ਮਜੀਠੀਆ ਨੇ ਲਾਏ ‘ਆਪ’ ਸਰਕਾਰ ‘ਤੇ ਵੱਡੇ ਇਲਜ਼ਾਮ, ਗੈਰ-ਪੰਜਾਬੀਆਂ ਨੂੰ ਦਿੱਤੀਆਂ ਨੌਕਰੀਆਂ

Prabhjot Kaur
3 Min Read

ਜਲੰਧਰ: ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਰਤਾਰਪੁਰ ਹਲਕੇ ਦੇ ਵਿਧਾਇਕ ਬਲਕਾਰ ਸਿੰਘ ਤੇ ਉਹਨਾਂ ਦੇ ਪੁੱਤਰ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਮਜੀਠੀਆ ਨੇ ਕਿਹਾ ਕਿ ਬਲਕਾਰ ਸਿੰਘ ਵੱਲੋਂ ਆਪਣੇ ਪੁੱਤਰ ਲਈ ਸਬ ਇੰਸਪੈਕਟਰ ਦੀ ਨੌਕਰੀ ਹਾਸਲ ਕਰਨ ਲਈ ਆਪਣੇ 50 ਫੀਸਦੀ ਅਪੰਗ ਹੋਣ ਦਾ ਦਾਅਵਾ ਕਰਦਿਆਂ ਜਾਅਲੀ ਸਰਟੀਫਿਕੇਟ ਬਣਵਾਇਆ, ਜਿਸ ਲਈ ਉਹਨਾਂ ਖਿਲਾਫ ਫੌਜਦਾਰੀ ਦਾ ਕੇਸ ਦਰਜ ਕੀਤਾ ਜਾਵੇ ਅਤੇ ਵਿਧਾਇਕ ਦੇ ਪੁੱਤਰ ਤੇ ਉਹਨਾਂ ਸਾਰੇ ਪੁਲਿਸ ਮੁਲਾਜ਼ਮਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਜਿਹਨਾਂ ਨੇ ਇਹ ਗੈਰ ਕਾਨੂੰਨੀ ਕੰਮ ਕੀਤਾ ਹੈ।

ਇਸ ਤੋਂ ਇਲਾਵਾ ਮਜੀਠੀਆ ਨੇ ਇਹ ਖੁਲ੍ਹਾਸਾ ਵੀ ਕੀਤਾ ਕਿ ਕਿਵੇਂ ਗੈਰ ਪੰਜਾਬੀਆਂ ਨੂੰ ਆਮ ਆਦਮੀ ਪਾਰਟੀ ਸਰਕਾਰ ਬਹੁਤ ਜ਼ਿਆਦਾ ਤਨਖਾਹਾਂ ’ਤੇ ਨੌਕਰੀਆਂ ’ਤੇ ਰੱਖ ਰਹੀ ਹੈ ਜਦੋਂ ਕਿ ਉਹ ਪੰਜਾਬੀ ਆਉਂਦੀ ਹੋਣ ਦੀ ਸ਼ਰਤ ਵੀ ਪੂਰੀ ਨਹੀਂ ਕਰਦੇ। ਉਹਨਾਂ ਦੱਸਿਆ ਕਿ ਦਿੱਲੀ ‘ਚ ਓਖਲਾ ਦੇ ਆਦਿਲ ਆਜ਼ਮੀ ਨੂੰ ਮੁੱਖ ਮੰਤਰੀ ਦਾ ਓਐਸਡੀ ਨਿਯੁਕਤ ਕੀਤਾ ਗਿਆ ਹੈ, ਜਦਕਿ ਇੱਕ ਨੂੰ ਸੋਸ਼ਲ ਮੀਡੀਆ ਮੈਨੇਜਰ ਨਿਯੁਕਤ ਕੀਤਾ ਗਿਆ ਹੈ, ਜਿਨ੍ਹਾ ਦੀਆਂ ਤਨਖਾਹਾਂ ਕ੍ਰਮਵਾਰ ਡੇਢ ਲੱਖ ਰੁਪਏ ਤੇ ਸਵਾ ਲੱਖ ਰੁਪਏ ਪ੍ਰਤੀ ਮਹੀਨਾ ਹਨ ਤੇ ਇਸਦੇ ਨਾਲ ਹੀ ਸਰਕਾਰੀ ਘਰ ਤੇ ਗੱਡੀਆਂ ਦੀ ਸਹੂਲਤ ਵੀ ਦਿੱਤੀ ਹੋਈ ਹੈ।

