ਚੰਡੀਗੜ੍ਹ: ਇਥੋਂ ਦੇ ਸੈਕਟਰ 61 ‘ਚ ਅੱਜ ਦਿਨ ਦਿਹਾੜੇ ਬੈਂਕ ‘ਚੋਂ 10 ਲੱਖ ਰੁਪਏ ਦੀ ਨਕਦੀ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਦੇਖੀ ਜਾ ਰਹੀ ਹੈ ਤਾਂ ਕਿ ਲੁਟੇਰੇ ਦਾ ਕੋਈ ਸੁਰਾਗ ਮਿਲ ਸਕੇ। ਦੱਸਣਯੋਗ ਹੈ ਕਿ ਇਹ ਬੈਂਕ ਪੁਲੀਸ ਚੌਕੀ ਦੇ ਬਿਲਕੁਲ ਨਾਲ ਲੱਗਦਾ ਸੀ। ਬਾਵਜੂਦ ਇਸ ਦੇ ਲੁਟੇਰੇ ਵਾਰਦਾਤ ਨੂੰ ਅੰਜਾਮ ਦੇਣ ‘ਚ ਕਾਮਯਾਬ ਰਹੇ।
ਇਹ ਘਟਨਾ ਅੱਜ ਸਵੇਰ ਦੀ ਹੈ ਸੈਕਟਰ 61 ਸਥਿਤ ਸਟੇਟ ਕੋ-ਆਪ੍ਰੇਟਿਵ ਬੈਂਕ ਖੁੱਲ੍ਹਣ ਤੋਂ ਬਾਅਦ ਇਕ ਨਕਾਬਪੋਸ਼ ਬੈਂਕ ਵਿੱਚ ਦਾਖ਼ਲ ਹੋ ਗਿਆ ਅਤੇ ਗੰਨ ਪੁਆਇੰਟ ‘ਤੇ 10 ਲੱਖ ਰੁਪਏ ਦੀ ਲੁੱਟ ਕਰ ਕੇ ਮੌਕੇ ਤੋਂ ਫ਼ਰਾਰ ਹੋ ਗਿਆ।
ਮਿਲੀ ਜਾਣਕਾਰੀ ਮੁਤਾਬਕ ਬੈਂਕ ‘ਚ ਦਾਖ਼ਲ ਹੋਣ ਤੋਂ ਬਾਅਦ ਨਕਾਬਪੋਸ਼ ਨੇ ਕਰਮਚਾਰੀਆਂ ਨੂੰ ਦੱਸਿਆ ਕਿ ਉਹ ਆਪਣੇ ਬੈਂਕ ਅਕਾਊਂਟ ਦੀ ਜਾਣਕਾਰੀ ਲੈਣ ਆਇਆ ਹੈ। ਇਸ ਦੌਰਾਨ ਉਸਨੇ ਕਰਮਚਾਰੀਆਂ ਨੂੰ ਬੰਦੂਕ ਦਿਖਾ ਕੇ ਪੈਸਿਆਂ ਦੀ ਮੰਗ ਕੀਤੀ ਜਿਸ ਤੋਂ ਬਾਅਦ ਸਟਾਫ ਨੇ ਡਰਦਿਆਂ ਉਸ ਨੂੰ ਪੈਸਿਆਂ ਨਾਲ ਭਰਿਆ ਇਕ ਬੈਗ ਦੇ ਦਿੱਤਾ ਜਿਸ ਵਿੱਚ ਲਗਭਗ 10 ਲੱਖ ਰੁਪਏ ਸਨ।