ਖੰਨਾ: ਲੁਧਿਆਣਾ ਦੀ ਅਦਾਲਤ ਵਿਚ ਹੋਏ ਬੰਬ ਧਮਾਕੇ ਦੇ ਮਾਮਲੇ ਵਿਚ ਵੱਡਾ ਖ਼ੁਲਾਸਾ ਹੋਇਆ ਹੈ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਸ ਬੰਬ ਧਮਾਕੇ ਦਾ ਮੁੱਖ ਮੁਲਜ਼ਮ ਗਗਨਦੀਪ ਸਿੰਘ ਚਾਰ ਦਸੰਬਰ ਨੂੰ ਇਸ ਵਾਰਦਾਤ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਦੀ ਖੰਨਾ ਰੈਲੀ ਵਿਚ ਵੀ ਗਿਆ ਸੀ। ਇਸੇ ਰੈਲੀ ਵਿਚ ਗਗਨਦੀਪ ਦੀ ਮਹਿਲਾ ਪੁਲਿਸ ਮੁਲਾਜ਼ਮ ਦੋਸਤ ਕਮਲਜੀਤ ਕੌਰ ਵੀ ਤਾਇਨਾਤ ਸੀ। ਗਗਨਦੀਪ ਰੈਲੀ ਦੇ ਮੁੱਖ ਗੇਟ ਕੋਲ ਖੜ੍ਹਾ ਸੀ। ਉਹ ਕੁਝ ਪੁਲਸ ਮੁਲਾਜ਼ਮਾਂ ਨਾਲ ਵੀ ਖੜ੍ਹਾ ਨਜ਼ਰ ਆਇਆ ਸੀ।
ਅਜਿਹੇ ਖੁਲਾਸਿਆਂ ਤੋਂ ਬਾਅਦ ਪੰਜਾਬ ਪੁਲਸ ਕਿਸੇ ਵੀ ਵੀ. ਆਈ. ਪੀ. ਦੀ ਸੁਰੱਖਿਆ ਨੂੰ ਲੈ ਕੇ ਰਿਸਕ ਨਹੀਂ ਲੈਣਾ ਚਾਹੁੰਦੀ।
ਇਸੇ ਮਾਮਲੇ ਦੌਰਾਨ ਜਦੋਂ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੂੰ ਵੀ ਧਮਕੀ ਦਿੱਤੇ ਜਾਣ ਦੀ ਖ਼ਬਰ ਸਾਹਮਣੇ ਆਈ ਸੀ ਤਾਂ ਖੰਨਾ ਪੁਲਿਸ ਵਲੋਂ ਉਨ੍ਹਾਂ ਨੂੰ ਵੀ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਹਾਲਾਂਕਿ ਰਾਜੇਵਾਲ ਨੇ ਸੁਰੱਖਿਆ ਲੈਣ ਤੋ ਇਨਕਾਰ ਕਰ ਦਿੱਤਾ ਸੀ। ਸੂਤਰਾਂ ਦੀ ਮੰਨੀਏ ਤਾਂ ਰਾਜੇਵਾਲ ਦੀ ਸੁਰੱਖਿਆ ਲਈ ਸਾਦੀ ਵਰਦੀ ਵਿਚ ਸੁਰੱਖਿਆ ਤਾਇਨਾਤ ਕਰ ਦਿੱਤੀ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ ਪੰਜਾਬ ਦੇ ਸਿਆਸਤਦਾਨਾਂ ਉਪਰ ਵਿਦੇਸ਼ੀ ਤਾਕਤਾਂ ਦੀ ਨਜ਼ਰ ਹੈ। ਮਾਹੌਲ ਖਰਾਬ ਕਰਨ ਲਈ ਵਿਦੇਸ਼ਾਂ ਅੰਦਰ ਬੈਠੀਆਂ ਇਹ ਮਾੜੀਆਂ ਤਾਕਤਾਂ ਭਾਰਤ ਅਤੇ ਪੰਜਾਬ ਅੰਦਰ ਆਪਣੇ ਸਲੀਪਰ ਸੈੱਲਾਂ ਰਾਹੀਂ ਲੁਧਿਆਣਾ ਬੰਬ ਧਮਾਕੇ ਦੀ ਤਰ੍ਹਾਂ ਹੋਰ ਵੀ ਵਾਰਦਾਤਾ ਕਰਵਾ ਸਕਦੀਆਂ ਹਨ।