ਮਹਾਂਬਲੀ ਮਹਾਰਾਜਾ ਰਣਜੀਤ ਸਿੰਘ

TeamGlobalPunjab
10 Min Read

-ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ;

ਸ਼ੇਰ-ਸੇ਼ਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਦੀ ਧਰਤੀ ਤੇ ਅੱਧੀ ਸਦੀ ਦੇ ਖਾਲਸਾ ਰਾਜ ਨੂੰ ਹਰੇਕ ਸਿੱਖ ਆਪਣੀ ਨਿੱਜੀ ਵਿਰਾਸਤ ਮੰਨ ਕੇ ਹਿੱਕ ਵਿੱਚ ਸਮੋਈ ਬੈਠਾ ਹੈ। ਦੁਨੀਆਂ ਦਾ ਕਿਹੜਾ ਸਿੱਖ ਹੈ ਜਿਹੜਾ ਸੋਹਣ ਸਿੰਘ ਸੀਤਲ ਦੀ ਰਚਨਾ “ਸਿੱਖ ਰਾਜ ਕਿਵੇਂ ਗਿਆ” ਅਤੇ ਕਰਤਾਰ ਸਿੰਘ ਕਲਾਸਵਾਲੀਆ ਦਾ ਸਿੱਖ ਰਾਜ ਦੇ ਖਾਤਮੇ ਬਾਰੇ ਵੱਡ-ਅਕਾਰੀ ਕਿੱਸਾ ਪੜ੍ਹ ਕੇ ਭੁੰਬੀਂ ਨਹੀਂ ਰੋਂਦਾ। ਅਜੇ ਵੀ ਆਪਣੇ ਮੰਨ ਵਿੱਚ ਦੱਬੇ, ਸਿੱਖ ਰਾਜ ਬਾਰੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੁਝ ਵਿਅਕਤੀ ਧੁੰਦਲਕੇ ਵਿੱਚ ਹੱਥ ਪੈਰ ਮਾਰ ਰਹੇ ਹਨ।

ਬਾਬਾ ਬੰਦਾ ਸਿੰਘ ਬਹਾਦਰ ਦੇ ਥੋੜ-ਚਿਰੇ ਖਾਲਸਾ ਰਾਜ ਦੌਰਾਨ ਪੰਜਾਬ ਵਿੱਚ ਇਤਿਹਾਸਕ ਤੌਰ ‘ਤੇ ਨਰੋਏ ਸਮਾਜ ਦੀ ਸਿਰਜਣਾ ਕੀਤੀ ਗਈ ਸੀ। ਸਦੀਆਂ ਤੋਂ ਪ੍ਰਚਲਿਤ ਜਾਗੀਰਦਾਰੀ ਪ੍ਰਬੰਧ ਖਤਮ ਕਰ ਦਿੱਤਾ ਗਿਆ ਸੀ ਅਤੇ ਵਾਹੀਕਾਰਾਂ ਨੂੰ ਜ਼ਮੀਨ ਦੇ ਮਲਕੀਅਤ ਹੱਕ ਹਾਸਲ ਹੋ ਗਏ ਸਨ। ਅਖੌਤੀ ਨੀਵੀਆਂ ਜਾਤੀਆਂ ਨਾਲ ਸਬੰਧਤ ਯੋਗ ਵਿਅੱਕਤੀਆਂ ਨੂੰ ਉੱਚ ਅਹੁਦਿਆਂ ਤੇ ਨਿਯੁਕਤ ਕਰਕੇ ਨਵੀਆਂ ਪ੍ਰਸ਼ਾਸਨਿਕ ਪੈੜਾਂ ਦੀ ਨਿਸ਼ਾਨਦੇਹੀ ਕੀਤੀ ਗਈ ਸੀ। ਤਾਂ ਹੀ ਬਾਬਾ ਬੰਦਾ ਸਿੰਘ ਬਹਾਦਰ ਲੋਕਾਈ ਵਿੱਚ ਹਰਮਨਪਿਆਰਤਾ ਹਾਸਲ ਕਰਨ ਵਿੱਚ ਕਾਮਯਾਬ ਹੋ ਗਿਆ ਸੀ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਉਪਰੰਤ ਸਿੱਖ ਮਿਸਲਾਂ ਦੇ ਸਰਦਾਰਾਂ ਨੇ ਵੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਿਜ਼ਾਮ ਨੂੰ ਲਾਗੂ ਕਰੀ ਰੱਖਿਆ। ਸ਼ੇਰ-ਸੇ਼ਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸੰਨ 1799 ਵਿੱਚ ਲਾਹੌਰ ਤੇ ਕਬਜ਼ਾ ਕਰਕੇ ਖਾਲਸਾ ਰਾਜ ਦੀ ਸਥਾਪਨਾ ਕੀਤੀ, ਅਤੇ ਸੰਨ 1801 ਵਿੱਚ ਸਿੰਘਾਂ ਨੇ ਵਿਸ਼ਾਲ ਦਰਬਾਰ ਵਿੱਚ ਸ਼ੇਰ-ਏ-ਪੰਜਾਬ ਨੂੰ “ਮਹਾਰਾਜਾ” ਦੇ ਰੁਤਬੇ ਨਾਲ ਨਿਵਾਜਿਆ ਗਿਆ। ਇਸ ਰੁਤਬੇ ਨੂੰ ਹਾਸਲ ਕਰਨ ਦੇ ਬਾਵਜੂਦ ਮਹਾਰਾਜਾ ਰਣਜੀਤ ਸਿੰਘ ਨੂੰ “ਸਿੰਘ ਸਾਹਿਬ” ਮੁਖ਼ਾਤਿਬੀ ਸ਼ਬਦ ਜ਼ਿਆਦਾ ਪਸੰਦ ਸੀ।

ਅਜਿਹੇ ਪ੍ਰਤਾਪੀ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਸ਼ੁਕਰਚੱਕੀਆ ਮਿਸਲ ਦੇ ਸਰਦਾਰ ਮਹਾਂ ਸਿੰਘ ਦੇ ਗ੍ਰਹਿ ਵਿਖੇ ਜੀਂਦ ਦੇ ਰਾਜਾ ਗਜਪਤਿ ਸਿੰਘ ਦੀ ਸਪੁੱਤਰੀ ਬੀਬੀ ਰਾਜ ਕੌਰ ਦੇ ਉਦਰ ਤੋਂ 2 ਨਵੰਬਰ ਸੰਨ 1780 ਦੇ ਸੁਭਾਗੇ ਦਿਨ ਗੁਜਰਾਂਵਾਲਾ ਵਿਖੇ ਹੋਇਆ। (ਫੂਲਵੰਸੀ਼ਆਂ ਮੁਤਾਬਕ ਮਹਾਰਾਜੇ ਦਾ ਜਨਮ ਨਾਨਕੇ ਪਿੰਡ ਬਡਰੁੱਖਾਂ ਵਿਖੇ ਹੋਇਆ) ਛੋਟੇ ਉਮਰੇ ਚੇਚਕ ਬੀਮਾਰੀ ਕਾਰਨ ਖੱਬੀ ਅੱਖ ਨਿਗਾਹ-ਵਿਹੂਣੀ ਹੋ ਗਈ ਤੇ ਚਿਹਰੇ ਤੇ ਦਾਗ਼ ਪੈ ਗਏ। ਪਿਤਾ ਦਾ ਦਿਹਾਂਤ ਛੋਟੀ ਉਮਰੇ ਹੋ ਜਾਣ ਕਾਰਨ ਰਣਜੀਤ ਸਿੰਘ ਦਸ ਸਾਲ ਦੀ ਉਮਰ ਵਿੱਚ ਗੱਦੀ ਤੇ ਬੈਠਾ।ਉਮਰ ਛੋਟੀ ਹੋਣ ਕਾਰਨ ਰਿਆਸਤ ਦੇ ਰਾਜ-ਭਾਗ ਦਾ ਕੰਮ ਸ੍ਰ.ਮਹਾਂ ਸਿੰਘ ਦੇ ਅਹਿਲਕਾਰ ਸ੍ਰ. ਦਲ ਸਿੰਘ ਅਤੇ ਦੀਵਾਨ ਲਖਪਤ ਰਾਏ ਮਾਤਾ ਰਾਜ ਕੌਰ ਦੀ ਅਗਵਾਈ ਵਿਚ ਚਲਾਉਂਦੇ ਰਹੇ। ਭਾਈ ਫੇਰੂ ਸਿੰਘ ਗੁਜਰਾਂਵਾਲੇ ਦੀ ਧਰਮਸ਼ਾਲਾ ਦਾ ਗ੍ਰੰਥੀ, ਬਾਲਕ ਰਣਜੀਤ ਸਿੰਘ ਨੂੰ ਧਾਰਮਿਕ ਸਿੱਖਿਆ ਲਈ ਮੁਕੱਰਿਰ ਕੀਤਾ ਗਿਆ। ਰਣਜੀਤ ਸਿੰਘ ਨੂੰ ਘੋੜਸਵਾਰੀ ਅਤੇ ਸ਼ਸ਼ਤਰ ਵਿਦਿਆ ਦਾ ਬਹੁਤ ਵੱਡਾ ਸ਼ੌਕ ਸੀ,ਸੋ ਇਨ੍ਹਾਂ ਦੋਵਾਂ ਵਿਚ ਇਹ ਬਹੁਤ ਛੇਤੀ ਕਮਾਲ ਹਾਸਲ ਕਰ ਗਿਆ। ਸੰਨ 1796 ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਅਨੰਦ ਕਾਰਜ ਘਨੱਈਆ ਮਿਸਲ ਦੀ ਸਰਦਾਰਨੀ ਸਦਾ ਕੌਰ ਦੀ ਸਪੁੱਤਰੀ ਬੀਬੀ ਮਹਿਤਾਬ ਕੌਰ ਨਾਲ ਹੋਇਆ।ਦੋ ਪ੍ਰਮੁੱਖ ਮਿਸਲਾਂ ਦੀ ਗੂੜ੍ਹੀ ਰਿਸ਼ਤੇਦਾਰੀ ਨੇ ਸੂਰਬੀਰ ਰਣਜੀਤ ਸਿੰਘ ਦੇ ਰਾਜ ਨੂੰ ਵਿਸ਼ਾਲ ਕਰਨ ਵਿੱਚ ਅਹਿਮ ਯੋਗਦਾਨ ਪਾਇਆ।ਭਾਈ ਕਾਨ੍ਹ ਸਿੰਘ ਨਾਭਾ ਮਹਾਨ ਕੋਸ਼ ਵਿੱਚ ਦਰਜ ਕਰਦੇ ਹਨ ਕਿ ਇਹ ਐਸਾ ਪ੍ਰਤਾਪੀ ਹੋਇਆ ਹੈ ਕਿ ਜਿਸ ਪਾਸੇ ਮੂੰਹ ਕਰਦਾ, ਵਿਜੈ ਲੱਛਮੀ ਭੁਜਾ ਪਸਾਰ ਕੇ ਇਸ ਨੂੰ ਵਰਨ ਲਈ ਅੱਗੇ ਵਧਦੀ। ਇਸ ਨੇ ਛੋਟੇ ਸਰਦਾਰ ਦੇ ਘਰ ਪੈਦਾ ਹੋ ਕੇ ਸਤਲੁਜ ਤੋਂ ਪਿਸ਼ਾਵਰ ਅਤੇ ਤਿੱਬਤ ਦੀ ਹੱਦ ਤੋਂ ਸਿੰਧ ਤੀਕ ਆਪਣਾ ਰਾਜ ਫੈਲਾ ਕੇ ਚਾਰ ਸੂਬੇ (ਲਾਹੌਰ, ਪਿਸ਼ਾਵਰ, ਕਸ਼ਮੀਰ, ਮੁਲਤਾਨ) ਕਾਇਮ ਕੀਤੇ। ਮਹਾਰਾਜਾ ਰਣਜੀਤ ਸਿੰਘ ਇਸ ਉਦੇਸ਼ ਦੀ ਪ੍ਰਾਪਤੀ ਲਈ ਕਾਰਜਸ਼ੀਲ ਸੀ ਕਿ ਸਿੱਖ ਕੌਮ ਦੀ ਖਿਲਰੀ ਹੋਈ ਸ਼ਕਤੀ ਨੂੰ ਇਕੱਠਿਆਂ ਕਰਕੇ ਇੱਕ ਕੇਂਦਰੀ ਸਲਤਨਤ ਕਾਇਮ ਕੀਤੀ ਜਾਵੇ।

ਅੰਗਰੇਜ਼ ਇਤਿਹਾਸਕਾਰਾਂ ਅਨੁਸਾਰ ਸੇ਼ਰ-ਏ-ਪੰਜਾਬ ਦੇ ਦਰਬਾਰ ਵਿੱਚ ਰੌਸ਼ਨ ਦਿਮਾਗ ਅਹਿਲਕਾਰ ਅਤੇ ਯੋਗ ਜਰਨੈਲ ਨਿਯੁਕਤ ਸਨ। ਵੱਡੀ , ਸੁਹਿਰਦ ਅਤੇ ਬਲਵਾਨ ਸੈਨਾ ਮਹਾਰਾਜੇ ਤੋਂ ਜਾਨ ਵਾਰਨ ਵਾਲੀ ਸੀ। ਬੇਹੱਦ ਸ਼ਕਤੀਸ਼ਾਲੀ ਹੋਣ ਦੇ ਬਾਵਜੂਦ ਮਹਾਰਾਜਾ ਰਣਜੀਤ ਸਿੰਘ ਦੇ ਹਿਰਦੇ ਵਿੱਚ ਏਨੀ ਨਿਮਰਤਾ ਅਤੇ ਹਲੀਮੀ ਸੀ ਕਿ ਜਦ ਦਿੱਲੀ ਦੇ ਗੁਰਦੁਆਰਿਆਂ ਦੇ ਪੁਜਾਰੀ ਇਸ ਨੂੰ ਲਾਹੌਰ ਮਿਲਣ ਲਈ ਆਏ ਤਦ ਉਨ੍ਹਾਂ ਦੇ ਚਰਨ ਭਰੇ ਦਰਬਾਰ ਵਿੱਚ ਆਪਣੀ ਦਾੜ੍ਹੀ ਨਾਲ ਝਾੜੇ। ਜਦੋਂ ਸ੍ਰੀ ਆਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਨੇ ਮਹਾਰਾਜੇ ਨੂੰ ਤਨਖਾਹੀਆ ਕਰਾਰ ਦੇ ਕੇ ਇਮਲੀ ਦੇ ਰੁੱਖ ਨਾਲ ਬੰਨ੍ਹ ਦਿੱਤਾ ਤਾਂ ਆਪਜੀ ਨੇ ਅਕਾਲੀ ਜੀ ਦੇ ਹੱਥੋਂ ਕੋਰੜੇ ਲਵਾਉਣ ਲਈ ਆਪਣੀ ਪਿੱਠ ਨੰਗੀ ਕਰ ਦਿੱਤੀ।

