ਕੋਰੋਨਾ : ਰਾਸ਼ਟਰਪਤੀ ਭਵਨ ਤੋਂ ਬਾਅਦ ਵਾਇਰਸ ਨੇ ਹੁਣ ਲੋਕ ਸਭਾ ਸਕੱਤਰੇਤ ‘ਚ ਦਿੱਤੀ ਦਸਤਕ

TeamGlobalPunjab
2 Min Read

ਨਵੀਂ ਦਿੱਲੀ : ਦੇਸ਼ ਵਿਚ ਕੋਰੋਨਾ ਵਾਇਰਸ ਦੇ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਕੋਰੋਨਾ ਨੇ ਦਿੱਲੀ ਸਥਿਤ ਰਾਸ਼ਟਰਪਤੀ ਭਵਨ ਤੋਂ ਬਾਅਦ ਹੁਣ ਲੋਕ ਸਭਾ ਸਕੱਤਰੇਤ ਵਿੱਚ ਦਸਤਕ ਦੇ ਦਿੱਤੀ ਹੈ। ਲੋਕ ਸਭਾ ਸਕੱਤਰੇਤ ਵਿੱਚ ਕੰਮ ਕਰ ਰਹੇ ਇੱਕ ਕਰਮਚਾਰੀ ਦੀ ਕੋਵਿਡ-19 ਦੀ ਰਿਪੋਰਟ ਪਾਜ਼ਿਟਿਵ ਪਾਈ ਗਈ ਹੈ। ਇਹ ਕਰਮਚਾਰੀ ਲੋਕ ਸਭਾ ਸਕੱਤਰੇਤ ਦੇ ਹਾਊਸ ਕੀਪਿੰਗ ਵਿਭਾਗ ‘ਚ ਕੰਮ ਕਰਦਾ ਹੈ। ਮਿਲੀ ਜਾਣਕਾਰੀ ਅਨੁਸਾਰ ਉਕਤ ਕਰਮਚਾਰੀ 10 ਦਿਨ ਪਹਿਲਾਂ ਬਿਮਾਰ ਹੋਇਆ ਸੀ। ਖਾਂਸੀ, ਬੁਖਾਰ ਅਤੇ ਸਰੀਰ ‘ਚ ਦਰਦ ਜਿਹੇ ਲੱਛਣ ਦਿਖਣ ਤੋਂ ਬਾਅਦ 18 ਅਪ੍ਰੈਲ ਨੂੰ ਉਕਤ ਕਰਮਚਾਰੀ ਰਾਮ ਮਨੋਹਰ ਲੋਹੀਆ ਹਸਪਤਾਲ ਜਾਂਚ ਲਈ ਗਿਆ ਸੀ ਜਿੱਥੇ ਉਸ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਪਾਈ ਗਈ ਸੀ।

ਇਸ ਤੋਂ ਪਹਿਲਾਂ ਰਾਸ਼ਟਰਪਤੀ ਭਵਨ ‘ਚ ਕੋਰੋਨਾ ਵਾਇਰਸ ਦਾ ਇਕ ਮਾਮਲਾ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਸਿਹਤ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 125 ਪਰਿਵਾਰਾਂ ਨੂੰ ਸਾਵਧਾਨੀ ਦੇ ਤੌਰ ‘ਤੇ ਕੁਆਰੰਟੀਨ ਰਹਿਣ ਦੀ ਸਲਾਹ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਰਾਸ਼ਟਰਪਤੀ ਭਵਨ ਵਿੱਚ ਆਪਣੇ ਪਰਿਵਾਰ ਨਾਲ ਰਹਿਣ ਵਾਲੀ ਮਹਿਲਾ ਦੀ ਰਿਪੋਰਟ ਪਾਜ਼ਿਟਿਵ ਆਈ ਹੈ। ਪਰੇਸ਼ਾਨੀ ਦੀ ਗੱਲ ਇਹ ਹੈ ਕਿ ਮਹਿਲਾ ਦਾ ਪਤੀ ਰਾਸ਼ਟਰਪਤੀ ਭਵਨ ਵਿੱਚ ਕੰਮ ਕਰਨ ਵਾਲੇ ਅੰਡਰ ਸੇਕਰੇਟਰੀ ਪੱਧਰ ਦੇ ਆਈਏਐਸ ਅਧਿਕਾਰੀ ਦੇ ਦਫਤਰ ਵਿੱਚ ਕੰਮ ਕਰਦਾ ਸੀ। ਵਿਅਕਤੀ ਦੇ ਪਰਿਵਾਰ ਨੂੰ ਵੀ ਨੇੜ੍ਹੇ ਦੇ ਬਿੜਲਾ ਮੰਦਰ ਪਰਿਸਰ ਦੇ ਕਰੀਬ ਕੁਆਰੰਟੀਨ ਸੈਂਟਰ ‘ਚ ਭੇਜ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੀੜਤ ਔਰਤ ਅਤੇ ਪਰਿਵਾਰ ਹਾਲ ਹੀ ਵਿੱਚ ਪਿੰਡ ਵਿੱਚ ਇੱਕ ਅੰਤਮ ਸੰਸਕਾਰ ਵਿੱਚ ਸ਼ਾਮਲ ਹੋਏ ਸਨ। ਪੀੜਤ ਲੜਕੀ ਦੀ ਮਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਸੀ।

ਜ਼ਿਕਰਯੋਗ ਹੈ ਕਿ ਦੇਸ਼ ਵਿਚ ਹੁਣ ਤੱਕ ਕੋਰੋਨਾ ਦੇ 18 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਵਾਇਰਸ ਨਾਲ ਲਗਭਗ 590 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ 3251 ਲੋਕ ਇਲਾਜ ਤੋਂ ਬਾਅਦ ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਹਨ। ਵਿਸ਼ਵ ਪੱਧਰ ‘ਤੇ ਕੋਰੋਨਾ ਨਾਲ ਹੁਣ ਤੱਕ 1 ਲੱਖ 71 ਹਜ਼ਾਰ ਲੋਕਾਂ ਦੀ ਮੌਤ ਹੋ ਗਈ ਹੈ ਤੇ 24 ਲੱਖ ਤੋਂ ਵੱਧ ਲੋਕ ਇਸ ਵਾਇਰਸ ਦੀ ਲਪੇਟ ‘ਚ ਹਨ। ਅਮਰੀਕਾ ‘ਚ ਵਾਇਰਸ ਨਾਲ ਸਭ ਤੋਂ ਵੱਧ 42 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।

Share this Article
Leave a comment