ਔਲਾਦ ਨਾਲ ਲਾਡ ਪਿਆਰ ਵੀ, ਰਾਹ ਸਿਰ ਦਾ ਹੀ ਚੰਗਾ ਹੁੰਦਾ ਏ!

TeamGlobalPunjab
7 Min Read

-ਸੁਬੇਗ ਸਿੰਘ;

ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਦੇ ਪਿੰਡ ਤਿਕੁਨੀਆ ਵਿੱਚ ਵਾਹਨ ਨਾਲ ਕਿਸਾਨਾਂ ਨੂੰ ਕੁਚਲਣ ਦੇ ਮਾਮਲੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਕੇਂਦਰੀ ਮੰਤਰੀ ਦੀ ਔਲਾਦ ਨੇ ਉਸ ਨੂੰ ਵਿਸ਼ਵ ਦੀਆਂ ਖਬਰਾਂ ਦਾ ਕੇਂਦਰ ਬਣਾ ਦਿੱਤਾ ਹੈ। ਧੀਆਂ-ਪੁੱਤਰ ਮਾਂ ਬਾਪ ਦਾ ਨਾਂ ਰੋਸ਼ਨ ਵੀ ਕਰਦੇ ਅਤੇ ਕਈ ਮਿੱਟੀ ਵਿੱਚ ਵੀ ਮਿਲਾ ਦਿੰਦੇ ਹਨ। ਪੇਸ਼ ਹੈ ਔਲਾਦ ਬਾਰੇ ਝਾਤ ਪੁਆਉਂਦਾ ਇਕ ਵਿਸ਼ੇਸ਼ ਲੇਖ :

ਸੰਸਾਰ ਵਿੱਚ ਅਗਰ ਕੋਈ ਕਿਸੇ ਨੂੰ ਸਭ ਤੋਂ ਜਿਆਦਾ ਲਾਡ ਪਿਆਰ ਕਰਦਾ ਹੈ ਜਾਂ ਫਿਰ ਆਪਣਾ ਆਪਾ ਕੁਰਬਾਨ ਕਰਦਾ ਹੈ, ਤਾਂ ਉਹ ਸਿਰਫ ਤੇ ਸਿਰਫ ਔਲਾਦ ਹੀ ਹੁੰਦੀ ਹੈ। ਜਿਸ ਲਈ ਹਰ ਕੋਈ ਜੀਵ ਜੰਤੂ, ਪਸ਼ੂ ਪੰਛੀ ਅਤੇ ਜਾਨਵਰ ਦੁਨੀਆਂ ਦੀ ਹਰ ਮੁਸੀਬਤ ਝੱਲ ਕੇ ਆਪਣੀ ਔਲਾਦ ਦੀ ਜਿੰਦਗੀ ਦੇ ਲਈ ਆਪਣੇ ਆਪ ਨੂੰ ਦਾਅ ‘ਤੇ ਵੀ ਲਾ ਦਿੰਦਾ ਹੈ ਅਤੇ ਔਖੇ ਵਕਤ ‘ਚ, ਆਪਣੀ ਜਾਨ ਨੂੰ ਜੋਖਮ ‘ਚ ਪਾ ਕੇ ਆਪਣੀ ਔਲਾਦ ਦੀ ਜਿੰਦਗੀ ਨੂੰ ਬਚਾਉਣ ਅਤੇ ਬਿਹਤਰ ਬਨਾਉਣ ਲਈ ਹਰ ਵਕਤ ਤਿਆਰ ਵੀ ਰਹਿੰਦਾ ਹੈ। ਇੱਥੋਂ ਤੱਕ ਕਿ, ਆਪਣੇ ਬੱਚਿਆਂ ਦੀ ਭੁੱਖ ਮਿਟਾਉਣ ਲਈ ਆਪਣੇ ਮੂੰਹ ‘ਚੋਂ ਕੱਢ ਕੇ ਆਪਣੇ ਬੱਚਿਆਂ ਦੇ ਮੂੰਹ ‘ਚ ਪਾਉਂਦਾ ਹੈ। ਇਸੇ ਨੂੰ ਤਾਂ ਮੋਹ ਦੀਆਂ ਤੰਦਾਂ ਕਹਿੰਦੇ ਹਨ। ਜਿਸਨੇ ਦੁਨੀਆਂ ਦੀ ਸਾਰੀ ਕਾਇਨਾਤ ਨੂੰ ਆਪਣੀ ਜਕੜ ਵਿੱਚ ਜਕੜਿਆ ਹੋਇਆ ਹੈ।

