ਨਿਊਜ਼ ਡੈਸਕ : ਜਲੰਧਰ ਬੀ.ਐੱਸ.ਐੱਫ. ਹੈੱਡਕੁਆਰਟਰ ਦੇ ਸਾਹਮਣੇ 5 ਮਈ ਦੀ ਰਾਤ ਨੂੰ ਹੋਏ ਆਈ.ਈ.ਡੀ. ਬਲਾਸਟ ਕੇਸ ਵਿੱਚ ਪੁਲਿਸ ਅਤੇ ਖ਼ੁਫੀਆ ਏਜੰਸੀਆਂ ਨੂੰ ਵੱਡੀ ਸਫਲਤਾ ਮਿਲੀ ਹੈ। ਸੂਤਰਾਂ ਅਨੁਸਾਰ, ਇਸ ਅੱਤਵਾਦੀ ਸਾਜ਼ਿਸ਼ ਦੇ ਮੁੱਖ ਸ਼ੱਕੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਪੰਜਾਬ ਪੁਲਿਸ ਦੇ ਇਨਪੁਟ ‘ਤੇ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਅਤੇ ਕੇਂਦਰੀ ਏਜੰਸੀਆਂ ਦੇ ਸਾਂਝੇ ਆਪ੍ਰੇਸ਼ਨ ਤਹਿਤ ਕੀਤੀ ਗਈ। ਹਾਲਾਂਕਿ, ਇਸ ਮਾਮਲੇ ‘ਚ ਅਜੇ ਤੱਕ ਮੁਲਜ਼ਮ ਦੀ ਪਹਿਚਾਣ ਤੇ ਗ੍ਰਿਫ਼ਤਾਰੀ ਦੀ ਪੁਸ਼ਟੀ ਪੁਲਿਸ ਵੱਲੋਂ ਨਹੀਂ ਕੀਤੀ ਗਈ ਹੈ
ਦੱਸਿਆ ਜਾ ਰਿਹਾ ਹੈ ਕਿ ਧਮਾਕੇ ਦੇ ਪਿੱਛੇ ਪਾਕਿਸਤਾਨੀ ਡਾਨ ਸ਼ਹਿਜ਼ਾਦ ਭੱਟੀ ਦਾ ਹੱਥ ਹੈ ਅਤੇ ਇਸ ਮਾਮਲੇ ਦੇ ਤਾਰ ISI ਨਾਲ ਜੁੜੇ ਮਿਲੇ ਹਨ। ਸ਼ੱਕੀ ਮੁਲਜ਼ਮ ਨੂੰ ਜਲੰਧਰ ਬੱਸ ਸਟੈਂਡ ਤੋਂ ਟਰੈਕ ਕਰਦੇ ਹੋਏ ਦਿੱਲੀ ਤੱਕ ਪਿੱਛਾ ਕੀਤਾ ਗਿਆ ਅਤੇ ਆਖ਼ਰਕਾਰ ਉਸ ਨੂੰ ਦਬੋਚ ਲਿਆ ਗਿਆ। ਸੁਰੱਖਿਆ ਏਜੰਸੀਆਂ ਉਸ ਤੋਂ ਲਗਾਤਾਰ ਡੂੰਘਾਈ ਨਾਲ ਪੁੱਛਗਿੱਛ ਕਰ ਰਹੀਆਂ ਹਨ। ਪੂਰੇ ਮਾਮਲੇ ਨੂੰ ਲੈ ਕੇ ਪੰਜਾਬ ਵਿੱਚ ਅਲਰਟ ਜਾਰੀ ਹੈ ਅਤੇ ਕਈ ਜ਼ਿਲ੍ਹਿਆਂ ਵਿੱਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ।
ਦੱਸ ਦਈਏ ਕਿ ਬੁੱਧਵਾਰ ਦੇਰ ਰਾਤ ਤੱਕ ਜਲੰਧਰ ਪੁਲਿਸ ਦੀਆਂ ਕਈ ਟੀਮਾਂ ਨੇ ਨਕੋਦਰ, ਕਪੂਰਥਲਾ, ਨਵਾਂਸ਼ਹਿਰ, ਅੰਮ੍ਰਿਤਸਰ, ਤਰਨਤਾਰਨ ਅਤੇ ਹੁਸ਼ਿਆਰਪੁਰ ਇਲਾਕਿਆਂ ਵਿੱਚ ਸਰਚ ਆਪ੍ਰੇਸ਼ਨ ਚਲਾਏ। ਇਸ ਦੌਰਾਨ ਪੁਲਿਸ ਨੇ ਸ਼ੱਕੀਆਂ ਤੋਂ ਪੁੱਛਗਿੱਛ ਵੀ ਕੀਤੀ ਹੈ।
ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਪੁਲਿਸ ਦੀਆਂ ਟੀਮਾਂ ਜਾਂਚ ਵਿੱਚ ਜੁਟੀਆਂ ਹੋਈਆਂ ਹਨ। ਹੁਣ ਤੱਕ ਕੁੱਲ 17 ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਨੌਜਵਾਨ ਸੋਸ਼ਲ ਮੀਡੀਆ ਰਾਹੀਂ ਸ਼ਹਿਜ਼ਾਦ ਭੱਟੀ ਦੇ ਸੰਪਰਕ ਵਿੱਚ ਦੱਸੇ ਜਾ ਰਹੇ ਹਨ।
ਦੱਸ ਦਈਏ ਕਿ ‘ਆਪ੍ਰੇਸ਼ਨ ਸਿੰਦੂਰ’ ਦੀ ਬਰਸੀ ਮੌਕੇ ਜਲੰਧਰ ਵਿੱਚ 5 ਮਈ ਦੀ ਸ਼ਾਮ ਕਰੀਬ 8:15 ਵਜੇ ਬੀ.ਐੱਸ.ਐੱਫ. ਹੈੱਡਕੁਆਰਟਰ ਦੇ ਕੋਲ ਜ਼ਬਰਦਸਤ ਧਮਾਕਾ ਹੋਇਆ ਸੀ। ਇੱਕ ਐਕਟਿਵਾ ਸਕੂਟੀ ਵਿਸਫੋਟ ਨਾਲ ਉੱਡ ਗਈ ਸੀ। ਧਮਾਕੇ ਦੀ ਆਵਾਜ਼ ਕਰੀਬ ਇੱਕ ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ, ਜਿਸ ਨਾਲ ਆਸ-ਪਾਸ ਦੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਵਿਸਫੋਟ ਇੰਨਾ ਤੇਜ਼ ਸੀ ਕਿ ਬੀ.ਐੱਸ.ਐੱਫ. ਹੈੱਡਕੁਆਰਟਰ ਦੀਆਂ ਕੰਧਾਂ ਤੱਕ ਹਿੱਲ ਗਈਆਂ ਸਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