ਬਿਕਰਮ ਮਜੀਠੀਆ ਨੇ ਜਾਣਕਾਰੀ ਸਾਂਝੀ ਕਰਦੇ ਕਿਹਾ ਕਿ ਆਦਮਪੁਰ ਦੇ ਵਿਧਾਇਕ ਤੇ ਪੰਜਾਬ ਪੁਲਿਸ ਦੇ ਸਾਬਕਾ ਡੀਸੀਪੀ ਬਲਕਾਰ ਸਿੰਘ ਦੇ ਪੁੱਤਰ ਸੁਸ਼ੋਭਿਤਵੀਰ ਸਿੰਘ ਸਬ ਇੰਸਪੈਕਟਰਾਂ ਦੀ ਭਰਤੀ ਪ੍ਰਕਿਰਿਆ ਜੋ ਕਾਂਗਰਸ ਸਰਕਾਰ ਵੇਲੇ ਅਗਸਤ 2021 ‘ਚ ਸ਼ੁਰੂ ਹੋਈ ਸੀ, ‘ਚ ਫੇਲ੍ਹ ਹੋ ਗਿਆ ਸੀ। ਉਹਨਾਂ ਦੱਸਿਆ ਕਿ ਅਨੁਸੂਚਿਤ ਜਾਤੀ ਵਰਗ ‘ਚ ਪ੍ਰੀਖਿਆ ‘ਚ ਫੇਲ੍ਹ ਹੋਣ ਤੋਂ ਸੁਸ਼ੋਭਿਤਵੀਰ ਨੇ ਆਪਣੀ ਕੈਟਾਗਿਰੀ ਬਦਲ ਲਈ। 20 ਅਕਤੂਬਰ 2022 ਨੂੰ ਸੂਬੇ ਦੇ ਡੀ.ਜੀ.ਪੀ ਨੇ ਸਾਬਕਾ ਡੀ.ਸੀ.ਪੀ ਨੂੰ ਪੱਤਰ ਦਿੱਤਾ ਜਿਸ ‘ਚ ਦੱਸਿਆ ਕਿ ਉਹਨਾਂ ਦੀ ਬੇਨਤੀ ’ਤੇ ਉਹਨਾਂ ਦਾ ਪੁੱਤਰ ਅਪੰਗ ਪੁਲਿਸ ਅਫਸਰਾਂ ਦੇ ਬੱਚਿਆਂ ਵਾਸਤੇ 2 ਫੀਸਦੀ ਰਾਖਵੇਂਕਰਨ ਦੀ ਵਿਵਸਥਾ ਤਹਿਤ ਯੋਗ ਹੈ ਤੇ ਬਲਕਾਰ ਸਿੰਘ 50 ਫੀਸਦੀ ਅਪੰਗ ਹੈ।

ਮਜੀਠੀਆ ਨੇ ਕਿਹਾ ਕਿ ਸਰਟੀਫਿਕੇਟ ਜਿਸਦੇ ਆਧਾਰ ’ਤੇ ਸੁਸ਼ੋਭਿਤਵੀਰ ਨੇ ਹਾਈ ਕੋਰਟ ਵਿਚ ਪਹੁੰਚ ਕੀਤੀ ਤੇ ਸ਼ਾਰਟ ਲਿਸਟ ਕੀਤੇ 4000 ਉਮੀਦਵਾਰਾਂ ਦੀ ਭਰਤੀ ਪ੍ਰਕਿਰਿਆ ਰੁਕਵਾ ਦਿੱਤੀ, ਝੂਠਾ ਹੈ। ਉਹਨਾਂ ਨੇ ਤਸਵੀਰਾਂ ਵਿਖਾ ਕੇ ਸਾਬਤ ਕੀਤਾ ਕਿ ਬਲਕਾਰ ਸਿੰਘ ਕੀਤੇ ਦਾਅਵੇ ਮੁਤਾਬਕ 50 ਫੀਸਦੀ ਅਪੰਗ ਨਹੀਂ ਹੈ। ਉਹਨਾਂ ਕਿਹਾ ਕਿ ਨਿਯਮਾਂ ਮੁਤਾਬਕ ਸਰਕਾਰੀ ਨੌਕਰੀ ਲਈ ਅਪਲਾਈ ਕਰਨ ਵਾਲਾ ਉਮੀਦਵਾਰ ਆਪਣੀ ਅਰਜ਼ੀ ਦੇਣ ਤੋਂ ਬਾਅਦ ਆਪਣਾ ਵਰਗ ਯਾਨੀ ਕੈਟਾਗਿਰੀ ਨਹੀਂ ਬਦਲ ਸਕਦਾ।

- Advertisement -

ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਤਾਰਪੁਰ ਦੇ ਵਿਧਾਇਕ ਦੀ ਮਦਦ ਵਾਸਤੇ ਨਿਯਮਾਂ ਨੂੰ ਛਿੱਕੇ ਟੰਗ ਕੇ ਕੰਮ ਕੀਤਾ ਹੈ ਤੇ ਸੂਬੇ ਦੇ ਡੀ ਜੀ ਪੀ ਨੇ ਵਿਧਾਇਕ ਨੂੰ ਗਲਤ ਸਰਟੀਫਿਕੇਟ ਜਾਰੀ ਕੀਤਾ ਹੈ। ਉਹਨਾਂ ਕਿਹਾ ਕਿ ਦੋਵਾਂ ਮਾਮਲਿਆਂ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਦੋਸ਼ੀ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਇਹ ਵੀ ਮੰਗ ਕੀਤੀ ਕਿ ਮੈਡੀਕਲ ਬੋਰਡ ਕੋਲੋਂ ਕਰਤਾਰਪੁਰ ਦੇ ਵਿਧਾਇਕ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਕਿ ਉਹ ਕੀਤੇ ਦਾਅਵੇ ਮੁਤਾਬਕ 50 ਫੀਸਦੀ ਅਪੰਗ ਹਨ ਜਾਂ ਨਹੀਂ।

Share this Article
Leave a comment