ਜਦੋਂ ਦੁਨੀਆਂ ਦਾ ਹਰ ਜੀਵ ਜੰਤੂ ਤੇ ਪਸ਼ੂ ਪੰਛੀ ਆਪਣੇ ਬੱਚਿਆਂ ਤੋਂ ਕੁਰਬਾਨ ਹੋਣ ਦਾ ਜਜਬਾ ਰੱਖਦਾ ਹੈ, ਤਾਂ ਫਿਰ ਇਸ ਦੌੜ ‘ਚ ਮਨੁੱਖ ਵੀ ਕਿਸੇ ਗੱਲੋਂ ਭੋਰਾ ਵੀ ਘੱਟ ਨਹੀਂ ਹੈ। ਦੁਨੀਆਂ ਦਾ ਕਿਹੜਾ ਮਾਂ ਪਿਉ ਹੈ, ਜਿਹੜਾ ਆਪਣੇ ਬੱਚਿਆਂ ਦੀ ਖੁਸ਼ੀ ਲਈ ਕਿਹੜੇ ਕਿਹੜੇ ਪਾਪੜ ਨਹੀਂ ਵੇਲਦਾ। ਇੱਥੋਂ ਤੱਕ ਕਿ ਆਪਣੀ ਔਲਾਦ ਦੀ ਖੁਸ਼ੀ ਲਈ ਹਰ ਜਾਇਜ ਤੇ ਨਜਾਇਜ਼ ਕੰਮ ਕਰਨ ਨੂੰ ਤਿਆਰ ਹੋ ਜਾਂਦਾ ਹੈ ਅਤੇ ਹਰ ਨਾਜਾਇਜ਼ ਮੰਗ ਮੰਨਣ ਨੂੰ ਵੀ ਤਿਆਰ ਹੋ ਜਾਂਦਾ ਹੈ। ਪਰ ਅਫਸੋਸ ਕਿ ਅਜੋਕੇ ਦੌਰ ਦੀ ਔਲਾਦ ਦੀਆਂ ਮੰਗਾਂ ਦੀ ਸੂਚੀ ਰੇਗਿਸਤਾਨ ‘ਚ ਮ੍ਰਿਗ ਤ੍ਰਿਸ਼ਨਾ ਦੇ ਵਾਂਗ ਕਦੇ ਖਤਮ ਨਹੀਂ ਹੁੰਦੀ। ਜੋ ਆਖਰ ਨੂੰ ਇੱਕ ਸਰਾਪ ਦੀ ਤਰ੍ਹਾਂ ਹੀ ਸਿੱਧ ਹੁੰਦੀ ਹੈ।

ਭਾਵੇਂ ਸੰਸਾਰ ਦਾ ਹਰ ਕੋਈ ਮਾਂ ਪਿਉ ਆਪਣੀ ਔਲਾਦ ਦੀ ਆਪਣੇ ਤੌਰ ‘ਤੇ ਵਧੀਆ ਤੋਂ ਵਧੀਆ ਤਰੀਕੇ ਨਾਲ ਪ੍ਰਵਿਰਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ। ਅਸਲ ਵਿੱਚ ਇਹ ਹਰ ਮਾਪੇ ਦਾ ਫਰਜ ਵੀ ਹੈ। ਔਲਾਦ ਨੂੰ ਜਨਮ ਦੇਣ ਦੇ ਨਾਲ ਹੀ ਮਾਪਿਆਂ ਦੀ ਜਿੰਮੇਵਾਰੀ ਖਤਮ ਨਹੀਂ ਹੁੰਦੀ, ਸਗੋਂ ਇਹਦੇ ਲਈ, ਔਲਾਦ ਦੀ ਬਚਪਨ ‘ਚ ਚੰਗੀ ਤਰ੍ਹਾਂ ਸਾਂਭ ਸੰਭਾਲ ਕਰਨੀ ਤੇ ਚੰਗੀ ਪ੍ਰਵਿਰਸ਼ ਕਰਨਾ ਵੀ ਸਾਮਲ ਹੁੰਦਾ ਹੈ। ਜਿਸਨੂੰ ਹਰ ਮਾਂ ਪਿਉ, ਆਪਣੀ ਵਿੱਤ ਅਤੇ ਸਮਰੱਥਾ ਦੇ ਅਨੁਸਾਰ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੈ। ਇਹ ਜਿੰਮੇਵਾਰੀ ਨਿਭਾਉਣੀ ਹਰ ਮਾਪੇ ਦਾ ਮੁੱਢਲਾ ਫਰਜ਼ ਵੀ ਹੁੰਦਾ ਹੈ।

