Breaking News

BIG NEWS : ਕਾਂਗਰਸ ਦੇ 7 ਵਿਧਾਇਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਵਜੋਂ ਹਟਾਉਣ ਦੀ ਕਥਿਤ ਕਾਰਵਾਈ ਦਾ ਹਿੱਸਾ ਹੋਣ ਤੋਂ ਕੀਤਾ ਇਨਕਾਰ

 ਮੀਟਿੰਗ ਵਿਚ ਸਾਡੇ ਨਾਲ ਮਸਲਾ ਵਿਚਾਰਿਆ ਤੱਕ ਨਹੀਂ ਗਿਆ

ਚੰਡੀਗੜ੍ਹ :      20 ਤੋਂ ਵੱਧ ਕਾਂਗਰਸੀ ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਵਿੱਚੋਂ 7 ਵਿਧਾਇਕਾਂ ਜਿਨ੍ਹਾਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਦੀ ਮੰਗ ਕਰਨ ਵਾਲੀ ਧਿਰ ਦਾ ਹਿੱਸਾ ਹੋਣ ਦਾ ਦਾਅਵਾ ਕੀਤਾ ਗਿਆ ਸੀ, ਨੇ ਅਜਿਹੀ ਕਿਸੇ ਵੀ ਕਾਰਵਾਈ ਤੋਂ ਆਪਣੇ ਆਪ ਨੂੰ ਸਪੱਸ਼ਟ ਅਤੇ ਮੁਕੰਮਲ ਤੌਰ ਉਤੇ ਲਾਂਭੇ ਕਰ ਲਿਆ ਹੈ।

ਇਸ ਪ੍ਰਕਿਰਿਆ ਵਿਚ ਕਿਸੇ ਤਰ੍ਹਾਂ ਭਾਈਵਾਲ ਨਾ ਹੋਣ ਤੋਂ ਸਾਫ ਇਨਕਾਰ ਕਰਦਿਆਂ ਇਸ ਨੂੰ ‘ਪਾਰਟੀ ਅੰਦਰ ਦਰਾੜ ਪਾਉਣ ਦੀ ਕੋਸ਼ਿਸ਼ ਵਿਚ ਇਕ ਧਿਰ ਵੱਲੋਂ ਮਨਸੂਬੇ ਘੜੇ ਜਾਣਾ ਕਰਾਰ ਦਿੰਦੇ ਹੋਏ ਇਨ੍ਹਾਂ 7 ਨੇਤਾਵਾਂ ਨੇ ਮੁੱਖ ਮੰਤਰੀ ਦੇ ਹੱਕ ਵਿਚ ਸਟੈਂਡ ਲਿਆ ਅਤੇ ਉਨ੍ਹਾਂ ਦੀ ਲੀਡਰਸ਼ਿਪ ਵਿਚ ਪੂਰਨ ਭਰੋਸਾ ਪ੍ਰਗਟਾਇਆ ਹੈ।

          ਪੰਜਾਬ ਕਾਂਗਰਸ ਦੇ ਜਿਨ੍ਹਾਂ ਨੇਤਾਵਾਂ ਨੇ ਪਾਰਟੀ ਵਿਚ ਅਖੌਤੀ ਬਗਾਵਤ ਤੋਂ ਆਪਣੇ ਆਪ ਨੂੰ ਦੂਰ ਕੀਤਾ ਹੈ, ਉਨ੍ਹਾਂ ਵਿਚ ਕੁਲਦੀਪ ਵੈਦ (ਵਿਧਾਇਕ), ਦਲਵੀਰ ਸਿੰਘ ਗੋਲਡੀ (ਵਿਧਾਇਕ), ਸੰਤੋਖ ਸਿੰਘ ਭਲਾਈਪੁਰ (ਵਿਧਾਇਕ), ਅਜੀਤਇੰਦਰ ਸਿੰਘ ਮੋਫਰ (ਸਾਬਕਾ ਵਿਧਾਇਕ), ਅੰਗਦ ਸਿੰਘ (ਵਿਧਾਇਕ), ਰਾਜਾ ਵੜਿੰਗ (ਵਿਧਾਇਕ) ਅਤੇ ਗੁਰਕੀਰਤ ਕੋਟਲੀ (ਵਿਧਾਇਕ) ਸ਼ਾਮਲ ਹਨ।

