ਡੇਰਾ ਬਾਬਾ ਨਾਨਕ: ਕਰਤਾਰਪੁਰ ਲਾਂਘਾ ਖੋਲ੍ਹਣ ਨੂੰ ਲੈ ਕੇ ਅਕਾਲੀ ਦਲ ਵੱਲੋਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ। ਬਿਕਰਮ ਮਜੀਠੀਆ ਦੀ ਅਗਵਾਈ ‘ਚ ਅਕਾਲੀ ਦਲ ਦੇ ਵਰਕਰ ਤੇ ਲੀਡਰ ਡੇਰਾ ਬਾਬਾ ਨਾਨਕ ਪਹੁੰਚੇ ਸਨ।
ਬਿਕਰਮ ਮਜੀਠੀਆ ਤੇ ਵਰਕਰ ਕਰਤਾਰਪੁਰ ਲਾਂਘੇ ਦੇ ਮੁੱਖ ਗੇਟ ‘ਤੇ ਬੈਠੇ ਸਨ। ਇਸ ਦੌਰਾਨ ਉਨ੍ਹਾਂ ਨੇ ਕੇਂਦਰ ਨੂੰ ਸਿੱਖ ਸੰਗਤਾਂ ਦੀਆਂ ਭਾਵਨਾਂ ਨੂੰ ਦੇਖਦੇ ਹੋਏ ਲਾਂਘਾ ਖੋਲ੍ਹਣ ਦੀ ਅਪੀਲ ਕੀਤੀ। ਕਰਤਾਰਪੁਰ ਲਾਂਘੇ ਦੇ ਮੁੱਖ ਗੇਟ ‘ਤੇ ਭਾਰਤ ਵਾਲੇ ਪਾਸੇ ਅਕਾਲੀ ਦਲ ਵੱਲੋਂ ਸ਼ਬਦ ਕੀਰਤਨ ਵੀ ਕੀਤਾ ਗਿਆ। ਇਸੇ ਦੌਰਾਨ ਕੀਰਤਨ ਰਾਹੀਂ ਅਕਾਲੀ ਦਲ ਲਾਂਘਾ ਖੋਲ੍ਹਣ ਦੀ ਮੰਗ ਕਰ ਰਿਹਾ ਹੈ।
ਪਾਕਿਸਤਾਨ ਵਾਲੇ ਪਾਸਿਓਂ ਕਰਤਾਰਪੁਰ ਸਾਹਿਬ ਦਾ ਲਾਂਘਾ ਸੰਗਤਾਂ ਲਈ ਪਹਿਲਾਂ ਹੀ ਖੋਲ੍ਹ ਦਿੱਤਾ ਗਿਆ ਸੀ। ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਭਾਰਤ ਅਤੇ ਪਾਕਿਸਤਾਨ ਨੇ ਲਾਂਘੇ ਨੂੰ ਸੰਗਤਾਂ ਲਈ ਬੰਦ ਕਰ ਦਿੱਤਾ ਸੀ। ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਦੋਵਾਂ ਸਰਕਾਰਾਂ ਵੱਲੋਂ ਇਹ ਕਦਮ ਚੁੱਕੇ ਗਏ ਸਨ।
ਹਲਾਂਕਿ ਭਾਰਤ ਸਰਕਾਰ ਨੇ ਲਾਂਘਾ ਖੋਲ੍ਹਣ ਬਾਰੇ ਹਾਲੇ ਤਕ ਕੋਈ ਵਿਚਾਰ ਚਰਚਾ ਨਹੀਂ ਕੀਤੀ। ਪਰ ਪਾਕਿਸਤਾਨ ਨੇ ਇਸ ਨੂੰ ਪਹਿਲਾਂ ਹੀ ਖੋਲ੍ਹ ਦਿੱਤਾ ਹੈ। ਜਿਸ ਤਹਿਤ ਹੁਣ ਸਿੱਖ ਸੰਗਤਾਂ ਲਗਾਤਾਰ ਭਾਰਤ ਸਰਕਾਰ ਨੂੰ ਅਪੀਲ ਕਰ ਰਹੀਆਂ ਹਨ ਕਿ ਲਾਂਘਾ ਜਲਦ ਤੋਂ ਜਲਦ ਖੋਲ੍ਹਿਆ ਜਾਵੇ। ਅੱਜ ਅਕਾਲੀ ਦਲ ਦੀ ਲੀਡਰਸ਼ਿਪ ਵੀ ਡੇਰਾ ਬਾਬਾ ਨਾਨਕ ਪਹੁੰਚੀ ਤੇ ਕੇਂਦਰ ਸਰਕਾਰ ਨੂੰ ਇਸ ਬਾਬਤ ਅਪੀਲ ਕੀਤੀ।