ਮਨੁੱਖ ਨੂੰ ਛੱਡ ਕੇ, ਸੰਸਾਰ ਦੇ ਹਰ ਜੀਵ ਜੰਤੂ ਨੂੰ ਇਸ ਜਿੰਮੇਵਾਰੀ ਤੋਂ ਕਿਸੇ ਹੱਦ ਤੱਕ ਮੁਕਤ ਵੀ ਕੀਤਾ ਜਾ ਸਕਦਾ ਹੈ। ਪਰ ਮਨੁੱਖ ਨੂੰ ਸੂਝਵਾਨ ਹੋਣ ਦੇ ਸਦਕਾ ਇਹ ਜਿੰਮੇਵਾਰੀ ਨਿਭਾਉਣੀ ਹੀ ਪੈਂਦੀ ਹੈ। ਮਨੁੱਖ ਨੂੰ ਪ੍ਰਮਾਤਮਾ ਨੇ ਬੁੱਧੀ ਬਖਸ਼ੀ ਹੈ। ਇਸ ਲਈ ਆਪਣੀ ਔਲਾਦ ਦੀ ਸਹੀ ਪ੍ਰਵਿਰਸ਼ ਕਰਨ ਲਈ, ਜਿੱਥੇ ਮਨੁੱਖ ਦੀ ਸਮਾਜਿਕ ਤੇ ਨੈਤਿਕ ਜਿੰਮੇਵਾਰੀ ਬਣਦੀ ਹੈ, ਉੱਥੇ ਆਪਣੀ ਔਲਾਦ ਦਾ ਸਹੀ ਢੰਗ ਨਾਲ ਪਾਲਣ ਪੋਸ਼ਣ ਕਰਨਾ, ਮਨੁੱਖ ਦਾ ਮੁੱਢਲਾ ਫਰਜ ਵੀ ਬਣਦਾ ਹੈ।

ਪਰ ਇਹ ਫਰਜ, ਉਸ ਵਕਤ ਇੱਕ ਪਵਿੱਤਰ ਕਾਰਜ ਦੀ ਥਾਂ ਤੇ ਇੱਕ ਪਾਪ ਦਾ ਰੂਪ ਧਾਰਨ ਕਰ ਲੈਂਦਾ ਹੈ, ਜਦੋਂ ਕੋਈ ਮਾਂ ਬਾਪ,ਅੰਨ੍ਹੇਵਾਹ ਬਿਨਾਂ ਸੋਚੇ ਸਮਝੇ ਆਪਣੇ ਬੱਚਿਆਂ ਦੀ ਹਰ ਜਾਇਜ ਨਜਾਇਜ਼ ਮੰਗ ਨੂੰ ਪੂਰਾ ਕਰਨ ਲੱਗ ਪੈਂਦਾ ਹੈ। ਅਜਿਹੇ ਕੰਮ ‘ਚ, ਮਾਂ ਦਾ ਅਕਸਰ ਜਿਆਦਾ ਰੋਲ ਹੁੰਦਾ ਹੈ। ਕਈ ਵਾਰ ਤਾਂ ਮਾਵਾਂ, ਆਪਣੇ ਬੱਚਿਆਂ ਦੀ ਨਾਜਾਇਜ਼ ਲੋੜ ਨੂੰ ਪੂਰਾ ਕਰਨ ਵੇਲੇ ਪਿਉ ਤੋਂ ਵੀ ਓਹਲਾ ਰੱਖ ਲੈਂਦੀਆਂ ਹਨ। ਪਰ ਪਤਾ ਤਾਂ ਉਦੋਂ ਹੀ ਲੱਗਦਾ ਹੈ, ਜਦੋਂ ਪਾਣੀ ਸਿਰ ਤੋਂ ਦੀ ਲੰਘ ਚੁੱਕਿਆ ਹੁੰਦਾ ਹੈ। ਅਜਿਹੇ ਖੁੱਲ੍ਹੇ ਖਰਚੇ ਦੇ ਕਾਰਨ, ਬਹੁਤ ਸਾਰੇ ਬੱਚੇ ਗਲਤ ਸੰਗਤ ‘ਚ ਪੈ ਕੇ ਨਸ਼ੇ ਕਰਨ ਲੱਗ ਪੈਂਦੇ ਹਨ ਜਾਂ ਫਿਰ ਜੂਆ ਆਦਿ ਖੇਡਣ ਲੱਗ ਪੈਂਦੇ ਹਨ। ਇਹ ਤੋਂ ਇਲਾਵਾ, ਹੋਰ ਬਹੁਤ ਸਾਰੀਆਂ ਬੁਰਾਈਆਂ ਹਨ, ਜਿਹੜੀਆਂ ਖੁੱਲ੍ਹਾ ਖਰਚਾ ਮਿਲਣ ਦੇ ਕਾਰਨ, ਬੱਚੇ ਸਹੇੜ ਲੈਂਦੇ ਹਨ। ਜਿਨ੍ਹਾਂ ਦੇ ਨਤੀਜੇ ਆਉਣ ਵਾਲੇ ਸਮੇਂ ‘ਚ ਬੁਰੇ ਹੀ ਨਿਕਲਦੇ ਹਨ।

