ਕਰਾਚੀ: ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਇੱਕ ਵੱਡਾ ਧਮਾਕਾ ਹੋਇਆ ਹੈ। ਇਹ ਧਮਾਕਾ ਇੱਕ ਗੈਰ-ਕਾਨੂੰਨੀ ਅਸਥਾਈ ਪਟਾਕੇ ਬਣਾਉਣ ਵਾਲੀ ਫੈਕਟਰੀ ਵਿੱਚ ਹੋਇਆ ਹੈ। ਬਚਾਅ ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਸ਼ਨੀਵਾਰ ਰਾਤ ਨੂੰ ਹੈਦਰਾਬਾਦ ਸ਼ਹਿਰ ਦੇ ਲਤੀਫਾਬਾਦ ਖੇਤਰ ਵਿੱਚ ਇੱਕ ਗੈਰ-ਲਾਇਸੈਂਸ ਪਟਾਕਾ ਨਿਰਮਾਣ ਯੂਨਿਟ ਵਿੱਚ ਹੋਏ ਧਮਾਕੇ ਵਿੱਚ ਘੱਟੋ-ਘੱਟ ਸੱਤ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ ਹਨ।
ਰੈਸਕਿਊ 1122 ਦੇ ਬੁਲਾਰੇ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਲਤੀਫਾਬਾਦ ਪੁਲਿਸ ਸਟੇਸ਼ਨ ਦੇ ਨੇੜੇ ਲਾਗਾਰੀ ਗੋਠ ਨਦੀ ਦੇ ਕੰਢੇ ਇੱਕ ਪਟਾਕਾ ਫੈਕਟਰੀ ਵਿੱਚ ਇੱਕ ਵੱਡਾ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ। ਹੁਣ ਤੱਕ ਮਲਬੇ ਵਿੱਚੋਂ ਸੱਤ ਲਾਸ਼ਾਂ ਕੱਢੀਆਂ ਗਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਰਾਤ ਨੂੰ ਹੋਏ ਧਮਾਕੇ ਤੋਂ ਬਾਅਦ ਘਰ ਦਾ ਇੱਕ ਹਿੱਸਾ ਢਹਿ ਗਿਆ, ਉਨ੍ਹਾਂ ਕਿਹਾ ਕਿ ਕੁਝ ਲੋਕਾਂ ਦੇ ਅਜੇ ਵੀ ਮਲਬੇ ਹੇਠ ਫਸੇ ਹੋਣ ਦਾ ਖਦਸ਼ਾ ਹੈ। ਬਚਾਅ ਟੀਮ ਦੇ ਬੁਲਾਰੇ ਨੇ ਕਿਹਾ ਕਿ ਧਮਾਕੇ ਦਾ ਸਹੀ ਕਾਰਨ ਬਚਾਅ ਕਾਰਜ ਪੂਰਾ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ। ਉਨ੍ਹਾਂ ਕਿਹਾ ਇੱਕ ਕਮਰੇ ਦਾ ਮਲਬਾ ਕੰਧ ਦੇ ਨਾਲ-ਨਾਲ ਡਿੱਗ ਗਿਆ ਹੈ, ਇਸ ਲਈ ਕੁਝ ਕਾਮੇ ਅਤੇ ਬੱਚੇ ਫਸੇ ਹੋਏ ਹਨ; ਅਸੀਂ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।
ਲਤੀਫਾਬਾਦ ਦੇ ਸਹਾਇਕ ਕਮਿਸ਼ਨਰ ਸਾਊਦ ਲੁੰਡ ਮੌਕੇ ‘ਤੇ ਪਹੁੰਚੇ ਅਤੇ ਮੀਡੀਆ ਨੂੰ ਪੁਸ਼ਟੀ ਕੀਤੀ ਕਿ ਪਟਾਕੇ ਗੈਰ-ਕਾਨੂੰਨੀ ਢੰਗ ਨਾਲ ਬਣਾਏ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਫੈਕਟਰੀ ਮਾਲਕ, ਅਸਦ ਜ਼ਈ, ਨੂੰ ਕਿਸੇ ਹੋਰ ਜਗ੍ਹਾ ਲਈ ਲਾਇਸੈਂਸ ਜਾਰੀ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮਾਲਕ ਫਰਾਰ ਹੈ ਅਤੇ ਫੈਕਟਰੀ ਦੇ ਲਾਇਸੈਂਸ ਵੇਰਵਿਆਂ ਦੀ ਪੁਸ਼ਟੀ ਕੀਤੀ ਜਾ ਰਹੀ ਹੈ। ਸਹਾਇਕ ਕਮਿਸ਼ਨਰ ਨੇ ਕਿਹਾ ਕਿ ਧਮਾਕੇ ਵਿੱਚ ਜ਼ਖਮੀ ਹੋਏ ਛੇ ਵਿੱਚੋਂ ਤਿੰਨ 98 ਪ੍ਰਤੀਸ਼ਤ ਸੜ ਗਏ ਹਨ ਅਤੇ ਉਨ੍ਹਾਂ ਦੀ ਹਾਲਤ ਗੰਭੀਰ ਹੈ।

