‘ਇਨਕਲਾਬ ਜ਼ਿੰਦਾਬਾਦ- ਸਾਮਰਾਜਵਾਦ ਮੁਰਦਾਬਾਦ’ ਦਾ ਨਾਅਰਾ ਘੜਣ ਵਾਲੇ – ਸ਼ਹੀਦ ਭਗਵਤੀ ਚਰਨ ਵੋਹਰਾ

TeamGlobalPunjab
3 Min Read

-ਅਵਤਾਰ ਸਿੰਘ

 

ਭਗਵਤੀ ਚਰਨ ਵੋਹਰਾ ਇੱਕ ਅਮੀਰ ਘਰ ਵਿੱਚ ਜੰਮ ਕੇ ਵੀ ਆਪਣੀ ਜ਼ਿੰਦਗੀ ਕਿਰਤੀ ਲੋਕਾਂ ਦੇ ਨਾਮ ਲਾਉਣ ਵਾਲ਼ੇ ਯੋਧੇ ਸਨ। ਭਗਵਤੀ ਚਰਨ ਵੋਹਰਾ ਦਾ ਜਨਮ 4 ਜੁਲਾਈ 1904 ਨੂੰ ਲਾਹੌਰ ਵਿੱਚ ਹੋਇਆ। ਪਾਰਟੀ ਵਿੱਚ ਸਰਗਰਮ ਦੁਰਗਾ ਦੇਵੀ (ਭਾਬੀ) ਉਨ੍ਹਾਂ ਦੀ ਜੀਵਨ ਸਾਥਣ ਤੇ ਬੱਚਾ ਸਚਿੰਦਰ ਵੋਹਰਾ ਸੀ।

1921-23 ਵਿੱਚ ਸ਼ਹੀਦ ਭਗਤ ਸਿੰਘ, ਸੁਖਦੇਵ ਤੇ ਭਗਵਤੀ ਚਰਨ ਵੋਹਰਾ ਨੈਸ਼ਨਲ ਲਾਹੌਰ ਕਾਲਜ ਦੇ ਵਿਦਿਆਰਥੀ ਸਨ। ਇਹ ਸਾਰੇ ਹੋਸਟਲ ਵਿੱਚ ਰਹਿੰਦੇ ਸਨ। ਵੋਹਰਾ ਆਪਣੀ ਪਤਨੀ ਦੁਰਗਾ ਨਾਲ ਹਵੇਲੀਨੁਮਾ ਕੋਠੀ ਵਿੱਚ ਰਹਿੰਦਾ ਸੀ। ਹੌਲੀ ਹੌਲੀ ਵੇਖਦੇ ਵੇਖਦੇ ਉਹ ਕੋਠੀ ਨੌਜਵਾਨਾਂ, ਇਨਕਲਾਬੀਆਂ, ਸਾਹਿਤਕਾਰਾਂ ਤੇ ਕਲਾਕਾਰਾਂ ਦਾ ਖੁੱਲੀ ਠਹਿਰ ਬਣ ਗਈ।

ਫਰਾਖਦਿਲੀ ਭਗਵਤੀ ਦੀ ਤੇ ਅਣਥੱਕ ਦੁਰਗਾ ਭਾਬੀ ਦੇ ਸਹਿਯੋਗ ਨਾਲ ਲੰਗਰ ਚਲਦਾ ਰਹਿੰਦਾ। ਉਨ੍ਹਾਂ ਦਿਨਾਂ ਵਿੱਚ ਮਹਾਤਮਾ ਗਾਂਧੀ ਦੀ ਰਾਜਸੀ ਖੇਤਰ ਵਿੱਚ ਚੜ੍ਹਤ ਸੀ। ਇਹ ਸਾਰੇ ਉਨ੍ਹਾਂ ਦੇ ਪੈਰੋਕਾਰ ਸਨ। ਉਨ੍ਹਾਂ ਦੇ ਸੱਦੇ ‘ਤੇ ਹੀ ਰਵਾਇਤੀ ਕਾਲਜ ਤਿਆਗ ਕੇ ਨੈਸ਼ਨਲ ਕਾਲਜ ਲਾਹੌਰ ਵਿੱਚ ਦਾਖਲ ਹੋਏ ਸਨ।ਪਰ ਜਦੋਂ 1922 ਵਿੱਚ ਚੌਰਾ ਚੌਰੀ ਯੂ ਪੀ ਅੰਦੋਲਨ ਵਿਚੋਂ ਹੀ ਗਾਂਧੀ ਨੇ ਇਕਤਰਫਾ ਫੈਸਲਾ ਲੈ ਕੇ ਵਾਪਸ ਲੈ ਲਿਆ ਤਾਂ ਇਹ ਸਾਰੇ ਘੋਰ ਨਿਰਾਸ਼ਾ ਵਿੱਚ ਡੁੱਬ ਗਏ।

