ਇੰਦੌਰ : ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਸ਼ਨੀਵਾਰ ਰਾਤ ਲੌਕਡਾਊਨ ਲੱਗਣ ਦੇ ਬਾਵਜੂਦ ਲੋਕ ਸੜਕਾਂ ‘ਤੇ ਜਾਂਦੇ ਦਿਖਾਈ ਦਿੱਤੇ। ਇਸੇ ਦੌਰਾਨ ਸ਼ਹਿਰ ‘ਚ ਨਗਰ ਨਿਗਮ ਵੱਲੋਂ ਕੋਵਿਡ-19 ਗਾਈਡਲਾਈਨ ਦੀ ਉਲੰਘਣਾ ਕਰ ਰਹੇ ਅਤੇ ਬਿਨਾਂ ਮਾਸਕ ਤੋਂ ਘੁੰਮ ਰਹੇ ਲੋਕਾਂ ਦੇ ਚਲਾਨ ਕੱਟੇ ਜਾ ਰਹੇ ਹਨ। ਇਸੇ ਦੌਰਾਨ ਇੰਦੌਰ ਦੇ ਵਿਜੇਨਗਰ ਵਿੱਚ ਇੱਕ ਅਜਿਹੀ ਘਟਨਾ ਸਾਹਮਣੇ ਆਈ ਜੋ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਇੱਥੇ ਇਕ ਵਿਅਕਤੀ ਬਿਨਾਂ ਮਾਸਕ ਤੋਂ ਘੁੰਮ ਰਿਹਾ ਸੀ। ਜਿਸਦਾ ਨਗਰ ਸੁਰੱਖਿਆ ਪਰੀਸ਼ਦ ਦੇ ਮੁਲਾਜ਼ਮਾਂ ਨੇ ਚਲਾਨ ਕੱਟ ਦਿੱਤਾ। ਵਿਅਕਤੀ ਸੁਰੱਖਿਆ ਪਰੀਸ਼ਦ ਦੇ ਮੁਲਾਜ਼ਮਾਂ ਨਾਲ ਬਹਿਸ ਸ਼ੁਰੂ ਕਰਨ ਲੱਗਾ, ਜਿਸ ਤੋਂ ਬਾਅਦ ਨਗਰ ਸੁਰੱਖਿਆ ਪ੍ਰੀਸ਼ਦ ਦੇ ਲੋਕਾਂ ਨੇ ਵਿਅਕਤੀ ‘ਤੇ ਸੜਕ ਵਿਚਾਲੇ ਹੀ ਹਮਲਾ ਕਰ ਦਿੱਤਾ।ਸੁਰੱਖਿਆ ਪਰੀਸ਼ਦ ਦੇ ਲੋਕਾਂ ਨੇ ਉਸ ਵਿਅਕਤੀ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ।
ਦਰਅਸਲ ਵਿਵਾਦ ਉਦੋਂ ਖੜ੍ਹਾ ਹੋਇਆ ਜਦੋਂ ਬਿਨਾਂ ਮਾਸਕ ਤੋਂ ਘੁੰਮ ਰਹੇ ਵਿਅਕਤੀ ਨੂੰ ਰੋਕ ਕੇ ਉਸ ਦਾ ਚਲਾਨ ਕੱਟਿਆ ਗਿਆ ਅਤੇ ਨਗਰ ਪਰੀਸ਼ਦ ਦੇ ਮੁਲਾਜ਼ਮਾਂ ਨੇ ਉਸ ਤੋਂ ਜੁਰਮਾਨੇ ਦੇ ਪੈਸੇ ਮੰਗੇ। ਵਿਅਕਤੀ ਕੋਲ ਪੈਸੇ ਨਾ ਹੋਣ ਦੇ ਕਾਰਨ ਨਗਰ ਸੁਰੱਖਿਆ ਪਰੀਸ਼ਦ ਦੇ ਲੋਕਾਂ ਨੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਪੀਡ਼ਤ ਵਿਅਕਤੀ ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਇਹ ਘਟਨਾ ਪੁਲੀਸ ਦੀ ਮੌਜੂਦਗੀ ਵਿਚ ਵਾਪਰੀ ਸੀ ਪਰ ਪੁਲੀਸ ਮੂਕ ਦਰਸ਼ਕ ਬਣ ਕੇ ਖੜ੍ਹੀ ਰਹੀ।