ਨਿਊਜ਼ ਡੈਸਕ : ਮਹਾਰਾਸ਼ਟਰ ‘ਚ ਲਗਾਤਾਰ ਹੋ ਰਹੀ ਬਰਸਾਤ ਨੇ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਰਾਇਗੜ੍ਹ, ਰਤਨਾਗਿਰੀ, ਪਾਲਘਰ, ਠਾਣੇ ਅਤੇ ਨਾਗਪੁਰ ਦੇ ਕੁਝ ਹਿੱਸੇ ਅਜਿਹੇ ਹਨ, ਜਿੱਥੇ ਹੜ੍ਹ ਵਾਂਗ ਸਥਿਤੀ ਬਣੀ ਹੋਈ ਹੈ। ਇਸ ਕਾਰਨ ਹੁਣ ਤੱਕ ਸੂਬੇ ਅੰਦਰ 41 ਦੇ ਕਰੀਬ ਲੋਕਾਂ ਦੀ ਜਾਨ ਚਲੀ ਗਈ ਹੈ।
ਹਾਲਾਤ ਇਸ ਕਦਰ ਬਦਤਰ ਹੋ ਗਏ ਹਨ ਰਾਇਗੜ੍ਹ ਦੇ ਤਲਈ ਪਿੰਡ ‘ਚ ਪਹਾੜ ਦਾ ਮਲਵਾ ਵੀ ਡਿੱਗ ਰਿਹਾ ਹੈ। ਇਸ ਮਲਵੇ ਦੇ ਹੇਠਾਂ 35 ਦੇ ਕਰੀਬ ਘਰ ਦਬ ਗਏ ਹਨ। ਰਿਪੋਰਟਾਂ ਇੱਥੋਂ ਤੱਕ ਵੀ ਸਾਹਮਣੇ ਆ ਰਹੀਆਂ ਹਨ ਕਿ ਇਸ ਹਾਦਸੇ ਦੌਰਾਨ 70 ਤੋਂ ਵਧੇਰੇ ਲੋਕ ਲਾਪਤਾ ਹੋ ਗਏ ਹਨ। ਐੱਨ.ਡੀ.ਆਰ.ਐੱਫ ਵੱਲੋਂ ਰਾਹਤ ਕਾਰਜ ਚਲਾਏ ਜਾ ਰਹੇ ਹਨ ਪਰ ਭਾਰੀ ਬਰਸਾਤ ਕਾਰਨ ਬਹੁਤ ਸਾਰੀਆਂ ਮੁਸ਼ਕਲਾਂ ਆ ਰਹੀਆਂ ਹਨ।
ਜਾਣਕਾਰੀ ਮੁਤਾਬਕ ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਮੁੰਬਈ ਅਤੇ ਇਸ ਦੇ ਨਾਲ ਲੱਗਦੇ ਜ਼ਿਲ੍ਹਿਆਂ ਲਈ ਰੈਡ ਅਲਰਟ ਜਾਰੀ ਕਰ ਦਿੱਤਾ ਹੈ। ਉਸੇ ਸਮੇਂ, ਐਨਡੀਆਰਐਫ ਦੀ ਟੀਮ ਪਾਣੀ ‘ਚ ਫਸੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਲੈ ਜਾ ਰਹੀ ਹੈ।ਰਿਪੋਰਟਾਂ ਮੁਤਾਬਕ ਕੋਂਕਣ ਡਵੀਜ਼ਨ ‘ਚ ਮੀਂਹ ਕਾਰਨ ਵਾਪਰੀਆਂ ਘਟਨਾਵਾਂ ਵਿਚ ਹੁਣ ਤੱਕ 8 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਲਗਭਗ 700 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।