ਅੰਮ੍ਰਿਤਸਰ/ਸ੍ਰੀ ਮੁਕਤਸਰ ਸਾਹਿਬ: ਸੂਬੇ ਭਰ ’ਚ ਚਾਲੀ ਮੁਕਤਿਆਂ ਦੀ ਯਾਦ ’ਚ ਮਾਘੀ ਦਾ ਪਵਿੱਤਰ ਦਿਹਾੜਾ ਬਹੁਤ ਹੀ ਸ਼ਰਧਾਭਾਵਨਾ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਵੱਡੀ ਗਿਣਤੀ ’ਚ ਸ਼ਰਧਾਲੂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਮੁਕਤਸਰ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਹਨ।
ਕਿਹਾ ਜਾਂਦਾ ਹੈ ਕਿ ਇਸ ਦਿਨ ਇਸ਼ਨਾਨ ਕਰਨ ਨਾਲ 68 ਤੀਰਥਾਂ ਦਾ ਫਲ ਇਕੱਠਾ ਹੀ ਮਿਲਦਾ ਹੈ। ਇਸ ਕਰ ਕੇ ਹਜ਼ਾਰਾਂ ਦੀ ਗਿਣਤੀ ‘ਚ ਲੋਕ ਬਿਨਾਂ ਕਿਸੇ ਭੇਦਭਾਵ ਦੇ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਮੁਕਤਸਰ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਕੇਸੀ ਇਸ਼ਨਾਨ ਕਰਦੇ ਹਨ। ਇਸ ਤੋਂ ਇਲਾਵਾ ਤਖਤੂਪੁਰਾ ਵਿਖੇ ਵੀ ਮਾਘੀ ਮੇਲਾ ਲੱਗਦਾ ਹੈ।
ਅੱਜ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਤੜਕਸਾਰ ਤੋਂ ਹੀ ਵੱਡੀ ਗਿਣਤੀ ‘ਚ ਸ਼ਰਧਾਲੂ ਨਤਮਸਤਕ ਹੋਣ ਲਈ ਪੁੱਜੇ। ਗੁਰੂ ਘਰ ਆਈਆਂ ਸੰਗਤਾਂ ਵਲੋਂ ਪਵਿੱਤਰ ਸਰੋਵਰ ‘ਚ ਆਸਥਾ ਦੀ ਡੁੱਬਕੀ ਲਾਈ ਜਾ ਰਹੀ ਹੈ।
ਮੌਸਮ ਦੇ ਬਦਲੇ ਮਿਜਾਜ਼ ਅਤੇ ਕੜਾਕੇ ਦੀ ਪੈ ਰਹੀ ਠੰਢ ਦੇ ਬਾਵਜੂਦ ਅੰਮ੍ਰਿਤ ਵੇਲੇ ਤੋਂ ਹੀ ਲੋਕ ਵੱਡੀ ਗਿਣਤੀ ‘ਚ ਸ੍ਰੀ ਦਰਬਾਰ ਸਾਹਿਬ, ਗੁਰਦੁਆਰਾ ਟੁੱਟੀ ਗੰਢੀ ਸਾਹਿਬ ਅਤੇ ਹੋਰ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰ ਰਹੇ ਹਨ।