ਚਿੰਤਪੁਰਨੀ ਤੋਂ ਵਾਪਸੀ ਦੌਰਾਨ ਲੁਧਿਆਣਾ ਦੇ ਨੌਜਵਾਨਾਂ ਵਾਲ ਵਾਪਰਿਆ ਦਰਦਨਾਕ ਹਾਦਸਾ, ਕਾਰ ਖੱਡ ਵਿੱਚ ਡਿੱਗੀ, ਜ਼ਿੰਦਾ ਝੁਲਸੇ

Global Team
2 Min Read

ਹਿਮਾਚਲ ਪ੍ਰਦੇਸ਼ ਦੇ ਮਾਤਾ ਚਿੰਤਪੁਰਨੀ ਮੰਦਰ ਵਿੱਚ ਦਰਸ਼ਨ ਕਰਕੇ ਵਾਪਸ ਆ ਰਹੇ ਲੁਧਿਆਣਾ ਦੇ ਦੋ ਨੌਜਵਾਨਾਂ ਨਾਲ ਭਿਆਨਕ ਹਾਦਸਾ ਵਾਪਰ ਗਿਆ। ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਖੱਡ ਵਿੱਚ ਡਿੱਗ ਗਈ, ਜਿਸ ਨਾਲ ਕਾਰ ਵਿੱਚ ਅੱਗ ਲੱਗ ਗਈ ਅਤੇ ਦੋਵੇਂ ਨੌਜਵਾਨ ਜਿੰਦਾ ਸੜ ਗਏ।

ਹਾਦਸੇ ਤੋਂ ਲਗਭਗ ਇੱਕ ਘੰਟਾ ਪਹਿਲਾਂ ਇੱਕ ਨੌਜਵਾਨ ਨੇ ਇੰਸਟਾਗ੍ਰਾਮ ‘ਤੇ ਰੀਲ ਪੋਸਟ ਕੀਤੀ ਸੀ, ਜਿਸ ਵਿੱਚ ਉਸ ਨੇ ਕਿਹਾ ਸੀ ਕਿ ਇੱਕ ਦਿਨ ਉਹ ਮਰ ਜਾਵੇਗਾ ਅਤੇ ਉਸ ਦੀ ਅਰਥੀ ਨੂੰ ਉਸਦਾ ਭਰਾ ਮੋਢਾਂ ਦੇਵੇ। ਇਸ ਤਰ੍ਹਾਂ ਦੀਆਂ ਉਹ ਚਾਰ ਭਾਵੁਕ ਰੀਲਾਂ ਪਹਿਲਾਂ ਵੀ ਪੋਸਟ ਕਰ ਚੁੱਕਾ ਸੀ।

29 ਅਪ੍ਰੈਲ ਨੂੰ ਹੋਏ ਇਸ ਹਾਦਸੇ ਦੀ CCTV ਫੁਟੇਜ ਵੀ ਸਾਹਮਣੇ ਆਈ ਹੈ। ਫੁਟੇਜ ਵਿੱਚ ਦਿਖਦਾ ਹੈ ਕਿ ਇੱਕ ਤੇਜ਼ ਰਫ਼ਤਾਰ ਕਾਰ ਮੋੜ ‘ਤੇ ਅਚਾਨਕ ਬੇਕਾਬੂ ਹੋ ਕੇ ਖੱਡ ਵਿੱਚ ਡਿੱਗ ਜਾਂਦੀ ਹੈ। ਸ਼ੁਰੂਆਤੀ ਜਾਂਚ ਮੁਤਾਬਕ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਕਾਰ ਦਾ ਟਾਇਰ ਫਟਣ ਕਾਰਨ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ।

ਕਾਰ ਖੱਡ ਵਿੱਚ ਡਿੱਗਦੇ ਹੀ ਭਿਆਨਕ ਧਮਾਕਾ ਹੋਇਆ ਅਤੇ ਕੁਝ ਹੀ ਪਲਾਂ ਵਿੱਚ ਅੱਗ ਲੱਗ ਗਈ, ਜਿਸ ਕਾਰਨ ਕਿਸੇ ਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ। ਮ੍ਰਿਤਕਾਂ ਵਿੱਚੋਂ ਇੱਕ ਦੀ ਪਹਿਚਾਣ ਲੁਧਿਆਣਾ ਦੇ ਗੋਪਾਲ ਨਗਰ ਟਿੱਬਾ ਰੋਡ ਦੇ ਰਹਿਣ ਵਾਲੇ ਪੰਕੂ ਵਜੋਂ ਹੋਈ ਹੈ, ਜੋ ਆਪਣੇ ਦੋਸਤ ਨਾਲ ਦਰਸ਼ਨ ਕਰਨ ਗਿਆ ਸੀ, ਜਦਕਿ ਦੂਜੇ ਨੌਜਵਾਨ ਦੀ ਪਛਾਣ ਅਜੇ ਨਹੀਂ ਹੋ ਸਕੀ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਸਵੇਰੇ ਖੁਸ਼ੀ-ਖੁਸ਼ੀ ਆਪਣੀ ਨਵੀਂ ਕਾਰ ਵਿੱਚ ਘਰੋਂ ਨਿਕਲੇ ਸਨ। ਕੁਝ ਹੀ ਘੰਟਿਆਂ ਵਿੱਚ ਹਾਦਸੇ ਦੀ ਖਬਰ ਮਿਲਣ ਨਾਲ ਘਰ ਵਿੱਚ ਸੋਗ ਛਾ ਗਿਆ। ਪੰਕੂ ਆਪਣੇ ਪਿੱਛੇ ਪਤਨੀ, ਦੋ ਬੱਚੇ, ਮਾਤਾ-ਪਿਤਾ, ਵੱਡਾ ਭਰਾ, ਭਾਬੀ ਨੂੰ ਛੱਡ ਗਿਆ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment