ਰਾਏਗੜ੍ਹ : ਮਹਾਰਾਸ਼ਟਰ ਦੇ ਰਾਏਗੜ੍ਹ ਤੋਂ ਵੀਰਵਾਰ ਸਵੇਰੇ ਹੀ ਇੱਕ ਭਿਆਨਕ ਹਾਦਸੇ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਗਿਆ ਹੈ ਕਿ ਇੱਥੇ ਇੱਕ ਟਰੱਕ ਅਤੇ ਕਾਰ ਦੀ ਟੱਕਰ ਹੋ ਗਈ, ਜਿਸ ਵਿੱਚ ਨੌਂ ਲੋਕਾਂ ਦੀ ਮੌਤ ਹੋ ਗਈ। ਪੁਲਸ ਮੁਤਾਬਕ ਇਹ ਹਾਦਸਾ ਮੁੰਬਈ ਤੋਂ 130 ਕਿਲੋਮੀਟਰ ਦੂਰ ਰਾਏਗੜ੍ਹ ਦੇ ਰੇਪੋਲੀ ਪਿੰਡ ‘ਚ ਸਵੇਰੇ 4.45 ਵਜੇ ਵਾਪਰਿਆ। ਹਾਦਸੇ ਵਿੱਚ ਮਾਰੇ ਗਏ ਸਾਰੇ ਲੋਕ ਰਿਸ਼ਤੇਦਾਰ ਸਨ ਅਤੇ ਰਤਨਾਗਿਰੀ ਦੇ ਗੁਹਾਗਰ ਜਾ ਰਹੇ ਸਨ। ਉਸੇ ਸਮੇਂ ਸਾਹਮਣੇ ਤੋਂ ਆ ਰਿਹਾ ਟਰੱਕ ਮੁੰਬਈ ਜਾ ਰਿਹਾ ਸੀ।
ਮਰਨ ਵਾਲਿਆਂ ਵਿੱਚ ਇੱਕ ਛੋਟੀ ਬੱਚੀ, ਤਿੰਨ ਔਰਤਾਂ ਅਤੇ ਪੰਜ ਪੁਰਸ਼ ਸ਼ਾਮਲ ਹਨ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਬਚਾਅ ਮੁਹਿੰਮ ਚਲਾਈ ਅਤੇ ਚਾਰ ਸਾਲ ਦੀ ਇੱਕ ਜ਼ਖਮੀ ਬੱਚੀ ਨੂੰ ਮਾਂਗਾਂਵ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਸਾਰੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।