ਚੰਡੀਗੜ੍ਹ: ਪੰਜਾਬ ਦਾ ਮਾਝਾ ਖੇਤਰ ਇਸ ਵੇਲੇ ਭਿਆਨਕ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ, ਜਿਸ ਨੇ ਹਜ਼ਾਰਾਂ ਪਰਿਵਾਰਾਂ ਨੂੰ ਬੇਘਰ ਕਰ ਦਿੱਤਾ ਹੈ। ਇਹ ਪਰਿਵਾਰ ਭੁੱਖ, ਬੀਮਾਰੀ ਅਤੇ ਬੇਸਹਾਰਾ ਜੀਵਨ ਨਾਲ ਜੂਝ ਰਹੇ ਹਨ। ਪਰ ਦੂਜੇ ਪਾਸੇ, ਕੁਝ ਅਸਮਾਜਿਕ ਤੱਤ ਇਸ ਤ੍ਰਾਸਦੀ ਨੂੰ ਕਮਾਈ ਦਾ ਜ਼ਰੀਆ ਬਣਾ ਰਹੇ ਹਨ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੌਮਾ ਨੇ ਇੱਕ ਦੁਖਦਾਈ ਦ੍ਰਿਸ਼ ਸਾਂਝਾ ਕੀਤਾ, ਜੋ ਉਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਦੇਖਿਆ ਅਤੇ ਕੈਮਰੇ ’ਚ ਕੈਦ ਕੀਤਾ। ਉਨ੍ਹਾਂ ਦੱਸਿਆ ਕਿ ਅਜਨਾਲਾ-ਰਮਦਾਸ ਰੋਡ ’ਤੇ ਦਿਨ-ਦਿਹਾੜੇ ਲੁਟੇਰਿਆਂ ਦੇ ਗਿਰੋਹ ਖੁੱਲ੍ਹੇਆਮ ਦਾਨੀ ਸੱਜਣਾਂ ਵੱਲੋਂ ਲਿਆਂਦੀ ਰਾਹਤ ਸਮੱਗਰੀ ਲੁੱਟ ਰਹੇ ਹਨ।
ਦਾਨੀ ਸੱਜਣਾਂ ਦੀਆਂ ਗੱਡੀਆਂ ਰੋਕ ਕੇ ਰਾਹਤ ਸਮੱਗਰੀ ਦੀਆਂ ਬੋਰੀਆਂ ਖੋਹੀਆਂ ਜਾ ਰਹੀਆਂ ਹਨ, ਅਤੇ ਫਿਰ ਇਸ ਸਭ ਦਾ ਦੋਸ਼ ਹੜ੍ਹ ਪੀੜਤਾਂ ਅਤੇ ਮਾਝੇ ਦੀ ਜਨਤਾ ’ਤੇ ਮੜ੍ਹਿਆ ਜਾ ਰਿਹਾ ਹੈ।
ਭੌਮਾ ਦਾ ਦਰਦ: ਪੀੜਤਾਂ ਤੱਕ ਨਹੀਂ ਪਹੁੰਚ ਰਹੀ ਸਹਾਇਤਾ
ਮਨਜੀਤ ਸਿੰਘ ਭੌਮਾ ਨੇ ਕਿਹਾ ਕਿ ਅਸਲ ਹੜ੍ਹ ਪੀੜਤ ਭੁੱਖੇ-ਪਿਆਸੇ, ਬਿਨਾਂ ਛੱਤ ਦੇ ਜੀਵਨ ਕੱਟ ਰਹੇ ਹਨ। ਪਰ ਉਨ੍ਹਾਂ ਦੀ ਬਦਨਾਮੀ ਕਰਨ ਲਈ ਇਹ ਸਭ ਸੁਚੇਤ ਢੰਗ ਨਾਲ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨ ਦੀ ਬੇਰੁਖੀ ਨੇ ਸਥਿਤੀ ਨੂੰ ਹੋਰ ਗੰਭੀਰ ਕਰ ਦਿੱਤਾ ਹੈ। ਹੁਣ ਤੱਕ ਕਿਸੇ ਵੀ ਜ਼ਿੰਮੇਵਾਰ ਵਿਭਾਗ ਨੇ ਲੁਟੇਰਿਆਂ ਵਿਰੁੱਧ ਸਖ਼ਤ ਕਾਰਵਾਈ ਨਹੀਂ ਕੀਤੀ।
ਉਨ੍ਹਾਂ ਨੇ ਕਿਹਾ ਕਿ ਇਹ ਦ੍ਰਿਸ਼ ਦਿਲ ਨੂੰ ਦਹਿਲਾਉਣ ਵਾਲੇ ਹਨ। ਜਿਨ੍ਹਾਂ ਹੱਥਾਂ ’ਚ ਅੱਜ ਸਹਾਇਤਾ ਪਹੁੰਚਣੀ ਚਾਹੀਦੀ ਸੀ, ਉਹ ਹੱਥ ਖਾਲੀ ਹਨ। ਭੁੱਖੇ ਬੱਚੇ, ਬਜ਼ੁਰਗ ਅਤੇ ਔਰਤਾਂ ਉਮੀਦ ਨਾਲ ਬੈਠੇ ਹਨ ਕਿ ਕੋਈ ਉਨ੍ਹਾਂ ਦਾ ਦੁੱਖ ਸੁਣੇਗਾ। ਪਰ ਰਾਹਤ ਸਮੱਗਰੀ ਪੀੜਤਾਂ ਤੱਕ ਪਹੁੰਚਣ ਤੋਂ ਪਹਿਲਾਂ ਹੀ ਰਸਤੇ ’ਚ ਲੁੱਟੀ ਜਾ ਰਹੀ ਹੈ।
ਦੋਸ਼ੀਆਂ ’ਤੇ ਕਾਰਵਾਈ ਦੀ ਮੰਗ
ਭੌਮਾ ਨੇ ਜ਼ੋਰ ਦੇ ਕੇ ਕਿਹਾ ਕਿ ਮਾਝੇ ਅਤੇ ਹੜ੍ਹ ਪੀੜਤਾਂ ਦੀ ਇੱਜ਼ਤ ਬਚਾਉਣ ਲਈ ਪ੍ਰਸ਼ਾਸਨ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਅਜਿਹੇ ਲੁਟੇਰਿਆਂ ਨੂੰ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ। ਨਹੀਂ ਤਾਂ ਇਤਿਹਾਸ ਇਸ ਗੱਲ ਦਾ ਗਵਾਹ ਰਹੇਗਾ ਕਿ ਜਦੋਂ ਪੰਜਾਬ ਦਾ ਇੱਕ ਹਿੱਸਾ ਹੜ੍ਹਾਂ ’ਚ ਡੁੱਬ ਰਿਹਾ ਸੀ, ਕੁਝ ਲੋਕ ਰਾਹਤ ਦੇ ਨਾਂ ’ਤੇ ਲੁੱਟ ’ਚ ਲੱਗੇ ਸਨ ਅਤੇ ਸਰਕਾਰ ਚੁੱਪ-ਚਾਪ ਦੇਖਦੀ ਰਹੀ।