ਮਹਾਰਾਜਾ ਸਾਹਿਬ ਜੀ ਦੇ ਹਿਰਦੇ ਵਿੱਚ ਆਪਣੀ ਸ਼ੋਹਰਤ ਨਾਲੋਂ ਸਤਿਗੁਰਾਂ ਦੀ ਸ਼ਰਧਾ ਇਤਨੀ ਜ਼ਿਆਦਾ ਸੀ ਕਿ ਅੰਮ੍ਰਿਤਸਰ ਵਿੱਚ ਇਸ ਨੇ ਕਿਲ੍ਹਾ ਗੋਬਿੰਦਗੜ੍ਹ ਕਲਗੀਧਰ ਪਾਤਸ਼ਾਹ ਦੇ ਨਾਂ ਪੁਰ ਬਣਾਇਆ ਅਤੇ ਸ਼ਾਲੀਮਾਰ ਬਾਗ ਦੀ ਤਰਜ਼ ਤੇ ਅੰਮ੍ਰਿਤਸਰ ਵਿਖੇ ਆਕਰਸ਼ਕ ਬਾਗ਼ ਸਤਿਗੁਰ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਮ ਪੁਰ ਲਵਾਇਆ। ਇਸ ਦੀ ਮੋਹਰ ਅਤੇ ਨਾਨਕਸ਼ਾਹੀ ਸਿੱਕੇ ਦੀ ਇਬਾਰਤ ਸੀ,”ਅਕਾਲ ਪੁਰਖ ਜੀ ਸਹਾਯ, ਦੇਗੋ਼ ਤੇਗੋ਼ ਫ਼ਤਹ਼ ਨੁਸਰਤ ਬੇਦਰੰਗ।ਯਾਫ਼ਤਜ਼ ਨਾਨਕ ਗੁਰੂ ਗੋਬਿੰਦ ਸਿੰਘ”।

ਆਪਣੇ ਰਾਜ ਦੀਆਂ ਪ੍ਰਮੁੱਖਤਾਵਾਂ ਦੇ ਮੱਦੇਨਜ਼ਰ 25 ਅਪਰੈਲ ਸੰਨ 1809 ਨੂੰ ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜ਼ੀ ਹਕੂਮਤ ਨਾਲ ਸਤਲੁਜ ਦਰਿਆ ਦੇ ਕੰਢੇ ਇੱਕ ਅਹਿਦਨਾਮਾ ਕੀਤਾ, ਜਿਸ ਦੇ ਫ਼ਲਸਰੂਪ ਖਾਲਸਾ ਰਾਜ ਦੀ ਹੱਦ ਸਤਲੁਜ ਦਰਿਆ ਤੱਕ ਕਾਇਮ ਹੋਈ। ਮਹਾਰਾਜੇ ਦਾ ਸਰਕਾਰੀ ਤੰਤਰ ਇਤਨਾ ਨਿਪੁੰਨ ਸੀ ਕਿ ਉਸ ਪਾਸ ਹਰੇਕ ਸਿਵਲੀਅਨ ਅਤੇ ਫੌਜੀ ਅਧਿਕਾਰੀ ਸਬੰਧੀ ਰੋਜ਼ਾਨਾ ਗੁਪਤ ਰਿਪੋਰਟ ਪੇਸ਼ ਕੀਤੀ ਜਾਂਦੀ ਸੀ। ਸਮੇਂ ਦੀ ਵੰਡ ਇਸ ਤਰੀਕੇ ਨਾਲ ਕੀਤੀ ਗਈ ਸੀ ਕਿ ਕੋਈ ਸਮਾਂ ਨਿਕੰਮਾ ਨਾ ਜਾਵੇ। ਸੁਸਤੀ ਆਲਸ ਤਾਂ ਉਸਦੇ ਨੇੜੇ ਨਹੀਂ ਸੀ ਢੁਕਦਾ। ਸੂਰਬੀਰਤਾ ਦੇ ਨਾਲ ਨਾਲ ਹਾਰਦਿਕ ਉਦਾਰਤਾ ਜਗਤ ਪ੍ਰਸਿੱਧ ਸੀ। ਜਾਗੀਰਾਂ ਅਤੇ ਇਨਾਮਾਂ ਤੋਂ ਇਲਾਵਾ ਬਾਰਾਂ ਲੱਖ ਰੁਪਏ ਸਾਲਾਨਾ ਦਾਨ ਕਰਦਾ ਸੀ। ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਨੇ ਅਤੇ ਸੰਗਮਰਮਰ ਦੀ ਸੇਵਾ ਆਪਜੀ ਵੱਲੋਂ ਸ਼ਰਧਾ ਭਾਵਨਾ ਸਹਿਤ ਕੀਤੀ ਗਈ। ਪੰਜਾਬ ਵਿੱਚ ਅਨਾਜ ਦਾ ਕਾਲ਼ ਪੈ ਜਾਣ ਵਕਤ ਮਹਾਰਾਜੇ ਨੇ ਸਰਕਾਰੀ ਗੋਦਾਮਾਂ ਦੇ ਦਰਵਾਜ਼ੇ ਆਮ ਜੰਤਾ ਲਈ ਖੋਲ੍ਹ ਦਿੱਤੇ। ਇੱਕ ਗਰੀਬ ਮੋਚੀ ਦੇ ਘਰ ਤੱਕ ਦਾਣਿਆਂ ਦੀ ਪੰਡ ਆਪਣੇ ਸਿਰ ਤੇ ਚੁੱਕ ਪੁਚਾਉਣ ਵਾਲ਼ੀ ਵਿਧਾਤਾ ਸਿੰਘ ਤੀਰ ਦੀ ਕਵਿਤਾ ਜਗਤ ਪ੍ਰਸਿੱਧ ਹੈ। ਇਸੇ ਤਰ੍ਹਾਂ ਇੱਕ ਗਰੀਬ ਬੁੱਢੀ ਮਾਈ ਵੱਲੋਂ ਆਪਣੇ ਲੋਹੇ ਦੇ ਤਵੇ ਨੂੰ ਮਹਾਰਾਜੇ ਦੇ ਕੱਪੜਿਆਂ ਨਾਲ ਘਸਾਉਣ ਤੇ, ਤਵੇ ਦੇ ਭਾਰ ਬਰਾਬਰ ਸੋਨੇ ਦਾ ਤਵਾ ਦੇ ਕੇ ਮਾਈ ਦਾ ਖਿਆਲ ਸਹੀ ਕਰ ਦਿੱਤਾ ਕਿ ਮਹਾਰਾਜਾ ਪਾਰਸ ਹੈ। ਬੇਰ ਤੋੜਦੇ ਬੱਚਿਆਂ ਦੀ ਇੱਕ ਢੀਮ ਜਦੋਂ ਮਹਾਰਾਜੇ ਦੇ ਜਾ ਲੱਗੀ ਤਾਂ ਬੱਚਿਆਂ ਨੂੰ ਮਠਿਆਈ ਦੇਣ ਵਾਲੀ ਕਹਾਣੀ ਜਗਤ ਪ੍ਰਸਿੱਧ ਹੈ।

ਜਰਨੈਲ ਹਰੀ ਸਿੰਘ ਨਲੂਆ, ਅਕਾਲੀ ਫੂਲਾ ਸਿੰਘ, ਜਰਨੈਲ ਸ਼ਾਮ ਸਿੰਘ ਅਟਾਰੀ,ਜਨਰਲ ਗੌਸਖਾਨ ਅਤੇ ਦੀਵਾਨ ਮੋਹਕਮ ਚੰਦ, ਫ਼ਕੀਰ ਅਜੂਜੁਦੀਨ ਆਦਿ ਤੋਂ ਇਲਾਵਾ ਅੰਗਰੇਜ਼, ਫ਼ਰਾਂਸੀਸੀ, ਇਟੈਲੀਅਨ,ਰੂਸੀ,ਅਮਰੀਕਨ ਅਹੁਦੇਦਾਰ ਮਹਾਰਾਜੇ ਦੇ ਪ੍ਰਸ਼ਾਸ਼ਨਿਕ ਅਤੇ ਫੌਜੀ ਵੀਰ-ਰਤਨ ਸਨ। ਮਹਾਰਾਜਾ ਪਾਸ 92000 ਪੈਦਲ ਫ਼ੌਜ,31800 