾਂ ਉਛਾਲ ਦਿੱਤਾ ਗਿਆ ਜਿਸ ਦਾ ਇਨ੍ਹਾਂ ਪੈਸਿਆਂ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਜਦੋਂ ਸ਼ਬੇਗ ਸਿੰਘ ਨੇ ਬੇਗੁਣਾਹੀ ਸਾਬਤ ਕਰ ਦਿੱਤੀ ਤਾਂ ਝਟਪਟ ਉਸੇ ਨੂੰ ਯੂਨਿਟ ਵਿੱਚੋਂ ਬਦਲ ਕੇ ਇਨਕੁਆਇਰੀ ਰਫਾ ਦਫਾ ਕਰ ਦਿੱਤੀ ਤਾਂ ਜੋ ਫੌਜ ਵਿਚਲੀ ਗੜਬੜੀ ਦੀ ਗੱਲ ਬਾਹਰ ਨਾ ਨਿਕਲੇ। ਉਸ ਤੋਂ ਬਾਅਦ ਉਸੇ ਜਨਰਲ ਨੂੰ ਫੌਜ ਦਾ ਮੁਖੀ ਲਾ ਦਿੱਤਾ ਗਿਆ ਜੋ ਪੈਸਿਆਂ ਦੇ ਅਦਾਨ ਪ੍ਰਦਾਨ ਵਿਚ ਸ਼ਾਮਲ ਸੀ।

ਸ਼ਬੇਗ ਸਿੰਘ ਖ਼ਿਲਾਫ਼ ਸਾੜਾ ਘਟਿਆ ਨਹੀਂ ਸੀ। ਉਸ ਨਾਲ ਹਾਲੇ ਹੋਰ ਧੱਕਾ ਕੀਤਾ ਜਾਣਾ ਸੀ। ਉਸ ਵਿਰੁੱਧ ਬੇਬੁਨਿਆਦ ਇਲਜ਼ਾਮ ਲਾ ਕੇ, ਕਿ ਉਸ ਨੇ ਸਰਕਾਰੀ ਕੋਠੀ ਅੰਦਰ ਸਬਜ਼ੀਆਂ ਬੀਜੀਆਂ ਹਨ, ਉਸ ਵਿਰੁੱਧ ਇਨਕੁਆਇਰੀ ਖੋਲ੍ਹ ਦਿੱਤੀ। ਇਸ ਦੇ ਨਾਲ ਇੱਕ ਹੋਰ ਇਲਜ਼ਾਮ ਲਾਇਆ ਕਿ ਬਦਲੀ ਵੇਲੇ ਫੌਜੀ ਯੂਨਿਟ ਵੱਲੋਂ ਇੱਕ ਯਾਦਗਾਰੀ ਲੱਕੜ ਦਾ ਚਿੰਨ ਸਨਮਾਨ ਵਜੋਂ ਉਸ ਨੇ ਹਾਸਲ ਕੀਤਾ ਜੋ ਹਰ ਕਿਸੇ ਨੂੰ ਦਿੱਤਾ ਜਾਂਦਾ ਸੀ, ਪਰ ਸ਼ਬੇਗ ਸਿੰਘ ਲਈ ਏਨਾ ਭਾਰਾ ਜੁਰਮ ਸਾਬਤ ਕਰ ਦਿੱਤਾ ਗਿਆ ਕਿ ਉਸ ਵਿਰੁੱਧ ਜਾਣ ਬੁੱਝ ਕੇ ਰਿਟਾਇਰ ਹੋਣ ਤੱਕ ਲਗਾਤਾਰ ਪੂਰਾ ਸਾਲ ਇਹ ਕੇਸ ਲਟਕਾਇਆ ਗਿਆ ਤੇ ਸੁਣਵਾਈ ਨਹੀਂ ਕੀਤੀ ਗਈ।

