ਅੰਮ੍ਰਿਤਸਰ : ਪੰਜਾਬ ਦੀ ਸਿਆਸਤ ਆਏ ਦਿਨ ਕਿਸੇ ਨਾ ਕਿਸੇ ਮਸਲੇ ਨੂੰ ਲੈ ਕੇ ਗਰਮਾਈ ਰਹਿੰਦੀ ਹੈ। ਇਸੇ ਤਹਿਤ ਹੁਣ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਆਹਮੋ ਸਾਹਮਣੇ ਹਨ। ਦੋਵਾਂ ਹੀ ਆਗੂਆਂ ਵੱਲੋਂ ਇੱਕ ਦੂਜੇ ‘ਤੇ ਬਿਆਨੀ ਹਮਲੇ ਕੀਤੇ ਜਾ ਰਹੇ ਹਨ। ਦਰਅਸਲ ਬੀਤੇ ਦਿਨੀਂ ਮਜੀਠੀਆ ਵੱਲੋਂ ਸਰਕਾਰ ‘ਤੇ ਸਬੂਤਾਂ ਸਮੇਤ ਤੰਜ ਕਸੇ ਗਏ ਸਨ। ਜਿਸ ਤੋਂ ਬਾਅਦ ਹੁਣ ਮਜੀਠੀਆ ਵੱਲੋਂ ਡਰੱਗ ਕੇਸ ਦੀ ਰਿਪੋਰਟ ਖੋਲ੍ਹਣ ਲਈ ਸੀਐੱਮ ਮਾਨ ਨੂੰ ਚੈਲੰਜ ਕੀਤਾ ਗਿਆ ਹੈ।
ਦੱਸ ਦੇਈਏ ਕਿ ਬੀਤੇ ਦਿਨੀਂ ਮਜੀਠੀਆ ਨੂੰ ਜਵਾਬ ਦਿੰਦਿਆਂ ਮਾਨ ਨੇ ਕਿਹਾ ਸੀ ਕਿ ਮਜੀਠੀਆ ਭੁੱਲਣ ਨਾਂ ਕਿ ਉਹ ਜ਼ਮਾਨਤ ‘ਤੇ ਬਾਹਰ ਆਏ ਹਨ ਅਤੇ ਨਸ਼ਾ ਤਸਕਰੀ ਦਾ ਕੇਸ ਅਜੇ ਵੀ ਉਨ੍ਹਾਂ ‘ਤੇ ਜਿਉਂ ਦਾ ਤਿਉਂ ਚੱਲ ਰਿਹਾ ਹੈੇ। ਉਨ੍ਹਾਂ ਕਿਹਾ ਕਿ ਕੇਸ ਖੁੱਲ੍ਹਦਿਆਂ ਸਮਾਂ ਨਹੀਂ ਲਗਦਾ । ਇਸ ਮੌਕੇ ਨਿੱਜੀ ਟਿੱਪਣੀ ਕਰਦਿਆਂ ਮਜੀਠੀਆ ਨੂੰ ਦਾਜ ‘ਚ ਆਇਆ ਵੀ ਦੱਸਿਆ ਗਿਆ ਸੀ। ਇਸ ਦਾ ਜਵਾਬ ਦਿੰਦਿਆਂ ਮਜੀਠੀਆ ਨੇ ਵੀ ਮਾਨ ‘ਤੇ ਨਿੱਜੀ ਟਿੱਪਣੀ ਕਰਦਿਆਂ ਕਿਹਾ ਕਿ ਜਿਸ ਉਮਰੇ ਧੀ ਦਾ ਪੱਲਾ ਫੜਾਉਣਾ ਸੀ ਉਸ ਉਮਰ ‘ਚ ਜਾ ਕੇ ਇਸ ਨੇ ਧੀ ਦੀ ਉਮਰ ਦੀ ਕੁੜੀ ਦਾ ਪੱਲਾ ਫੜ ਲਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਹਿੰਮਤ ਹੈ ਤਾਂ ਉਹ ਖੋਲ੍ਹਣ ਕੇਸ ਦੁਆਰਾ ਕਿਉਂਕਿ ਮਜੀਠੀਆ ਧਮਕੀਆਂ ਤੋਂ ਨਹੀਂ ਡਰਦਾ।