ਭਾਵੇਂ ਆਪਣੀ ਔਲਾਦ ਦੀ ਹਰ ਖੁਸ਼ੀ ਨੂੰ ਪੂਰੀ ਕਰਨਾ ਅਤੇ ਉਹਨੂੰ ਲਾਡ ਪਿਆਰ ਕਰਨਾ, ਹਰ ਮਾਂ ਪਿਉ ਦਾ ਮੁੱਢਲਾ ਫਰਜ ਹੁੰਦਾ ਹੈ। ਪਰ ਬੱਚੇ ਦੀ ਹਰ ਨਾਜਾਇਜ਼ ਮੰਗ ਨੂੰ ਪੂਰੀ ਕਰਨਾ ਵੀ, ਕੋਈ ਜਿਆਦਾ ਸਿਆਣਪ ਨਹੀਂ ਹੁੰਦੀ। ਸਗੋਂ ਇਹ ਤਾਂ ਬੱਚੇ ਦੀ ਜਿੰਦਗੀ ਨਾਲ ਇੱਕ ਤਰ੍ਹਾਂ ਦਾ ਖਿਲਵਾੜ ਹੀ ਹੁੰਦਾ ਹੈ।ਵਿਹਲਾ ਰਹਿ ਕੇ, ਉਹਦੀ ਹਰ ਮੰਗ ਪੂਰੀ ਹੋਣ ਨਾਲ ਬੱਚਾ ਨਿਖੱਟੂ ਤੇ ਬੇਪ੍ਰਵਾਹ ਹੋ ਜਾਂਦਾ ਹੈ। ਇਸ ਤਰ੍ਹਾਂ ਬੱਚਾ ਆਪਣੀਆਂ ਜਿੰਮੇਵਾਰੀਆਂ ਤੋਂ ਵੀ ਮੂੰਹ ਮੋੜ ਲੈਂਦਾ ਹੈ। ਜਿਸ ਕਾਰਨ ਬੱਚੇ ਦੀ ਜਿੰਦਗੀ ਤਾਂ ਨਰਕ ਬਣਦੀ ਹੀ ਹੈ,ਸਗੋਂ ਮਾਪਿਆਂ ਦਾ ਜੀਣਾ ਵੀ ਦੁੱਭਰ ਹੋ ਜਾਂਦਾ ਹੈ।