30 ਅਪਰੈਲ 1976 ਨੂੰ ਫੌਜ ਵਿੱਚੋਂ ਰਿਟਾਇਰ ਹੋਣ ਤੋਂ ਇੱਕ ਦਿਨ ਪਹਿਲਾਂ ਮੁਕਤੀ ਵਾਹਿਨੀ ਦਾ ਹੀਰੋ ਅਤੇ ਭਾਰਤ ਦੀ ਸ਼ਾਨ ਅਤੇ ਬਾਨ ਦੇ ਪ੍ਰਤੀਕ ਜਰਨੈਲ ਸ਼ਬੇਗ ਸਿੰਘ ਨੂੰ ਬਿਨਾਂ ਸੁਣਵਾਈ ਦੇ ਫੌਜ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਤੇ ਪਤਨੀ ਦੀ ਬੀਮਾਰੀ ਦੇ ਬਾਵਜੂਦ ਪੈਨਸ਼ਨ ਤੱਕ ਨਾ ਦਿੱਤੀ ਗਈ। ਏਨਾ ਧੱਕਾ ਕੋਈ ਕਿਵੇਂ ਬਰਦਾਸ਼ਤ ਕਰ ਸਕਦਾ ਹੈ? ਸ਼ਬੇਗ ਸਿੰਘ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਜਿੱਥੋਂ ਉਸ ਨੂੰ ਨਿਆਂ ਮਿਲਿਆ ਤੇ ਉਹ ਬੇਕਸੂਰ ਸਾਬਤ ਕਰ ਦਿੱਤਾ ਗਿਆ ਪਰ ਅਫ਼ਸੋਸ ਉਦੋਂ ਤੱਕ ਭਾਰਤੀ ਹਕੂਮਤ ਉਸ ਨੂੰ ਅਤਿਵਾਦੀ ਕਹਿ ਕੇ ਮਾਰ ਮੁਕਾ ਚੁੱਕੀ ਸੀ।

ਮੇਰਾ ਸਵਾਲ ਇਹ ਹੈ ਕਿ ਬੇਮਿਸਾਲ ਤਾਕਤ, ਮਿਸਾਲੀ ਫੌਜੀ ਅਗਵਾਈ, ਅਸਾਧਾਰਨ ਸੂਝ ਬੂਝ ਤੇ ਦੇਸ਼ ਲਈ ਮਰ ਮਿਟਣ ਦੇ ਅਥਾਹ ਜਜ਼ਬੇ ਨਾਲ ਭਰਪੂਰ ਜਰਨੈਲ ਸ਼ਬੇਗ ਸਿੰਘ ਨਾਲ ਇਹ ਧੱਕਾ ਕਿਉਂ ਬਰਦਾਸ਼ਤ ਕੀਤਾ ਗਿਆ? ਇਸ ਤਰ੍ਹਾਂ ਦਾ ਅਸਹਿ ਧੱਕਾ, ਜੋ ਸਿਰਫ਼ ਸਿੱਖ ਹੋਣ ਸਦਕਾ ਕੀਤਾ ਗਿਆ ਹੋਵੇ ਤਾਂ ਕਿਸੇ ਵੀ ਧਰਮ ਦਾ ਬੰਦਾ ਧਾਰਮਿਕ ਯੁੱਧ ਵੱਲ ਬਦੋਬਦੀ ਖਿੱਚਿਆ ਜਾਵੇਗਾ। ਮੇਜਰ ਜਨਰਲ ਸ਼ਬੇਗ ਸਿੰਘ ਇਕ ਸ਼ਾਨਦਾਰ ਫੌਜੀ ਪ੍ਰਦਰਸ਼ਨ ਦੀ ਲਾਮਿਸਾਲ ਉਦਾਹਰਣ ਹੈ ਜੋ ਸਰਕਾਰੀ ਤੰਤਰ ਦੀ ਜ਼ਿਆਦਤੀ ਅਤੇ ਧਰਮ ਆਧਾਰਿਤ ਵਿਤਕਰੇ ਦਾ ਸ਼ਿਕਾਰ ਹੋਇਆ ਜਿਸ ਨੂੰ ਇਕ ਬਦਨੁਮਾ ਦਾਗ਼ ਵਾਂਗ ਉਭਾਰ ਦਿੱਤਾ ਗਿਆ ਪਰ ਇਤਿਹਾਸ ਹਮੇਸ਼ਾ ਝੂਠ ਦੀਆਂ ਚਾਦਰਾਂ ਲਾਹ ਦਿਆ ਕਰਦਾ ਹੈ। ਪਹਿਲਾਂ ਉਸ ਨੂੰ ਅਕਾਲੀ ਦਲ ਨੇ ਕਲਾਵੇ ਵਿਚ ਲਿਆ ਤੇ ਫੇਰ ਧਰਮਯੁੱਧ ਮੋਰਚੇ ਵਲ ਉਸ ਦਾ ਝੁਕਾਓ ਹੋ ਗਿਆ। ਸਾਕਾ ਨੀਲਾ ਤਾਰਾ ਵਿਚ 200 ਤੋਂ ਘੱਟ ਮੁੱਛਫੁੱਟ ਨੌਜਵਾਨਾਂ ਨਾਲ ਪੂਰੀ ਕਿਲੇਬੰਦੀ ਕਰ ਕੇ ਦਰਬਾਰ ਸਾਹਿਬ ਅੰਦਰੋਂ ਤੋਪਾਂ ਤੇ ਟੈਕਾਂ ਦਾ ਸਾਹਮਣਾ ਕਰਨ ਦੀ ਜੁਗਤ ਵੀ ਬਦੇਸੀ ਮਾਹਿਰਾਂ ਅਨੁਸਾਰ ਸ਼ਬੇਗ ਸਿੰਘ ਦੀ ਲਾਸਿਮਾਲ ਸੀ। ਓਨੇ ਫੌਜੀ ਹਿੰਦ-ਪਾਕ ਜੰਗ ਵਿਚ ਸ਼ਹੀਦ ਨਹੀਂ ਹੋਏ ਜਿੰਨੇ ਸ਼ਬੇਗ ਸਿੰਘ ਦੀ ਕਿਲੇਬੰਦੀ ਵਿਚ ਮਹਿਜ਼ 100 ਜਣਿਆਂ ਹੱਥੋਂ ਗਿਣੇ ਚੁਣੇ ਹਥਿਆਰਾਂ ਨਾਲ ਫਨਾਹ ਹੋ ਗਏ ਸਨ। ਫੌਜੀ ਆਪ ਮੰਨਦੇ ਸਨ ਕਿ ਧਰਤੀ ਵਿੱਚੋਂ ਵੀ ਤੇ ਅਸਮਾਨੋਂ ਵੀ ਗੋਲੀਆਂ ਦਾ ਮੀਂਹ ਵਰਿਆ ਜਿਸ ਬਾਰੇ ਕਿਸੇ ਨੂੰ ਪਤਾ ਹੀ ਨਹੀਂ ਲੱਗ ਰਿਹਾ ਸੀ ਕਿ ਕਿਵੇਂ ਏਨੀ ਕਮਾਲ ਦੀ ਜੁਗਤ ਵਰਤੀ ਗਈ ਸੀ।

