ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੀ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਸਬੰਧਾਂ ਨੂੰ ਲੈ ਕੇ ਵਿਧਾਨ ਸਭਾ ‘ਚ ਤਿੱਖੀ ਬਹਿਸ ਹੋ ਗਈ। ਇਸ ਦੌਰਾਨ ਬਿਕਰਮਜੀਤ ਮਜੀਠੀਆ ਨੇ ਸੁਖਜਿੰਦਰ ਰੰਧਾਵਾ ‘ਤੇ ਦੋਸ਼ ਲਗਾਉਂਦੇ ਕਿਹਾ ਕਿ ਜੇਲਾਂ ਅੰਦਰ ਬੈਠੇ ਗੈਂਗਸਟਰਾਂ ਦੀ ਪੁਲਿਸ ਵੱਲੋਂ ਮਦਦ ਕੀਤੀ ਜਾ ਰਹੀ ਹੈ। ਜੇਲ੍ਹਾਂ ਅੰਦਰ ਬੈਠ ਕੇ ਹੀ ਗੈਂਗਸਟਰ ਕਤਲ, ਨਸ਼ਾ ਤਸਕਰੀ, ਫਿਰੌਤੀ ਮੰਗਣ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਜੇਲਾਂ ਅਪਰਾਧੀਆਂ ਦਾ ਅੱਡਾ ਬਣ ਚੁੱਕੀਆਂ ਹਨ।
ਉਧਰ ਸੁਖਜਿੰਦਰ ਰੰਧਾਵਾ ਨੇ ਵੀ ਮਜੀਠੀਆ ‘ਤੇ ਸ਼ਬਦੀ ਹਮਲਾ ਕਰਦੇ ਉਨ੍ਹਾਂ ਨੂੰ ਚਿੱਟੇ ਦਾ ਵਪਾਰੀ ਕਹਿ ਦਿੱਤਾ ਤੇ ਆਪਣੀ ਹੀ ਸਰਕਾਰ ‘ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਇਹ ਸਾਡੀ ਸਰਕਾਰ ਦੀ ਨਲਾਇਕੀ ਹੈ ਕਿ ਉਹ ਖੁੱਲ੍ਹਾ ਘੁੰਮ ਰਿਹਾ ਹੈ ਇਨ੍ਹਾਂ ਨੂੰ ਜੇਲ੍ਹ ‘ਚ ਹੋਣਾ ਚਾਹੀਦਾ ਹੈ। ਇਸ ਦੌਰਾਨ ਅਕਾਲੀ ਦਲ ਵਲੋਂ ਸਦਨ ‘ਚੋਂ ਵਾਕਆਊਟ ਕਰ ਦਿੱਤਾ ਗਿਆ।
ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਿਕਰਮ ਮਜੀਠੀਆ ਨੇ ਕਿਹਾ ਕਿ ਕਾਂਗਰਸ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਗੈਂਗਸਟਰਾਂ ਨੂੰ ਸ਼ਹਿ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਵੱਲੋਂ ਜੇਲ੍ਹ ਵਿੱਚ ਬੈਠ ਕੇ ਕਤਲ ਕਰਵਾਏ ਜਾ ਰਹੇ ਹਨ। ਜੱਗੂ ਨੂੰ ਸਰਕਾਰ ਦੀ ਸ਼ਹਿ ਹੈ ਅਤੇ ਉਸ ਨੂੰ ਜੇਲ੍ਹ ‘ਚ ਹੀ ਸਾਰੀ ਸੁੱਖ ਸਹੂਲਤਾਂ ਮਿਲ ਰਹੀਆਂ ਹਨ।