ਨਵੀਂ ਦਿੱਲੀ : ਮੱਧ ਪ੍ਰਦੇਸ਼ ਦੇ ਰਾਜਪਾਲ ਤੇ ਲਖਨਊ ਤੋਂ ਸਾਬਕਾ ਸੰਸਦ ਮੈਂਬਰ ਲਾਲਜੀ ਟੰਡਨ ਦਾ 85 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ। ਲਾਲਜੀ ਟੰਡਨ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਦਾ ਲਖਨਊ ਦੇ ਮੇਦਾਂਤਾ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ। ਦੇਰ ਰਾਤ ਲਾਲਜੀ ਟੰਡਨ ਦੀ ਹਾਲਤ ਕਾਫੀ ਵਿਗੜ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ ਜਿੱਥੇ ਅੱਜ ਸਵੇਰੇ 5.35 ਵਜੇ ਉਨ੍ਹਾਂ ਦੀ ਮੌਤ ਹੋ ਗਈ।
12 ਅਪ੍ਰੈਲ 1935 ਨੂੰ ਲਖਨਊ ਦੇ ਚੌਕ ਪਿੰਡ ਵਿੱਚ ਪੈਦਾ ਹੋਏ ਲਾਲਜੀ ਟੰਡਨ ਦਾ ਨਾਮ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾਵਾਂ ‘ਚ ਆਉਂਦਾ ਸੀ। ਉਹ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਕਰੀਬੀ ਸਨ। ਲਾਲਜੀ ਟੰਡਨ ਕਈ ਵਾਰ ਵਿਧਾਨ ਸਭਾ ਦੇ ਮੈਂਬਰ ਰਹੇ। ਇਸ ਦੇ ਨਾਲ ਹੀ ਉਹ ਬਸਪਾ-ਭਾਜਪਾ ਗੱਠਜੋੜ ਸਮੇਂ ਕਲਿਆਣ ਸਿੰਘ ਸਰਕਾਰ ਵਿਚ ਮੰਤਰੀ ਵੀ ਰਹੇ।