ਮੁੱਕਦੀ ਗੱਲ ਤਾਂ ਇਹ ਹੈ,ਕਿ ਆਪਣੀ ਔਲਾਦ ਨੂੰ ਲਾਡ ਪਿਆਰ ਕਰਨਾ ਕੋਈ ਗੁਨਾਹ ਨਹੀਂ ਹੁੰਦਾ।ਪਰ ਲੋੜ ਤੋਂ ਜਿਆਦਾ ਕੀਤਾ ਗਿਆ ਲਾਡ ਪਿਆਰ, ਬੱਚੇ ਦੀ ਜਿੰਦਗੀ ਨੂੰ ਤਬਾਹ ਕਰ ਦਿੰਦਾ ਹੈ। ਸੋ ਇਸ ਮੋਹ ਪਿਆਰ ਦੇ ਚੱਕਰ ਨੂੰ ਕਿਸੇ ਹੱਦ ਤੱਕ ਸੀਮਤ ਰੱਖਕੇ ਬੱਚੇ ਦੀ ਸਹੀ ਪ੍ਰਵਿਰਸ਼ ਕਰਨ ਨਾਲ ਔਲਾਦ ਅਤੇ ਮਾਪਿਆਂ, ਦੋਵਾਂ ਦਾ ਹੀ ਭਲਾ ਹੁੰਦਾ ਹੈ। ਆਪਣੀ ਔਲਾਦ ਲਈ ਬੇਸੁਮਾਰ ਧਨ ਦੌਲਤ ਇਕੱਠੀ ਕਰੀ ਜਾਣਾ ਕੋਈ ਵਧੀਆ ਰੁਝਾਨ ਵੀ ਤਾਂ ਨਹੀਂ ਹੈ, ਸਗੋਂ ਬੱਚੇ ਨੂੰ ਆਤਮ ਨਿਰਭਰ ਬਨਾਉਣਾ ਅਤੇ ਉਸਨੂੰ ਪਹਿਲ ਦੇ ਅਧਾਰ ਤੇ ਚੰਗੇ ਸੰਸਕਾਰ ਦੇਣਾ ਹੀ ਔਲਾਦ ਦੀ ਜਿੰਦਗੀ ਨੂੰ ਬਿਹਤਰ ਬਨਾਉਣ ਚ ਸਹਾਈ ਹੁੰਦਾ ਹੈ। ਸਿਆਣੀ ਔਲਾਦ, ਆਪਣੇ ਜੋਗੀ ਧਨ ਦੌਲਤ ਤਾਂ ਆਪਣੇ ਆਪ ਵੀ ਕਮਾ ਲਵੇਗੀ ਅਤੇ ਵਿਗੜੀ ਹੋਈ ਔਲਾਦ ਤੁਹਾਡੀ ਧਨ ਦੌਲਤ ਨੂੰ ਵੀ ਬੇਕਾਰ ਹੀ ‘ਚ ਗਵਾ ਦੇਵੇਗੀ।

ਅਸਲ ਵਿੱਚ ਚੰਗੇ ਸੰਸਕਾਰਾਂ ਦੀ ਪੂੰਜੀ ਹੀ ਅਸਲੀ ਪੂੰਜੀ ਹੁੰਦੀ ਹੈ, ਜਿਹੜੀ ਸਾਰੀ ਉਮਰ ਔਲਾਦ ਦੇ ਕੰਮ ਆਉਂਦੀ ਹੈ। ਪਰ ਅਜੋਕੇ ਦੌਰ ਦੇ ਮਾਪੇ, ਇਨ੍ਹਾਂ ਸੰਸਕਾਰਾਂ ਦੀ ਪੂੰਜੀ ਨੂੰ ਛੱਡ ਕੇ, ਸਿਰਫ ਧਨ ਦੌਲਤ ਦੀ ਪੂੰਜੀ ਹੀ ਬੱਚਿਆਂ ਦੀ ਝੋਲੀ ‘ਚ ਪਾਉਣ ਚ ਲੱਗੇ ਹੋਏ ਹਨ। ਜਿਹੜੀ ਕਿ ਅਜੋਕੇ ਦੌਰ ‘ਚ ਹਰ ਮਾਪੇ ਤੇ ਔਲਾਦ ਲਈ ਇੱਕ ਭਿਆਨਕ ਬੀਮਾਰੀ ਦਾ ਰੂਪ ਧਾਰਨ ਕਰ ਚੁੱਕੀ ਹੈ ਅਤੇ ਸਾਡੇ ਦੁੱਖਾਂ ਦਾ ਮੁੱਖ ਕਾਰਨ ਬਣੀ ਹੋਈ ਹੈ।

ਸੰਪਰਕ: 93169 10402

Share This Article
Leave a Comment