ਹੁਸ਼ਿਆਰਪੁਰ: ਦਿੱਲੀ ਵਿੱਚ ਫੈਲੀ ਹਿੰਸਾ ‘ਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਮਜੀਠੀਆ ਨੇ ਨਿੰਦਾ ਕਰਦੇ ਹੋਏ ਸਵਾਲ ਖੜ੍ਹੇ ਕੀਤੇ ਹਨ। ਬਿਕਰਮ ਮਜੀਠੀਆ ਨੇ ਕਿਹਾ ਕਿ ਕਿਸਾਨ ਪਿੱਛਲੇ 60 ਦਿਨਾਂ ਤੋਂ ਦਿੱਲੀ ਵਿੱਚ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਸਨ। ਅਜਿਹਾ ਪ੍ਰਦਰਸ਼ਨ ਪੂਰੀ ਦੁਨੀਆਂ ‘ਚ ਨਹੀਂ ਦੇਖਣ ਨੂੰ ਮਿਲਿਆ। ਪਰ ਕੇਂਦਰ ਸਰਕਾਰ ਅਤੇ ਖੂਫੀਆ ਏਜੰਸੀਆਂ ਦੀ ਸਾਜਿਸ਼ ਤਹਿਤ ਇਹ ਹਿੰਸਾ ਫੈਲੀ ਹੈ। ਬਿਕਰਮ ਮਜੀਠੀਆ ਨੇ ਕਿਹਾ ਕਿ ਹਿੰਸਾ ਪਿੱਛੇ ਤਿੰਨ ਤੋਂ ਚਾਰ ਲੋਕ ਹੀ ਜ਼ਿੰਮੇਵਾਰ ਹਨ। ਮਜੀਠੀਆ ਨੇ ਕਿਹਾ ਹਿੰਸਾ ਫੈਲਾਉਣ ਵਾਲੇ ਆਪ ਕਿਸਾਨ ਨਹੀਂ ਹਨ। ਪਰ ਇਹਨਾਂ ਨੇ ਕਿਸਾਨ ਅੰਦੋਲਨ ਨੂੰ ਵੱਡੀ ਠੇਸ ਪਹੁੰਚਾਈ ਹੈ।
ਮਜੀਠੀਆ ਨੇ ਦਿੱਲੀ ਪੁਲਿਸ ‘ਤੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਪੁਲਿਸ ਨੇ ਹਿੰਸਾ ਕਰਨ ਵਾਲਿਆਂ ਨੂੰ ਰੋਕਿਆ ਕਿਉਂ ਨਹੀਂ ਸੀ। ਰੂਟ ਦੀ ਪਲਾਨਿੰਗ ਦਿੱਲੀ ਪੁਲਿਸ ਦੀ ਸੀ, ਪਰ ਪੁਲਿਸ ਨੇ ਭੀੜ ਨੂੰ ਅੱਗੇ ਵੱਧਣ ਤੋਂ ਨਹੀਂ ਰੋਕਿਆ। ਇਸ ਤੋਂ ਇਲਾਵਾ ਮਜੀਠੀਆ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਇਹ ਇੱਕ ਸੋਚੀ ਸਮਝੀ ਸਾਜਿਸ਼ ਸੀ ਤਾਂ ਜੋ ਕਿਸਾਨਾਂ ਦੇ ਅੰਦੋਲਨ ਨੂੰ ਖ਼ਤਮ ਕੀਤਾ ਜਾ ਸਕੇ। ਬਿਕਰਮ ਮਜੀਠੀਆ ਨੇ ਹਿੰਸਾ ਦੇ ਅਸਲ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।