ਲੁਧਿਆਣਾ: ਜੋਧਾਂ ਪਿੰਡ ਤੋਂ ਆਸੀ ਕਲਾਂ ਅਤੇ ਨਾਰੰਗਵਾਲ ਲਿੰਕ ਰੋਡ ‘ਤੇ ਇੱਕ ਗੈਰ-ਕਾਨੂੰਨੀ ਪਟਾਕਾ ਫੈਕਟਰੀ ਵਿੱਚ ਮੰਗਲਵਾਰ ਦੇਰ ਰਾਤ ਹੋਏ ਧਮਾਕੇ ਵਿੱਚ ਮੁਹੰਮਦ ਕੈਫ (18) ਦੀ ਮੌਤ ਦੀ ਪੁਸ਼ਟੀ ਹੋ ਗਈ ਹੈ। ਇੱਕ 18 ਸਾਲਾ ਔਰਤ ਅਤੇ ਇੱਕ 50 ਸਾਲਾ ਵਿਅਕਤੀ ਗੰਭੀਰ ਜ਼ਖਮੀ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਜੋਧਾਂ ਵਿੱਚ ਪਟਾਕਾ ਫੈਕਟਰੀ ਵਿੱਚ ਹੋਏ ਧਮਾਕੇ ਦੇ ਮਾਮਲੇ ਵਿੱਚ ਪੁਲਿਸ ਨੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਡੀਐਸਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਧਮਾਕੇ ਦੀ ਸੂਚਨਾ ਮਿਲਣ ਤੋਂ ਬਾਅਦ ਉਹ ਮੌਕੇ ‘ਤੇ ਪਹੁੰਚੇ ਸਨ। ਬੁੱਧਵਾਰ ਸਵੇਰੇ ਡੀ.ਐਸ.ਪੀ. ਦਾਖਾ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਮੁਜ਼ੱਫਰਾਬਾਦ ਦੇ ਰਹਿਣ ਵਾਲੇ ਦੋ ਸਗੇ ਭਰਾਵਾਂ ਸਾਜਿਦ ਅਤੇ ਵਾਜਿਦ (ਪੁੱਤਰ ਅਲਾਉਦੀਨ) ਦੇ ਖ਼ਿਲਾਫ਼ ਐਕਸਪਲੋਸਿਵ ਐਕਟ 1908 ਦੀ ਧਾਰਾ 3, 4, 5 ਅਤੇ ਬੀ.ਐਨ.ਐਸ. (BNS) ਦੀ ਧਾਰਾ 108 ਦੇ ਤਹਿਤ ਕੇਸ ਦਰਜ ਕਰਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਡੀਐਸਪੀ ਖੋਸਾ ਨੇ ਦੱਸਿਆ ਕਿ ਮਲਬੇ ਵਿੱਚ ਪਈ ਵਿਸਫੋਟਕ ਸਮੱਗਰੀ ਨੂੰ ਹਟਾਉਣ ਲਈ ਫੌਜ ਅਤੇ ਐਨਡੀਆਰਐਫ (NDRF) ਦੀਆਂ ਟੀਮਾਂ ਦੀ ਮਦਦ ਲਈ ਜਾ ਰਹੀ ਹੈ। ਇਸ ਤੋਂ ਇਲਾਵਾ ਸਿਵਲ ਪ੍ਰਸ਼ਾਸਨ, ਸਿਹਤ ਵਿਭਾਗ ਅਤੇ ਪਿੰਡ ਵਾਸੀਆਂ ਦੀ ਵੀ ਸਹਾਇਤਾ ਲਈ ਜਾ ਰਹੀ ਹੈ।
ਡੀਐਸਪੀ ਖੋਸਾ ਨੇ ਅੱਗੇ ਦੱਸਿਆ ਕਿ ਮੁਲਜ਼ਮ ਭਰਾ ਸਾਜਿਦ ਅਤੇ ਵਾਜਿਦ ਉੱਤਰ ਪ੍ਰਦੇਸ਼ ਦੇ ਗਰੀਬ ਮਜ਼ਦੂਰ ਪਰਿਵਾਰਾਂ ਨੂੰ ਪੰਜਾਬ ਵਿੱਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਇੱਥੇ ਲਿਆਏ ਸਨ ਅਤੇ ਪਿਛਲੇ ਤਿੰਨ-ਚਾਰ ਦਿਨਾਂ ਤੋਂ ਇਸ ਨਾਜਾਇਜ਼ ਪਟਾਕਾ ਫੈਕਟਰੀ ਵਿੱਚ ਕੰਮ ਕਰਵਾ ਰਹੇ ਸਨ। ਫੌਜ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਹੈ ਕਿ ਪਟਾਕਿਆਂ ਦੇ ਕੈਮੀਕਲ ਵਿੱਚ ਧਮਾਕਾ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ। ਅੰਦਰ ਭਾਰੀ ਮਾਤਰਾ ਵਿੱਚ ਪੋਟਾਸ਼ ਪਦਾਰਥ ਪਿਆ ਹੈ। ਫੌਜ ਦੇ ਅਧਿਕਾਰੀ ਨੇ ਦੱਸਿਆ ਕਿ ਵਿਸਫੋਟਕ ਪਦਾਰਥ ਹੋਣ ਕਾਰਨ ਉਨ੍ਹਾਂ ਦੀ ਟੀਮ ਇੱਥੇ ਪਹੁੰਚੀ ਹੈ। ਫੌਜ ਦੇ ਅਧਿਕਾਰੀ ਨੇ ਕਿਹਾ ਕਿ ਹਨੇਰਾ ਹੋਣ ਅਤੇ ਬਿਲਡਿੰਗ ਡਿੱਗਣ ਕਾਰਨ ਰਾਤ ਨੂੰ ਜ਼ਿਆਦਾ ਕੰਮ ਨਹੀਂ ਹੋ ਸਕਿਆ। ਪੁਲਿਸ ਆਪਣਾ ਕੰਮ ਕਰ ਰਹੀ ਹੈ ਅਤੇ ਅਸੀਂ ਆਪਣਾ ਕੰਮ ਕਰਾਂਗੇ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

