ਅੰਮ੍ਰਿਤਸਰ: ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰਾਂ ‘ਤੇ ਹੋਈ ਈਡੀ ਦੀ ਰੇਡ ਨੇ ਕਾਂਗਰਸ ਨੂੰ ਸਵਾਲਾਂ ਦੇ ਘੇਰੇ ‘ਚ ਖੜ੍ਹਾ ਕਰ ਦਿੱਤਾ ਹੈ। ਡਰੱਗ ਮਾਮਲੇ ਵਿੱਚ ਨਾਮਜ਼ਦ ਬਿਕਰਮ ਮਜੀਠੀਆ ਨੇ ਚੋਣ ਪ੍ਰਚਾਰ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਖੂਬ ਰਗੜੇ ਲਾਏ।
ਮੁੱਖ ਮੰਤਰੀ ‘ਤੇ ਤੰਜ ਕੱਸਦੇ ਹੋਏ ਬਿਕਰਮ ਮਜੀਠੀਆ ਨੇ ਕਿਹਾ, ‘ਘਰ ਘਰ ਚੱਲੀ ਗੱਲ ਚੰਨੀ ਹੋਇਆ ਨੋਟਾਂ ਵੱਲ’। ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਦੇ ਨਜ਼ਦੀਕੀ ਰਿਸ਼ਤੇਦਾਰ ਕੋਲੋਂ ਦੱਸ ਕਰੋੜ ਰੁਪਏ ਮਿਲਣੇ ਭ੍ਰਿਸ਼ਟਾਚਾਰ ਨੂੰ ਵਧਾਵਾ ਦੇਣ ਦੇ ਸੰਕੇਤ ਹਨ। ਉਨ੍ਹਾਂ ਕਿਹਾ ਕਿ ਜੇਕਰ ਰਿਸ਼ਤੇਦਾਰ ਦੀ ਥਾਂ ‘ਤੇ ਚੰਨੀ ਜਾਂ ਉਸਦੇ ਬੇਟੇ ‘ਤੇ ਈਡੀ ਛਾਪਾ ਮਾਰਦੀ ਤਾਂ ਘੱਟੋ-ਘੱਟ 300 ਕਰੋੜ ਰੁਪਏ ਨਿਕਲਣੇ ਸੀ। ਮਜੀਠੀਆ ਨੇ ਕਿਹਾ ਕਿ ਉਸ ਕੋਲ ਕਿਹੜਾ ਅਜਿਹਾ ਅਹੁਦਾ ਜਾ ਪਹਿਚਾਣ ਸੀ ਕਿ ਉਸ ਕੋਲ ਇਨ੍ਹਾਂ ਪੈਸਾ ਆਇਆ।
ਇਸ ਤੋਂ ਇਲਾਵਾ ਅੰਮ੍ਰਿਤਸਰ ‘ਚ ਪੁਤਲੀਘਰ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮਜੀਠੀਆ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ‘ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਲੋਕਾਂ ਨੂੰ ਗੁੰਮਰਾਹ ਕਰਨ ਲਈ ਨਿੱਤ ਨਵੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ ਤਾਂ ਜੋ ਉਹ ਇਸ ਵਾਰ ਫਿਰ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਹਾਸਲ ਕਰ ਸਕਣ।