          ਪੰਜਾਬ ਕਾਂਗਰਸ ਦੇ ਇਕ ਧੜੇ ਵੱਲੋਂ ਪਾਰਟੀ ਦੇ ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ ਦੀ ਸੂਚੀ ਜਨਤਕ ਕਰਨ ਤੋਂ ਕੁਝ ਘੰਟਿਆ ਬਾਅਦ ਹੀ ਇਨ੍ਹਾਂ ਨੇਤਾਵਾਂ ਨੇ ਇਸ ਦਾ ਹਿੱਸਾ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਸੂਚੀ ਨੂੰ ਜਨਤਕ ਤੌਰ ਉਤੇ ਜਾਰੀ ਕਰਦੇ ਹੋਏ ਦਾਅਵਾ ਕੀਤਾ ਗਿਆ ਸੀ ਕਿ ਇਹ ਸਾਰੇ ਨੇਤਾ ਕੈਪਟਨ ਅਮਰਿੰਦਰ ਸਿੰਘ ਨੂੰ ਬਦਲਣਾ ਚਾਹੁੰਦੇ ਹਨ ਅਤੇ ਇਸ ਮਾਮਲੇ ਨੂੰ ਹਾਈ ਕਮਾਨ ਕੋਲ ਉਠਾਉਣਾ ਚਾਹੁੰਦੇ ਹਨ। ਹਾਲਾਂਕਿ, ਇਨ੍ਹਾਂ 7 ਨੇਤਾਵਾਂ ਨੇ ਅਜਿਹੇ ਕਿਸੇ ਫੈਸਲਾ ਦਾ ਹਿੱਸਾ ਨਾ ਹੋਣ ਦੀ ਗੱਲ ਕਰਦਿਆਂ ਐਲਾਨ ਕੀਤਾ ਕਿ ਉਹ ਮੁੱਖ ਮੰਤਰੀ ਨਾਲ ਦ੍ਰਿੜਤਾ ਨਾਲ ਖੜ੍ਹੇ ਹਨ।

          ਇਨ੍ਹਾਂ 7 ਨੇਤਾਵਾਂ ਨੇ ਦੱਸਿਆ ਕਿ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਰਿਹਾਇਸ਼ ਉਤੇ ਬੰਦ ਕਮਰਾ ਮੀਟਿੰਗ ਹੋਈ ਸੀ ਜਿਸ ਤੋਂ ਬਾਅਦ ਧੋਖੇਬਾਜ਼ੀ ਕਰਦੇ ਹੋਏ ਬਾਕੀ ਲੀਡਰਾਂ ਨਾਲ ਉਨ੍ਹਾਂ ਦੇ ਨਾਂਅ ਵੀ ਜਾਰੀ ਕਰ ਦਿੱਤੇ ਗਏ ਜਦਕਿ ਇਹ ਮੀਟਿੰਗ ਪਾਰਟੀ ਮਾਮਲਿਆਂ ਨੂੰ ਵਿਚਾਰਨ ਲਈ ਸੱਦੀ ਗਈ ਸੀ। ਮੀਟਿੰਗ ਵਿਚ ਸ਼ਾਮਲ ਕੁਝ ਨੇਤਾਵਾਂ ਨੇ ਮੁੱਖ ਮੰਤਰੀ ਨੂੰ ਬਦਲਣ ਦਾ ਮਸਲਾ ਉਠਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਦਾਅਵਿਆਂ ਦੇ ਉਲਟ ਸਰਬਸਮੰਤੀ ਨਾਲ ਨਾ ਤਾਂ ਕੋਈ ਮਤਾ ਪੇਸ਼ ਹੋਇਆ ਅਤੇ ਨਾ ਹੀ ਸਹਿਮਤੀ ਬਣੀ। ਇਸ ਢੰਗ ਨਾਲ ਉਨ੍ਹਾਂ ਦੇ ਨਾਂ ਵਰਤਣ ਦਾ ਸਖ਼ਤ ਨੋਟਿਸ ਲੈਂਦੇ ਹੋਏ ਇਨ੍ਹਾਂ 7 ਨੇਤਾਵਾਂ ਨੇ ਸਪੱਸ਼ਟ ਕੀਤਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਕਿਸੇ ਵੀ ਅਜਿਹੇ ਕਦਮ ਦੇ ਹਮਾਇਤੀ ਨਹੀਂ ਹਨ।

          ਦਰਅਸਲ, ਮੋਫਰ ਨੇ ਦੱਸਿਆ ਕਿ ਉਹ ਇਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ ਸਨ ਬਲਕਿ ਉੱਥੇ ਮੌਜੂਦ ਕੈਬਨਿਟ ਮੰਤਰੀਆਂ ਵਿੱਚੋਂ ਇੱਕ ਨੂੰ ਮਿਲਣ ਗਏ ਸਨ। ਉਨ੍ਹਾਂ ਦੱਸਿਆ ਕਿ ਉਹ ਹੈਰਾਨ ਰਹਿ ਗਿਆ ਜਦੋਂ ਉਸ ਨੇ ਆਪਣਾ ਨਾਂ ਕੈਪਟਨ ਅਮਰਿੰਦਰ ਨੂੰ ਹਟਾਉਣ ਦੀ ਮੰਗ ਕਰਨ ਵਾਲਿਆਂ ਵਿੱਚ ਸ਼ਾਮਲ ਦੇਖਿਆ।

