100 ਸਾਲ ਪਹਿਲਾਂ ਚੋਰੀ ਹੋਈ ਮਾਂ ਅੰਨਪੂਰਨਾ ਦੀ ਮੂਰਤੀ ਕੈਨੇਡਾ ਤੋਂ ਪਰਤੀ ਭਾਰਤ

TeamGlobalPunjab
2 Min Read

ਨਵੀਂ ਦਿੱਲੀ : ਭਾਰਤ ਤੋਂ ਲਗਭਗ 108 ਸਾਲ ਪਹਿਲਾਂ ਚੋਰੀ ਹੋਈ ਮਾਂ ਅੰਨਪੂਰਨਾ ਦੀ ਮੂਰਤੀ ਕੈਨੇਡਾ ਤੋਂ ਵਾਪਸ ਦਿੱਲੀ ਆ ਗਈ ਹੈ। 1913 ਵਿੱਚ ਕਾਸ਼ੀ ਦੇ ਇੱਕ ਘਾਟ ’ਚੋਂ ਚੋਰੀ ਹੋਈ ਇਸ ਮੂਰਤੀ ਨੂੰ ਹੁਣ 15 ਨਵੰਬਰ ਨੂੰ ਕਾਸ਼ੀ ਵਿਸ਼ਵ ਨਾਥ ਮੰਦਿਰ ਵਿੱਚ ਸਥਾਪਤ ਕੀਤਾ ਜਾਵੇਗਾ। ਮੂਰਤੀ ਦੇ ਕੈਨੇਡਾ ਤੋਂ ਦਿੱਲੀ ਪੁੱਜਣ ’ਤੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਕੇਂਦਰੀ ਮੰਤਰੀ ਹਰਦੀਪ ਸਿੰਘ ਪੂਰੀ ਅਤੇ ਮਿਨਾਕਸ਼ੀ ਲੇਖੀ ਨੇ ਮਾਂ ਅੰਨਪੂਰਨਾ ਦੀ ਪੂਜਾ ਕੀਤੀ।

ਭਾਰਤ ਤੋਂ ਚੋਰੀ ਹੋਈ ਇਹ ਮੂਰਤੀ ਕੈਨੇਡਾ ਦੀ ਮੈਕੇਂਜੀ ਆਰਟ ਗੈਲਰੀ ਵਿੱਚ ਰੇਜਿਨਾ ਯੂਨੀਵਰਸਿਟੀ ਦੀ ਲਾਇਬਰੇਰੀ ਦਾ ਹਿੱਸਾ ਸੀ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ, ਜਦੋਂ ਇਸ ਸਾਲ ਕੈਨੇਡਾ ਦੀ ਇਸ ਗੈਲਰੀ ਵਿੱਚ ਇੱਕ ਪ੍ਰਦਰਸ਼ਨੀ ਦੀ ਤਿਆਰੀ ਚੱਲ ਰਹੀ ਸੀ। ਇਸੇ ਦੌਰਾਨ ਕਲਾਕਾਰ ਦਿੱਵਿਆ ਮਹਿਰਾ ਨੇ ਇਸ ਨੂੰ ਪਛਾਣ ਲਿਆ।

ਉਨ੍ਹਾਂ ਨੇ ਇਹ ਮੁੱਦਾ ਚੁੱਕਿਆ ਅਤੇ ਸਰਕਾਰ ਨੂੰ ਇਸ ਸਬੰਧੀ ਜਾਣੂ ਕਰਵਾਇਆ। ਇਸ ਤੋਂ ਬਾਅਦ ਰੇਜਿਨਾ ਯੂਨੀਵਰਸਿਟੀ ਦੇ ਕਾਰਜਕਾਰੀ ਪ੍ਰਧਾਨ ਤੇ ਕੁਲਪਤੀ ਥੌਮਸ ਚੇਸ ਨੇ ਇਹ ਮੂਰਤੀ ਭਾਰਤ ਦੇ ਹਾਈ ਕਮਿਸ਼ਨਰ ਅਜੇ ਬਿਸਾਰੀਆਂ ਨੂੰ ਸੌਂਪ ਦਿੱਤੀ ਤੇ ਹੁਣ ਇਹ ਮੂਰਤੀ ਭਾਰਤ ਪੁੱਜ ਚੁੱਕੀ ਹੈ। ਭਾਰਤ ਦੇ ਕਈ ਜ਼ਿਲ੍ਹਿਆਂ ‘ਚ ਇਸ ਮੂਰਤੀ ਦੇ ਦਰਸ਼ਨ ਕਰਵਾਉਣ ਤੋਂ ਬਾਅਦ 14 ਨਵੰਬਰ ਨੂੰ ਇਸ ਨੂੰ ਕਾਸ਼ੀ ਵਿਖੇ ਪਹੁੰਚਾਇਆ ਜਾਵੇਗਾ।

Share this Article
Leave a comment