ਦੋ ਸਾਲ ਬਾਅਦ ਯੂ ਪੀ ਵਿੱਚ ‘ਹਿੰਦੋਸਤਾਨ ਰੀਪਬਲਿਕਨ ਐਸੋਸੀਏਸ਼ਨ’ ਬਣੀ ਤਾਂ ਇਹ ਸਾਰੇ ਮੁੜ ਸਰਗਰਮ ਹੋ ਗਏ। ਜਥੇਬੰਦੀ ‘ਚ ਉਹ ਸਿਆਸੀ ਲੇਖਣ, ਵਿਗਿਆਨਕ ਸੂਝ ਦੇ ਮਾਮਲੇ ਵਿੱਚ ਆਗੂਆਂ ਵਿੱਚ ਸ਼ਾਮਿਲ ਸਨ।

ਜਥੇਬੰਦੀ ਦੇ ਅਹਿਮ ਸਿਆਸੀ ਲੇਖਣ ਤੇ ਜਥੇਬੰਦਕ ਕੰਮਾਂ ਵਿੱਚ ਉਹਨਾਂ ਦੀ ਅਹਿਮ ਭੂਮਿਕਾ ਸੀ। ‘ਨੌਜਵਾਨ ਭਾਰਤ ਸਭਾ’ ਦੇ ਐਲਾਨਨਾਮੇ ਦਾ ਮੂਲ ਦਸਤਾਵੇਜ ਭਗਵਤੀ ਚਰਨ ਨੇ ਹੀ ਲਿਖਿਆ ਸੀ। ਵਾਇਸਰਾਏ ਦੀ ਰੇਲ ‘ਤੇ ਬੰਬ ਹਮਲੇ ਤੋਂ ਬਾਅਦ ਗਾਂਧੀ ਵੱਲੋਂ ਇਨਕਲਾਬੀਆਂ ਨੂੰ ਨਿੰਦੇ ਜਾਣ ਦਾ ਜਵਾਬ ਵੀ ਭਗਵਤੀ ਚਰਨ ਨੇ ਹੀ “ਬੰਬ ਦਾ ਫ਼ਲਸਫ਼ਾ” ਲਿਖ ਕੇ ਦਿੱਤਾ।

ਇਹ ਲਿਖਤ ਵੀ ਸਿਧਾਂਤਕ ਪੱਖ ਤੋਂ ਬਹੁਤ ਅਹਿਮ ਹੈ। ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਅਸੈਂਬਲੀ ਬੰਬ ਕਾਂਡ ਵਿੱਚ ਭਗਤ ਸਿੰਘ ਅਤੇ ਬੁਟਕੇਸ਼ਵਰ ਦੱਤ ਦੁਆਰਾ ‘ਇਨਕਲਾਬ ਜ਼ਿੰਦਾਬਾਦ- ਸਾਮਰਾਜਵਾਦ ਮੁਰਦਾਬਾਦ’ ਦਾ ਜੋ ਨਾਅਰਾ ਲਾਇਆ ਗਿਆ ਸੀ ਉਹ ਸਾਥੀ ਭਗਵਤੀ ਚਰਨ ਵੱਲੋਂ ਹੀ ਘੜਿਆ ਗਿਆ ਸੀ।

ਇਸੇ ਲਈ ਹੀ ਤਾਂ ਉਹਨਾਂ ਦੇ ਇਨਕਲਾਬੀ ਸਾਥੀ ਸ਼ਿਵ ਵਰਮਾ ਨੇ ਆਪਣੀਆਂ ਯਾਦਾਂ ਵਿੱਚ ਲਿਖਿਆ ਸੀ “ਵਿਗਿਆਨਕ ਨਜ਼ਰੀਏ ਅਤੇ ਸਮਾਜਿਕ ਵਿਗਿਆਨ ਦੀ ਡੂੰਘੀ ਸਮਝ ਦੇ ਮਾਮਲੇ ਵਿੱਚ ਭਗਤ ਸਿੰਘ ਅਤੇ ਵੋਹਰਾ ਦੀ ਬੌਧਿਕ ਸੂਝ ਇੱਕੋ ਜਿਹੀ ਸੀ।” 28 ਮਈ,1930 ਨੂੰ ਬੰਬ ਪ੍ਰੀਖਣ ਕਰਦੇ ਹੋਏ ਇਨਕਲਾਬ ਦਾ ਇਹ ਜੁਝਾਰੂ ਯੋਧਾ ਰਾਵੀ ਦੇ ਕੰਢੇ ‘ਤੇ ਲਾਹੌਰ ਵਿਚ ਸ਼ਹੀਦ ਹੋ ਗਿਆ ਸੀ। ਉਹਨਾਂ ਦੀ ਬਰਸੀ ਮੌਕੇ ਉਸ ਯੋਧੇ ਨੂੰ ਸਲਾਮ।

ਸੰਪਰਕ : 78889-73676

Share This Article
Leave a Comment