ਲੁਧਿਆਣਾ ’ਚ ਕਾਰੋਬਾਰੀ ਦੀ ਪਤਨੀ ਦੇ ਕਤਲ ਮਾਮਲੇ ’ਚ ਵੱਡਾ ਖੁਲਾਸਾ ; ਪਤੀ ਹੀ ਨਿੱਕਲਿਆ ਕਾਤਲ, ਇੰਝ ਰਚੀ ਸੀ ਸਾਜਿਸ਼!

Global Team
2 Min Read

ਲੁਧਿਆਣਾ: ਬੀਤੇ ਦਿਨੀਂ ਲੁਧਿਆਣਾ ’ਚ ਕਾਰੋਬਾਰੀ ਅਨੋਖ ਮਿੱਤਲ ਅਤੇ ਉਸਦੀ ਪਤਨੀ ’ਤੇ ਜਾਨਲੇਵਾ ਹਮਲਾ ਹੋਇਆ ਸੀ। ਇਸ ਮਾਮਲੇ ’ਚ ਹੁਣ ਹੈਰਾਨੀਜਨਕ ਖੁਲਾਸਾ ਹੋਇਆ ਹੈ। ਦੱਸ ਦਈਏ ਕਿ ਅਨੋਖ ਮਿੱਤਲ ਵੱਲੋਂ ਹੀ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਲੁਧਿਆਣਾ ਪੁਲਿਸ ਨੇ ਮਹਿਲਾ ਦੇ ਕਤਲ ਮਾਮਲੇ ਨੂੰ ਸੁਲਝਾਉਂਦੇ ਹੋਏ ਮਹਿਲਾ ਦੇ ਪਤੀ ਸਣੇ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। 1 ਮੁਲਜ਼ਮ ਦੀ ਗ੍ਰਿਫਤਾਰੀ ਹਾਲੇ ਬਾਕੀ ਹੈ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਪਤੀ ਅਲੋਖ ਮਿੱਤਲ ਨੇ ਹੀ ਇਸ ਸਾਜ਼ਿਸ਼ ਨੂੰ ਰਚਿਆ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮ ਦੀ ਪ੍ਰੇਮਿਕਾ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦੀ ਟੀਮ ਨੇ ਬਹੁਤ ਮਿਹਨਤ ਨਾਲ ਇਹ ਗੁੱਥੀ ਸੁਲਝਾਈ ਹੈ। ਪੁਲਿਸ ਕਮਿਸ਼ਨਰ ਨੇ ਕਿਹਾ 2.5 ਲੱਖ ਰੁਪਏ ’ਚ ਮੁਲਜ਼ਮ ਨੇ ਆਪਣੀ ਪਤਨੀ ਦੀ ਸੁਪਾਰੀ ਦਿੱਤੀ ਸੀ। 50 ਹਜ਼ਾਰ ਪਹਿਲਾਂ ਦਿੱਤਾ ਸੀ ਅਤੇ 2 ਲੱਖ ਰੁਪਏ ਹੋਰ ਦੇਣੇ ਸੀ। ਉਨ੍ਹਾਂ ਕਿਹਾ ਕਿ ਇਸ ਪੂਰੇ ਮਾਮਲੇ ਨੂੰ ਜਿਸ ਤਰ੍ਹਾਂ ਕੁਝ ਲੋਕਾਂ ਵੱਲੋਂ ਹਾਈਲਾਈਟ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਕਰਨਾ ਚਾਹੀਦਾ ਇਸ ਨਾਲ ਜਾਂਚ ’ਤੇ ਸਿੱਧਾ ਅਸਰ ਪੈਂਦਾ ਹੈ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪਹਿਲਾਂ ਵੀ ਦੋ ਵਾਰ ਪਤਨੀ ਨੂੰ ਮਾਰਨ ਦੀ ਪਲੈਨਿੰਗ ਕੀਤੀ ਸੀ। ਕੁਲਦੀਪ ਚਹਿਲ ਨੇ ਦੱਸਿਆ ਕਿ ਗ੍ਰਿਫਤਾਰ ਮਹਿਲਾ ਦੇ ਨਾਲ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਹੀ ਇਹ ਕਤਲ ਕਰਵਾਇਆ ਗਿਆ। ਉਹਨਾਂ ਕਿਹਾ ਕਿ ਪਤਨੀ ਨੂੰ ਉਸ ਦੇ ਪ੍ਰੇਮ ਸੰਬੰਧਾਂ ਬਾਰੇ ਜਾਣਕਾਰੀ ਮਿਲ ਗਈ ਸੀ ਜਿਸ ਤੋਂ ਬਾਅਦ ਉਹ ਉਸਨੂੰ ਮਾਰਨ ਦੀ ਪਲੈਨਿੰਗ ਕਰ ਰਿਹਾ ਸੀ। ਜਿਸ ਕਾਰ ਦੇ ਵਿੱਚ ਮੁਲਜ਼ਮ ਆਏ ਸਨ ਉਹ ਵੀ ਪੁਲਿਸ ਨੇ ਬਰਾਮਦ ਕਰ ਲਈ ਹੈ।

ਉਨ੍ਹਾਂ ਕਿਹਾ ਕਿ ਇਸ ਪੂਰੀ ਵਾਰਦਾਤ ਲਈ ਉਸ ਦਾ ਪਤੀ ਹੀ ਮਾਸਟਰ ਮਾਈਡ ਸੀ। ਹਾਲਾਂਕਿ ਮੁਲਜ਼ਮ ਦੀ ਪ੍ਰੇਮਿਕਾ ਉਸ ਨਾਲ ਵਾਰਦਾਤ ਮੌਕੇ ’ਤੇ ਨਹੀਂ ਸੀ ਪਰ ਉਹ ਵੀ ਇਸ ਸਾਜਿਸ਼ ਵਿੱਚ ਸ਼ਾਮਿਲ ਸੀ। ਇਸ ਸਬੰਧੀ ਹੋਰ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ,ਫੜੇ ਗਏ ਮੁਲਜ਼ਮਾਂ ਦੇ ਵਿੱਚੋਂ ਕੁਝ ਸਾਹਨੇਵਾਲ ਅਤੇ ਕੁਝ ਢੰਡਾਰੀ ਦੇ ਰਹਿਣ ਵਾਲੇ ਹਨ। ਉਹਨਾਂ ਦੇ ਪੁਰਾਣੇ ਪਰਚਿਆਂ ਬਾਰੇ ਵੀ ਪੁਲਿਸ ਜਾਂਚ ਕਰ ਰਹੀ ਹੈ।

Share This Article
Leave a Comment