ਇਤਿਹਾਸ ਕਦੇ ਇੱਕ ਤਰਫ਼ਾ ਨਹੀਂ ਲਿਖਿਆ ਜਾਂਦਾ। ਏਸੇ ਲਈ ਸਰਕਾਰੀ ਇਤਿਹਾਸ ਭਾਵੇਂ ਉਸ ਨੂੰ ਅਤਿਵਾਦੀ ਕਰਾਰ ਕਰ ਦੇਵੇ ਅਤੇ ਉਸ ਨਾਲ ਕੀਤੇ ਧੱਕੇ ਨੂੰ ਲੁਕਾਉਣ ਦਾ ਅਣਥੱਕ ਜਤਨ ਕਰੇ ਪਰ ਵਫ਼ਾ ਕਰਨ ਵਾਲੇ ਉਸ ਨੂੰ ਸ਼ਾਨਦਾਰ ਜਰਨੈਲ ਤੇ ਮਿਸਾਲੀ ਯੋਧਾ ਮੰਨਦੇ ਰਹਿਣਗੇ। ਜੇ ਸਰਕਾਰੀ ਤੰਤਰ ਉਸ ਨਾਲ ਧੱਕਾ ਨਾ ਕਰਦਾ ਤਾਂ ਫੌਜ ਦਾ ਮੁਖੀ ਬਣ ਕੇ ਉਸ ਨੇ ਭਾਰਤੀ ਫੌਜ ਦਾ ਨਾਂ ਪੂਰੀ ਦੁਨੀਆ ਵਿਚ ਰੌਸ਼ਨ ਕਰ ਦੇਣਾ ਸੀ।

ਮੈਂ ਆਪ ਸਾੜੇ ਤੇ ਸਰਕਾਰੀ ਤੰਤਰ ਦੀ ਸ਼ਿਕਾਰ ਹੋ ਚੁੱਕੀ ਹਾਂ ਜਿਸ ਵਿਚ ਇੱਕ ਪਾਸੇ ਮੈਂ ਭਾਰਤ ਦੇ ਰਾਸ਼ਟਰਪਤੀ ਵੱਲੋਂ ਸਨਮਾਨ ਹਾਸਲ ਕੀਤਾ ਤੇ ਦੂਜੇ ਪਾਸੇ ਵਿਭਾਗੀ ਸੀਨੀਅਰਤਾ ਨਾ ਦੇਣ ਪਿੱਛੇ ਝੂਠੇ ਕੇਸ ਵਿਚ ਫਸਾਇਆ ਗਿਆ ਜਿਸ ਤੋਂ ਹਾਈ ਕੋਰਟ ਨੇ ਰਾਹਤ ਦਿੱਤੀ ਪਰ ਫਿਰ ਵੀ ਤੰਤਰ ਨਾ ਹਿੱਲਿਆ ਤੇ ਕੋਰਟ ਵੱਲੋਂ ”ਕੰਟੈਂਪਟ ਆਫ਼ ਕੋਰਟ” ਨੋਟਿਸ ਵੀ ਜਾਰੀ ਹੋਇਆ। ਇਸੇ ਲਈ ਮੈਂ ਬਾਖ਼ੂਬੀ ਮੇਜਰ ਜਨਰਲ ਸ਼ਬੇਗ ਸਿੰਘ ਦੀ ਲਾਮਿਸਾਲ ਬਹਾਦਰੀ ਨੂੰ ਵੱਟਾ ਲੱਗਣ ਵੇਲੇ ਉਸ ਦੀ ਮਾਨਸਿਕ ਪੀੜ ਨੂੰ ਸਮਝ ਸਕਦੀ ਹਾਂ। ਜੇ ਉਸ ਵੇਲੇ ਸਿੱਖ ਕੌਮ ਉਸ ਦੇ ਜ਼ਖ਼ਮਾਂ ਉੱਤੇ ਮੱਲਮ ਲਾ ਦਿੰਦੀ ਤਾਂ ਬਹੁਤ ਕੁੱਝ ਠੀਕ ਹੋ ਸਕਦਾ ਸੀ, ਪਰ ਕਿਸੇ ਨੇ ਉਸ ਦੀ ਬਾਂਹ ਨਾ ਫੜੀ।

ਲਾਅਨਤ ਤਾਂ ਇਹ ਹੈ ਕਿ ਜਿਨ੍ਹਾਂ ਸਾਥੀਆਂ ਨੂੰ ਸ਼ਬੇਗ ਨੇ ਆਪਣੇ ਹੱਥਾਂ ਨਾਲ ਬੰਦੂਕ ਫੜ ਕੇ ਚਲਾਉਣੀ ਸਿਖਾਈ, ਉਹੀ ਫੌਜੀ ਸ਼ਹੀਦ ਸ਼ਬੇਗ ਸਿੰਘ ਦੀ ਲਾਸ਼ ਦੀ ਬੇਕਦਰੀ ਕਰਦਿਆਂ ਉਸ ਲਾਸ਼ ਨਾਲ ਸੀਨਾ ਤਾਣ ਕੇ ਮੁਸਕੁਰਾਉਂਦਿਆਂ ਫੋਟੋ ਖਿਚਵਾਉਂਦੇ ਵੇਖੇ ਗਏ। ਇਸੇ ਇਕਜੁੱਟਤਾ ਦੀ ਘਾਟ ਕਾਰਨ ਹੀ ਸਿੱਖ ਕੌਮ ਅਨੇਕ ਵਾਰ ਧਾਰਮਿਕ ਤਸ਼ੱਦਦ ਦਾ ਸ਼ਿਕਾਰ ਹੋਈ ਤੇ ਹੁਣ ਤਕ ਵੀ ਪੂਰੇ ਭਾਰਤ ਵਿਚ ਅਤੇ ਵਤਨੋਂ ਪਾਰ ਵੀ ਇਕੱਲੇ ਸਿੱਖ ਨੂੰ ਵੇਖ ਕੇ ਢਾਅ ਲੈਣ ਵਾਲੇ ਹੱਲੇ ਜਾਰੀ ਹਨ।