ਘੋੜ-ਸਵਾਰ ਯੋਧੇ, ਅਤੇ 754 ਵੱਡੀਆਂ ਛੋਟੀਆਂ ਤੋਪਾਂ ਸਨ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਖੇਤਰਫਲ 100436 ਵਰਗ ਮੀਲ ਅਤੇ ਜਨ ਸੰਖਿਆ ਤਕਰੀਬਨ 53,50,000 ਸੀ।ਸੰਨ 1832 ਦੌਰਾਨ ਮਹਾਰਾਜੇ ਦੇ ਖਜ਼ਾਨੇ ਵਿਚ ਸਾਲਾਨਾ ਮਾਲੀਆ 2,58,09500 ਰੁਪਏ ਜਮ੍ਹਾਂ ਹੋਇਆ। ਹਜ਼ਾਰਾਂ ਸਾਲਾਂ ਦੇ ਗੁਲਾਮ ਭਾਰਤੀ ਇਤਿਹਾਸ ਵਿੱਚ ਇੱਕੋ ਇੱਕ ਮਹਾਰਾਜਾ ਰਣਜੀਤ ਸਿੰਘ ਹੀ ਹੋਇਆ ਹੈ ਜਿਸ ਨੇ ਉੱਤਰ-ਪੱਛਮ ਫਰੰਟੀਅਰ ਵੱਲੋਂ ਆਉਂਦੇ ਜਾਲਮ ਹਮਲਾਵਰਾਂ ਨੂੰ ਠੱਲ੍ਹ ਪਾ ਕੇ ਉਨ੍ਹਾਂ ਦੇ ਮੁਲਕਾਂ ਨੂੰ ਜਿੱਤ ਕੇ ਆਪਣੇ ਰਾਜ ਵਿੱਚ ਸ਼ਾਮਲ ਕਰਕੇ ਖਾਲਸਾਈ ਝੰਡਾ ਝੁਲਾ ਦਿੱਤਾ। ਇਹ ਮਹਾਰਾਜਾ ਰਣਜੀਤ ਸਿੰਘ ਹੀ ਹੋਇਆ ਹੈ ਜਿਸ ਨੇ ਅਹਿਮਦਸ਼ਾਹ ਅਬਦਾਲੀ ਦੇ ਪੋਤਰੇ ਸ਼ਾਹ ਜ਼ਮਾਨ ਨੂੰ ਲਾਹੌਰ ਦੇ ਕਿਲ੍ਹੇ ਦੇ ਬਾਹਰ ਲਲਕਾਰਿਆ ਸੀ ਕਿ, “ਓਹ ਅਬਦਾਲੀ ਦੇ ਪੋਤਰੇ, ਨਿਕਲ ਬਾਹਰ, ਤੈਨੂੰ ਚੜ੍ਹਤ ਸਿੰਘ ਦਾ ਪੋਤਰਾ ਲਲਕਾਰ ਰਿਹਾ ਹੈ।”

ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਨੇ 1818 ਵਿੱਚ ਮੁਲਤਾਨ, 1819 ਵਿੱਚ ਕਾਂਗੜਾ ਕਸ਼ਮੀਰ ਤੋਂ ਇਲਾਵਾ ਸਿੰਘਪੁਰੀਆ ਮਿਸਲ ਦੇ ਇਲਾਕੇ ਅਤੇ ਭੰਗੀ ਮਿਸਲ ਦੇ ਗੁਜਰਾਤ ਇਲਾਕਿਆਂ ਨੂੰ ਜਿੱਤ ਕੇ ਆਪਣੇ ਰਾਜ ਵਿੱਚ ਮਿਲਾ ਲਿਆ ਪਿਸ਼ਾਵਰ, ਡੇਰਾ ਗਾਜ਼ੀ ਖਾਂ, ਡੇਰਾ ਇਸਮਾਇਲ ਖ਼ਾਨ,ਡਸਕਾ, ਜੰਮੂ,ਮੰਡੀ,ਸਕੇਤ,ਖਿਓੜਾ ਦੀਆਂ ਲੂਣ ਖਾਣਾਂ,ਹਲੋਵਾਲ, ਹਜ਼ਾਰਾ, ਕੋਹਾਟ, ਟੌਂਕ, ਬਨੂ ਆਦਿ ਇਲਾਕਿਆਂ ਨੂੰ ਜਿੱਤ ਕੇ ਖਾਲਸਾ ਰਾਜ ਵਿੱਚ ਮਿਲਾਇਆ। ਮਹਾਰਾਜੇ ਦਾ ਰਾਜ ਪੂਰੀ ਤਰ੍ਹਾਂ ਧਰਮ ਨਿਰਪੱਖ ਅਤੇ ਨਿਆਂ ਪੂਰਨ ਸੀ।।ਸਮਾਜ ਵਿੱਚਲੀ ਸ਼ਾਂਤੀ ਦਾ ਆਲਮ ਇਹ ਸੀ ਕਿ ਮਹਾਰਾਜੇ ਦੇ ਚਾਲੀ ਸਾਲਾਂ (1799 ਤੋਂ 1839) ਦੇ ਰਾਜ ਦੌਰਾਨ ਇੱਕ ਵੀ ਫਾਂਸੀ ਨਹੀਂ ਹੋਈ।

ਮਹਾਰਾਜਾ ਸਾਹਿਬ ਤਾਜ ਮੁਕਟ ਤੋਂ ਦਰਕਿਨਾਰ ਕਰ ਸਾਧਾਰਨ ਸਫੈਦ ਪਹਿਰਾਵਾ ਪਹਿਨਦੇ ਸਨ। ਖਾਸ ਖਾਸ ਮੌਕਿਆਂ ਸਮੇਂ ਕੇਵਲ ਇੱਕ ਸੁੱਚੇ ਮੋਤੀਆਂ ਦੀ ਮਾਲਾ ਆਪਣੇ ਲੱਕ ਦੁਆਲੇ ਬੰਨਦੇ ਸਨ। ਸਮੁੱਚੇ ਪੰਜਾਬੀਆਂ ਦਾ ਹਰ-ਦਿੱਲ-ਅਜੀ਼ਜ਼ ਮਹਾਰਾਜਾ ਰਣਜੀਤ ਸਿੰਘ 27 ਜੂਨ 1939 ਵਾਲੇ ਦਿਨ ਅਧਰੰਗ ਦੀ ਬੀਮਾਰੀ ਕਾਰਨ ਅਕਾਲ ਪੁਰਖ ਜੀ ਦੇ ਚਰਨਾਂ ਵਿੱਚ ਨਿਵਾਸ ਕਰ ਗਿਆ। ਸਾ਼ਹ ਮੁਹੰਮਦ ਲਿਖਦਾ ਹੈ:-
“ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਖ ਹਿਲਾਇ ਗਿਆ।
ਮੁਲਤਾਨ, ਕਸ਼ਮੀਰ, ਪਿਸ਼ੌਰ, ਚੰਬਾ
ਜੰਮੂ, ਕਾਂਗੜਾ ਕੋਟ ਨਿਵਾਇ ਗਿਆ।
ਤਿੱਬਤ, ਦੇਸ਼ ਲੱਦਾਖ ਤੇ ਚੀਨ ਤੋੜੀ,
ਸਿੱਕਾ ਆਪਣੇ ਨਾਮ ਚਲਾਇ ਗਿਆ।
ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ,
ਹੱਛਾ ਰੱਜ ਕੇ ਰਾਜ ਕਮਾਇ ਗਿਆ।

Share This Article
Leave a Comment