ਵੈਦ ਨੇ ਸਪੱਸ਼ਟ ਕੀਤਾ ਉਹ “ਮੁੱਖ ਮੰਤਰੀ ਖ਼ਿਲਾਫ਼ ਅਜਿਹੀ ਕਿਸੇ ਵੀ ਸਾਜ਼ਿਸ਼ ਦਾ ਹਿੱਸਾ ਨਹੀਂ ਹੈ”, ਜਦੋਂ ਕਿ ਗੋਲਡੀ ਨੇ ਕਿਹਾ ਕਿ ਪੂਰੀ ਦ੍ਰਿੜ੍ਹਤਾ ਨਾਲ ਕੈਪਟਨ ਅਮਰਿੰਦਰ ਦਾ ਸਮਰਥਨ ਕਰਦਾ ਹੈ। ਅੰਗਦ ਨੇ ਦੱਸਿਆ ਕਿ ਉਹ ਆਪਣੇ ਹਲਕੇ ਵਿੱਚ ਸਹਿਕਾਰੀ ਸਭਾਵਾਂ ਦੀਆਂ ਚੋਣਾਂ ਬਾਰੇ ਵਿਚਾਰ ਵਟਾਂਦਰੇ ਲਈ ਗਏ ਸਨ ਅਤੇ ਵੜਿੰਗ ਨੇ ਦੱਸਿਆ ਕਿ ਉਸ ਨੂੰ ਨਹੀਂ ਪਤਾ ਕਿ ਇਸ ਮੀਟਿੰਗ ਦੌਰਾਨ ਅਜਿਹੀ ਕੋਈ ਚਰਚਾ ਵੀ ਹੋਈ ਹੈ। ਭਲਾਈਪੁਰ ਅਤੇ ਕੋਟਲੀ ਨੇ ਵੀ ਇਸ ਮੀਟਿੰਗ ਵਿੱਚ ਮੁੱਖ ਮੰਤਰੀ ਦੇ ਬਦਲਣ ਬਾਰੇ ਕੋਈ ਗੱਲਬਾਤ ਹੋਣ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਅਜਿਹੀ ਮੰਗ ਦਾ ਹਿੱਸਾ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

ਇਨ੍ਹਾਂ ਸਾਰੇ ਸੱਤ ਵਿਧਾਇਕਾਂ ਨੇ ਪੰਜਾਬ ਕਾਂਗਰਸ ਦੇ ਇੱਕ ਹਿੱਸੇ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਵਿੱਚ ਬਗਾਵਤ ਛੇੜਨ ਦੀਆਂ ਕੋਸ਼ਿਸ਼ਾਂ ਦੀ ਨਿਖੇਧੀ ਕੀਤੀ, ਖਾਸ ਤੌਰ ‘ਤੇ ਜਦੋਂ ਹਾਈ ਕਮਾਂਡ ਨੇ ਪਹਿਲਾਂ ਹੀ ਸਿੱਧੂ ਅਤੇ ਕੈਪਟਨ ਅਮਰਿੰਦਰ ਵਿਚਲੇ ਮੱਤਭੇਦਾਂ ਨੂੰ ਸੁਲਝਾ ਲਿਆ ਸੀ। ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਕੁਝ ਮਹੀਨੇ ਬਾਕੀ ਹਨ ਅਤੇ ਪਾਰਟੀ ਨੂੰ ਇਕਜੁੱਟ ਹੋ ਕੇ ਕੰਮ ਕਰਨ ਦੀ ਲੋੜ ਹੈ, ਨਾ ਕਿ ਨਿੱਜੀ ਮੁਫਾਦਾਂ ਲਈ ਹੋਸ਼ੀ ਰਾਜਨੀਤੀ ਕਰਨ ਦੀ। ਉਨ੍ਹਾਂ ਨੇ ਪਾਰਟੀ ਲੀਡਰਸ਼ਿਪ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਲਈ ਤੁਰੰਤ ਕਦਮ ਚੁੱਕੇ।

Check Also

ਵਿਜੀਲੈਂਸ ਬਿਊਰੋ ਵੱਲੋਂ ਕੂੜਾ ਚੁੱਕਣ ਵਾਲੇ ਤੋਂ ਰਿਸ਼ਵਤ ਲੈਂਦਾ ਸੈਨੇਟਰੀ ਇੰਸਪੈਕਟਰ ਕਾਬੂ

ਚੰਡੀਗੜ੍ਹ: ਸੂਬੇ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਨਗਰ ਨਿਗਮ, …

Leave a Reply

Your email address will not be published. Required fields are marked *