ਦੁਨੀਆ ਭਰ ਦੀਆਂ ਕੌਮਾਂ ਆਪਣੇ ਲਾਮਿਸਾਲ ਯੋਧਿਆਂ ਦੀਆਂ ਯਾਦਗਾਰਾਂ ਬਣਾਉਂਦੀਆਂ ਹਨ ਅਤੇ ਬੁੱਤ ਲਾਉਂਦੀਆਂ ਹਨ ਤਾਂ ਜੋ ਅਗਲੀ ਪਨੀਰੀ ਉਸੇ ਤਰ੍ਹਾਂ ਦੀ ਬਹਾਦਰ ਬਣ ਸਕੇ। ਜੇ ਕੀੜੀ ਨੂੰ ਵੀ ਬੇਵਜਾ ਮਾਰੋ ਤਾਂ ਵਾਪਸ ਲੜਨ ਨੂੰ ਪੈਂਦੀ ਹੈ। ਫੇਰ ਭਲਾ ਏਨਾ ਸ਼ਾਨਦਾਰ ਜਰਨੈਲ ਧੱਕਾ ਕਿਵੇਂ ਜਰਦਾ? ਕੀ ਇਹ ਜਾਇਜ਼ ਹੈ ਕਿ ਉਸ ਨੂੰ ਸਿਰਫ਼ ਅਤਿਵਾਦੀ ਕਹਿ ਕੇ ਇਤਿਹਾਸ ਦਾ ਪੰਨਾ ਪਰਤ ਦੇਈਏ? ਜੇ ਹਾਂ, ਤਾਂ ਤਿਆਰ ਰਹੋ ਅਗਲੀ ਵਾਰੀ ਤੁਹਾਡੀ ਹੈ! ਜੇ ਨਾ, ਤਾਂ ਫਿਰ ਕਦੋਂ ਉਸ ਉੱਤਮ ਸੂਰਮੇ ਦੀ ਬਹਾਦਰੀ ਦੀ ਯਾਦਗਾਰ ਤਿਆਰ ਹੋਵੇਗੀ ਜਿੱਥੇ ਉਸ ਮਿਸਾਲੀ ਯੋਧੇ ਦੀ ਆਦਮਕੱਦ ਤਸਵੀਰ ਹੋਵੇ ਤੇ ਪੰਜਾਬ ਵਿਚਲੇ ਫੌਜੀ ਉਸ ਦੀ ਫੌਜੀ ਅਗਵਾਈ ਦੀ ਤਕਨੀਕ ਸਿੱਖ ਕੇ ਆਪਣਾ ਅਤੇ ਆਪਣੇ ਦੇਸ ਦਾ ਨਾਂ ਰੌਸ਼ਨ ਕਰਦੇ ਰਹਿਣ?

ਫਰੀਦਾ ਥੀਉ ਪਵਾਹੀ ਦਭੁ ਜੇ ਸਾਂਈ ਲੋੜਹਿ ਸਭੁ।

ਬਾਬਾ ਫ਼ਰੀਦ ਜੀ ਨੇ ਵੀ ਸਮਝਾਇਆ ਸੀ ਕਿ ਲੋਕ ਕੁੱਝ ਬੂਟਿਆਂ ਨੂੰ ਤੋੜਦੇ ਹਨ ਤੇ ਬਾਕੀਆਂ ਨੂੰ ਪੈਰਾਂ ਹੇਠ ਲਤਾੜਦੇ ਹਨ। ਗੱਲ ਸਿਰਫ਼ ਧਿਆਨ ਦੇਣ ਯੋਗ ਇਹ ਹੈ ਕਿ ਮਿੱਧੇ ਜਾਣ ਬਾਅਦ ਵੀ ਕੁੱਝ ਸ਼ਖ਼ਸੀਅਤਾਂ ਫੁੱਲਾਂ ਵਾਂਗ ਖ਼ੁਸ਼ਬੂ ਛੱਡਦੀਆਂ ਰਹਿੰਦੀਆਂ ਹਨ।

ਡਾ. ਹਰਸ਼ਿੰਦਰ ਕੌਰ

ਐਮ. ਡੀ., ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ, ਲੋਅਰ ਮਾਲ ਪਟਿਆਲਾ

ਫੋਨ ਨੰ : 0175-2216783

Check Also

ਮਾਨਵੀ ਸੇਵਾ ਦੇ ਮਹਾਨ ਪੁੰਜ ਸਨ – ਭਗਤ ਪੂਰਨ ਸਿੰਘ

-ਅਵਤਾਰ ਸਿੰਘ   ਪਿੰਗਲਵਾੜਾ ਸੰਸਥਾ ਦੇ ਬਾਨੀ ਭਗਤ ਪੂਰਨ ਸਿੰਘ ਦਾ ਜਨਮ 4-6-1904 ਨੂੰ ਪਿੰਡ …

Leave a Reply

Your email address will not be published. Required fields are marked *