ਨਿਊਜ਼ ਡੈਸਕ: ਮਹਾਰਾਸ਼ਟਰ ਸਰਕਾਰ ਦੇ ਮੰਤਰੀ ਸੁਧੀਰ ਮੁਨਗੰਟੀਵਾਰ ਨੇ ਦਾਅਵਾ ਕੀਤਾ ਕਿ ਗੁਜਰਾਤ ਵਿੱਚ ਕਾਂਗਰਸ ਸਰਕਾਰ ਦੌਰਾਨ ਉਦਯੋਗਪਤੀ ਗੌਤਮ ਅਡਾਨੀ ਖੁਸ਼ਹਾਲ ਹੋਏ। ਰਾਹੁਲ ਗਾਂਧੀ ‘ਤੇ ਨਿਸ਼ਾਨਾ ਸਾਧਦੇ ਹੋਏ ਭਾਜਪਾ ਨੇਤਾ ਨੇ ਕਿਹਾ ਕਿ ਦਾੜ੍ਹੀ ਵਧਾ ਕੇ ਮੰਤਰੀ ਨਹੀਂ ਬਣ ਸਕਦਾ। ਸੁਧੀਰ ਮੁਨਗੰਟੀਵਾਰ ਦਾ ਇਹ ਬਿਆਨ ਰਾਹੁਲ ਗਾਂਧੀ ਦੇ ਉਸ ਬਿਆਨ ਤੋਂ ਬਾਅਦ ਆਇਆ ਹੈ, ਜਿਸ ‘ਚ ਉਨ੍ਹਾਂ ਸੰਸਦ ਭਵਨ ‘ਚ ਗੌਤਮ ਅਡਾਨੀ ‘ਤੇ ਟਿੱਪਣੀ ਕੀਤੀ ਸੀ।ਹਿੰਡਨਬਰਗ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਲੋਕ ਸਭਾ ‘ਚ ਦੋਸ਼ ਲਗਾਇਆ ਕਿ ਭਾਜਪਾ ਸਰਕਾਰ ਦੇ ਸੱਤਾ ‘ਚ ਆਉਣ ਤੋਂ ਬਾਅਦ ਗੌਤਮ ਅਡਾਨੀ ਦੀ ਦੌਲਤ ਅਸਮਾਨ ਨੂੰ ਛੂਹ ਗਈ ਹੈ।
ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਕਿ 2014 ‘ਚ ਭਾਜਪਾ ਦੇ ਸੱਤਾ ‘ਚ ਆਉਣ ਤੋਂ ਬਾਅਦ ਗੌਤਮ ਅਡਾਨੀ ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀਆਂ ਦੀ ਸੂਚੀ ‘ਚ 609ਵੇਂ ਨੰਬਰ ਤੋਂ ਦੂਜੇ ਨੰਬਰ ‘ਤੇ ਆ ਗਿਆ ਹੈ। ਰਾਹੁਲ ਗਾਂਧੀ ਦੇ ਇਸ ਦੋਸ਼ ‘ਤੇ ਭਾਜਪਾ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਅਤੇ ਕਾਂਗਰਸ ਨੇਤਾ ਤੋਂ ਆਪਣੇ ਦਾਅਵੇ ਦੀ ਪੁਸ਼ਟੀ ਕਰਨ ਲਈ ਸਬੂਤ ਦੀ ਮੰਗ ਕੀਤੀ।ਹੁਣ ਮਹਾਰਾਸ਼ਟਰ ਸਰਕਾਰ ਦੇ ਮੰਤਰੀ ਮੁਨਗੰਟੀਵਾਰ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਦਾੜ੍ਹੀ ਵਧਾ ਕੇ ਕੋਈ ਪ੍ਰਧਾਨ ਮੰਤਰੀ ਨਹੀਂ ਬਣ ਸਕਦਾ, ਇਸ ਦੇ ਲਈ ਆਪਣੀ ਸਮਝ ਵਧਾਉਣੀ ਪਵੇਗੀ। ਜਦੋਂ ਤੁਸੀਂ (ਰਾਹੁਲ ਗਾਂਧੀ) ਅਡਾਨੀ ਦੀ ਗੱਲ ਕਰਦੇ ਹੋ ਤਾਂ ਕੀ ਤੁਹਾਨੂੰ ਨਹੀਂ ਪਤਾ ਕਿ ਕਿਸ ਦੀ ਸਰਕਾਰ ਵਿੱਚ ਅਡਾਨੀ ਦਾ ਕਾਰੋਬਾਰ ਇਨ੍ਹਾਂ ਵਧਿਆ ਹੈ?
ਭਾਜਪਾ ਨੇਤਾ ਨੇ ਕਿਹਾ ਕਿ 1993 ‘ਚ ਜਦੋਂ ਚਿਮਨਭਾਈ ਪਟੇਲ ਗੁਜਰਾਤ ਦੇ ਮੁੱਖ ਮੰਤਰੀ ਸਨ, ਉਦੋਂ ਕਾਂਗਰਸ ਦੀ ਸਰਕਾਰ ਸੀ, ਜਦੋਂ ਤੁਸੀਂ ਅਡਾਨੀ ਨੂੰ 10 ਪੈਸੇ ਪ੍ਰਤੀ ਵਰਗ ਮੀਟਰ ਦੇ ਹਿਸਾਬ ਨਾਲ ਜ਼ਮੀਨ ਦਿੱਤੀ ਸੀ। ਜਦੋਂ ਛਬੀਲਦਾਸ ਮਹਿਤਾ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਮੁੰਦਰਾ ਬੰਦਰਗਾਹ ਦਾ ਕੰਮ ਗੌਤਮ ਅਡਾਨੀ ਨੂੰ ਦਿੱਤਾ ਗਿਆ ਸੀ। ਭਾਜਪਾ ਆਗੂ ਨੇ ਦੋਸ਼ ਲਾਇਆ ਕਿ ਕਾਂਗਰਸ ਅਡਾਨੀ ਬਾਰੇ ਝੂਠ ਫੈਲਾ ਰਹੀ ਹੈ। ਦੱਸ ਦੇਈਏ ਕਿ ਸੁਧੀਰ ਮੁਨਗੰਟੀਵਾਰ ਮਹਾਰਾਸ਼ਟਰ ਦੇ ਕਸਬਾ ਪੇਠ ਵਿਧਾਨ ਸਭਾ ‘ਚ ਚੋਣ ਪ੍ਰਚਾਰ ਕਰਨ ਪਹੁੰਚੇ ਸਨ, ਜਿੱਥੇ 26 ਫਰਵਰੀ ਨੂੰ ਉਪ ਚੋਣਾਂ ਹੋਣੀਆਂ ਹਨ।